ਸੋਮਵਾਰ ਦੁਪਹਿਰ ਨੂੰ ਨਵਾਂਸ਼ਹਿਰ ਜ਼ਿਲ੍ਹੇ ਦੇ ਬੰਗਾ ਬੱਸ ਸਟੈਂਡ ’ਤੇ ਭਿਆਨਕ ਗੋਲੀਬਾਰੀ ਹੋਈ। ਦੋ ਕਾਰਾਂ ਵਿਚਕਾਰ ਤੇਜ਼ ਰਫ਼ਤਾਰ ਪਿੱਛਾ ਕਰਨ ਤੋਂ ਬਾਅਦ ਇੱਕ ਆਈ-20 ਕਾਰ ਵਿੱਚ ਸਵਾਰ ਹਮਲਾਵਰਾਂ ਨੇ ਸਕਾਰਪੀਓ ਵਿੱਚ ਜਾ ਰਹੇ ਨੌਜਵਾਨਾਂ ’ਤੇ ਦਿਨ-ਦਿਹਾੜੇ 30 ਤੋਂ 40 ਰਾਊਂਡ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ਵਿੱਚ ਰਿੰਪਲ ਨਾਂ ਦੇ ਨੌਜਵਾਨ ਦੀ ਮੌਤ ਹੋ ਗਈ, ਜਦਕਿ ਹਨੀ ਬਲ, ਸਾਹਿਲ, ਦੀਪਾ ਅਤੇ ਸੁਜਲ ਗੰਭੀਰ ਜ਼ਖ਼ਮੀ ਹੋ ਗਏ। ਸਾਰਿਆਂ ਨੂੰ ਪਹਿਲਾਂ ਬੰਗਾ ਦੇ ਗੁਰੂ ਨਾਨਕ ਮਿਸ਼ਨ ਹਸਪਤਾਲ ਲਿਜਾਇਆ ਗਿਆ, ਫਿਰ ਰਿੰਪਲ ਨੂੰ ਲੁਧਿਆਣਾ ਰੈਫਰ ਕੀਤਾ ਗਿਆ ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ।
ਚਸ਼ਮਦੀਦ ਦੁਕਾਨਦਾਰ ਸਚਿਨ ਘਈ ਨੇ ਦੱਸਿਆ ਕਿ ਪਹਿਲਾਂ ਪਟਾਕਿਆਂ ਵਾਂਗ ਆਵਾਜ਼ ਆਈ, ਫਿਰ ਲਗਾਤਾਰ ਗੋਲੀਆਂ ਚੱਲੀਆਂ। ਸਕਾਰਪੀਓ ਭੀੜ ਵਿੱਚ ਫਸ ਗਈ ਸੀ, ਜਿਸ ਕਾਰਨ ਹਮਲਾਵਰਾਂ ਨੂੰ ਨੇੜਿਓਂ ਨਿਸ਼ਾਨਾ ਲਗਾਉਣ ਦਾ ਮੌਕਾ ਮਿਲਿਆ। ਗੋਲੀਬਾਰੀ ਤੋਂ ਬਾਅਦ ਹਮਲਾਵਰ ਆਈ-20 ਵਿੱਚ ਫਰਾਰ ਹੋ ਗਏ। ਡਰ ਕਾਰਨ ਕੋਈ ਵੀ ਜ਼ਖ਼ਮੀਆਂ ਦੇ ਨੇੜੇ ਨਹੀਂ ਗਿਆ, ਪੁਲਿਸ ਨੇ ਆ ਕੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਭੇਜਿਆ।
ਪੁਲਿਸ ਮੁਤਾਬਕ ਜ਼ਖ਼ਮੀ ਹੋਏ ਸਾਰੇ ਨੌਜਵਾਨਾਂ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ ਅਤੇ ਹਮਲਾਵਰ ਵੀ ਸ਼ੱਕੀ ਗੈਂਗਸਟਰ ਹਨ। ਦੋਵਾਂ ਧਿਰਾਂ ਵਿੱਚ ਪੁਰਾਣੀ ਰੰਜਿਸ਼ ਦੀ ਸੰਭਾਵਨਾ ਹੈ। ਹੁਣ ਤੱਕ ਕਿਸੇ ਵਿਰੁੱਧ ਐਫਆਈਆਰ ਦਰਜ ਨਹੀਂ ਹੋਈ। ਪੁਲਿਸ ਨੇ ਗੋਲੀਆਂ ਨਾਲ ਛਲਨੀ ਸਕਾਰਪੀਓ ਕਬਜ਼ੇ ਵਿੱਚ ਲੈ ਲਈ ਹੈ, ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਜਾਰੀ ਹੈ। ਬੰਗਾ ਸਿਟੀ ਥਾਣਾ ਇੰਚਾਰਜ ਰਾਕੇਸ਼ ਕੁਮਾਰ ਨੇ ਕਿਹਾ ਕਿ ਅਜੇ ਗੋਲੀਆਂ ਦੀ ਸਹੀ ਗਿਣਤੀ ਅਤੇ ਹਮਲਾਵਰਾਂ ਦੀ ਪਛਾਣ ਦਾ ਪਤਾ ਨਹੀਂ ਲੱਗ ਸਕਿਆ।
ਇਸ ਘਟਨਾ ਨੇ ਪੰਜਾਬ ਦੀ ਕਾਨੂੰਨ-ਵਿਵਸਥਾ ’ਤੇ ਤਿੱਖੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਰਕਾਰ ’ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਨੇ ਵੀਟ ਕਰਕੇ ਲਿਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ “ਗੈਂਗਲੈਂਡ” ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰ ਬੇਖੌਫ਼ ਹੋ ਕੇ ਦਿਨ-ਦਿਹਾੜੇ ਗੋਲੀਆਂ ਚਲਾ ਰਹੇ ਹਨ, ਲੋਕ ਘਰੋਂ ਨਿਕਲਣ ਤੋਂ ਡਰਦੇ ਹਨ, ਮਾਵਾਂ ਆਪਣੇ ਪੁੱਤਰਾਂ ਲਈ ਡਰੀਆਂ ਰਹਿੰਦੀਆਂ ਹਨ ਅਤੇ ਵਪਾਰੀ “ਗੁੰਡਾ ਟੈਕਸ” ਦੇਣ ਲਈ ਮਜਬੂਰ ਹਨ। ਸੁਖਬੀਰ ਨੇ ਇਸ ਨੂੰ “ਰੰਗਲਾ ਪੰਜਾਬ” ਨੂੰ “ਗੈਂਗਸਟਾ ਪੰਜਾਬ” ਵਿੱਚ ਬਦਲਣ ਦਾ ਦੋਸ਼ ਲਾਇਆ ਅਤੇ ਮੰਗ ਕੀਤੀ ਕਿ ਪੰਜਾਬੀਆਂ ਨੂੰ ਸੁਰੱਖਿਆ ਚਾਹੀਦੀ ਹੈ, ਨਾਅਰੇ ਅਤੇ ਝੂਠੀ ਇਸ਼ਤਿਹਾਰਬਾਜ਼ੀ ਨਹੀਂ।

