ਉੱਤਰੀ ਭਾਰਤ ਵਿੱਚ ਕੜਾਕੇ ਦੀ ਠੰਢ ਜਾਰੀ ਹੈ। ਭਾਰੀ ਧੁੰਦ ਵੀ ਹੈ। ਸੋਮਵਾਰ ਨੂੰ ਦਿੱਲੀ ‘ਚ ਸੰਘਣੀ ਧੁੰਦ ਛਾਈ ਰਹੀ। ਘੱਟ ਵਿਜ਼ੀਬਿਲਟੀ ਕਾਰਨ 400 ਤੋਂ ਵੱਧ ਉਡਾਣਾਂ ਲੇਟ ਹੋਈਆਂ। ਹਾਲਾਂਕਿ ਇਕ ਵੀ ਫਲਾਈਟ ਨੂੰ ਡਾਇਵਰਟ ਨਹੀਂ ਕੀਤਾ ਗਿਆ।
ਦਿੱਲੀ ਦਾ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ (IGI) ਹਰ ਰੋਜ਼ 1300 ਉਡਾਣਾਂ ਦਾ ਪ੍ਰਬੰਧਨ ਕਰਦਾ ਹੈ। ਏਅਰਲਾਈਨ ਕੰਪਨੀ ਸਪਾਈਸਜੈੱਟ ਮੁਤਾਬਕ ਸੋਮਵਾਰ ਨੂੰ ਵੀ ਦਿੱਲੀ, ਸ਼੍ਰੀਨਗਰ, ਵਾਰਾਣਸੀ ਅੰਮ੍ਰਿਤਸਰ ਅਤੇ ਜੰਮੂ ਹਵਾਈ ਅੱਡਿਆਂ ‘ਤੇ ਸਪਾਈਸਜੈੱਟ ਦੀਆਂ ਉਡਾਣਾਂ ‘ਚ ਦੇਰੀ ਹੋ ਸਕਦੀ ਹੈ।
ਜੰਮੂ-ਕਸ਼ਮੀਰ ਦੇ ਗੁਲਮਰਗ ਅਤੇ ਸੋਨਮਰਗ ‘ਚ ਸੋਮਵਾਰ ਨੂੰ ਕਰੀਬ 2 ਫੁੱਟ ਤੱਕ ਭਾਰੀ ਬਰਫਬਾਰੀ ਹੋਈ। ਪਰ ਸੋਮਵਾਰ ਦੁਪਹਿਰ ਤੋਂ ਬਾਅਦ ਕਸ਼ਮੀਰ ਘਾਟੀ ਵਿੱਚ ਬਰਫ਼ਬਾਰੀ ਨਹੀਂ ਹੋਈ। ਮੁਗਲ ਰੋਡ, ਸ਼੍ਰੀਨਗਰ-ਲੇਹ ਰੋਡ, ਸੇਮਥਾਨ-ਕਿਸ਼ਤਵਾੜ ਰੋਡ ਅਤੇ ਗੁਰੇਜ਼ ਹਾਈਵੇਅ ਬੰਦ ਰਹੇ।
ਖਰਾਬ ਮੌਸਮ ਕਾਰਨ ਸ਼੍ਰੀਨਗਰ ਹਵਾਈ ਅੱਡੇ ‘ਤੇ 10 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਮੌਸਮ ਵਿਭਾਗ ਮੁਤਾਬਕ 10 ਜਨਵਰੀ ਤੱਕ ਬਰਫਬਾਰੀ ਦੀ ਕੋਈ ਸੰਭਾਵਨਾ ਨਹੀਂ ਹੈ। ਸੋਮਵਾਰ ਨੂੰ ਕਸ਼ਮੀਰ ਵਿੱਚ -0.5 ਡਿਗਰੀ ਸੈਲਸੀਅਸ, ਗੁਲਮਰਗ ਵਿੱਚ -4.5 ਡਿਗਰੀ ਸੈਲਸੀਅਸ, ਪਹਿਲਗਾਮ ਵਿੱਚ -1.4 ਡਿਗਰੀ ਸੈਲਸੀਅਸ ਸੀ।
ਹਿਮਾਚਲ ਪ੍ਰਦੇਸ਼ ਵਿੱਚ ਬਰਫ਼ਬਾਰੀ ਅਤੇ ਮੀਂਹ ਦੋਵੇਂ ਹੀ ਜਾਰੀ ਹਨ। ਪੰਜਾਬ-ਹਰਿਆਣਾ ‘ਚ ਕੜਾਕੇ ਦੀ ਠੰਡ ਅਤੇ ਧੁੰਦ ਦਾ ਪ੍ਰਭਾਵ ਹੈ। ਮੱਧ ਪ੍ਰਦੇਸ਼ ‘ਚ 2-3 ਦਿਨਾਂ ਬਾਅਦ ਠੰਡ ਵਧੇਗੀ। ਰਾਜਸਥਾਨ ਦੇ 12 ਜ਼ਿਲ੍ਹਿਆਂ ਵਿੱਚ ਸਕੂਲਾਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ। ਹਾਲਾਂਕਿ ਤਾਰੀਖਾਂ ਹਰ ਥਾਂ ਵੱਖਰੀਆਂ ਹਨ।