International

ਇਜ਼ਰਾਇਲੀ ਹਮਲੇ ‘ਚ ਗਾਜ਼ਾ ਦੇ ਇਕ ਸਕੂਲ ਵਿਚ 40 ਲੋਕਾਂ ਦੀ ਮੌਤ

ਮੱਧ ਗਾਜ਼ਾ ਵਿਚ ਵਿਸਥਾਪਿਤ ਫਿਲਸਤੀਨੀਆਂ ਦੇ ਇਕ ਸਕੂਲ ਹਾਊਸਿੰਗ ‘ਤੇ ਇਜ਼ਰਾਈਲੀ ਹਮਲੇ ਵਿਚ ਔਰਤਾਂ ਅਤੇ ਬੱਚਿਆਂ ਸਮੇਤ ਘੱਟੋ-ਘੱਟ 40 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਸਥਾਨਕ ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।

ਹਸਪਤਾਲ ਦੇ ਅਧਿਕਾਰੀਆਂ ਨੇ ਦਸਿਆ ਕਿ ਤੜਕੇ ਹੋਏ ਹਮਲੇ ਨੇ ਅਲ-ਸਾਰਦੀ ਸਕੂਲ ਨੂੰ ਨਿਸ਼ਾਨਾ ਬਣਾਇਆ, ਜੋ ਉੱਤਰੀ ਗਾਜ਼ਾ ਵਿਚ ਇਜ਼ਰਾਈਲੀ ਹਮਲਿਆਂ ਤੋਂ ਭੱਜ ਰਹੇ ਫਲਸਤੀਨੀਆਂ ਨਾਲ ਭਰਿਆ ਹੋਇਆ ਸੀ। ਹਸਪਤਾਲ ਨੇ ਸ਼ੁਰੂਆਤ ‘ਚ ਦਸਿਆ ਕਿ ਸਕੂਲ ‘ਤੇ ਹਮਲੇ ‘ਚ ਮਾਰੇ ਗਏ ਲੋਕਾਂ ‘ਚ ਔਰਤਾਂ ਅਤੇ ਬੱਚੇ ਸ਼ਾਮਲ ਹਨ।

ਇਜ਼ਰਾਇਲੀ ਫ਼ੌਜ ਨੇ ਮੱਧ ਗਾਜ਼ਾ ’ਚ ਨਵੇਂ ਸਿਰੇ ਤੋਂ ਜ਼ਮੀਨੀ ਅਤੇ ਹਵਾਈ ਹਮਲੇ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਹਮਾਸ ਦਹਿਸ਼ਤਗਰਦਾਂ ਨੇ ਮੁੜ ਤੋਂ ਉਥੇ ਟਿਕਾਣੇ ਬਣਾ ਲਏ ਹਨ। ਚਸ਼ਮਦੀਦਾਂ ਅਤੇ ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ ਅਲ-ਸਾਰਦੀ ਸਕੂਲ ’ਤੇ ਤੜਕੇ ਹਮਲਾ ਕੀਤਾ ਗਿਆ ਜਿਥੇ ਸੰਯੁਕਤ ਰਾਸ਼ਟਰ ਦੀ ਫ਼ਲਸਤੀਨੀ ਸ਼ਰਨਾਰਥੀਆਂ ਬਾਰੇ ਏਜੰਸੀ ਵੱਲੋਂ ਕੈਂਪ ਚਲਾਇਆ ਜਾ ਰਿਹਾ ਹੈ। ਉੱਤਰੀ ਗਾਜ਼ਾ ’ਚ ਬੰਬਾਰੀ ਤੋਂ ਬਚ ਕੇ ਆਏ ਫ਼ਲਸਤੀਨੀਆਂ ਨੇ ਇਸ ਸਕੂਲ ’ਚ ਪਨਾਹ ਲਈ ਹੋਈ ਹੈ। ਗਾਜ਼ਾ ਸ਼ਹਿਰ ਤੋਂ ਉੱਜੜੇ ਅਯਮਾਨ ਰਾਸ਼ਿਦ ਨੇ ਦੱਸਿਆ ਕਿ ਸਕੂਲ ਦੀਆਂ ਦੂਜੀ ਅਤੇ ਤੀਜੀ ਮੰਜ਼ਿਲਾਂ ’ਤੇ ਮਿਜ਼ਾਈਲਾਂ ਡਿੱਗੀਆਂ ਜਿਥੇ ਪਰਿਵਾਰ ਠਹਿਰੇ ਹੋਏ ਸਨ।

ਪਿਛਲੇ ਹਫ਼ਤੇ ਰਾਫ਼ਾਹ ’ਚ ਇਕ ਕੈਂਪ ਨੇੜੇ ਹਮਲਾ ਹੋਇਆ ਸੀ ਜਿਸ ਮਗਰੋਂ ਟੈਂਟਾਂ ’ਚ ਅੱਗ ਲੱਗ ਗਈ ਅਤੇ 45 ਵਿਅਕਤੀ ਮਾਰੇ ਗਏ ਸਨ। ਇਜ਼ਰਾਈਲ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਹਮਾਸ ਦਹਿਸ਼ਤਗਰਦਾਂ ਨੂੰ ਨਿਸ਼ਾਨਾ ਬਣਾਇਆ ਹੈ। ਇਨ੍ਹਾਂ ਮੌਤਾਂ ਕਾਰਨ ਕੌਮਾਂਤਰੀ ਪੱਧਰ ’ਤੇ ਇਜ਼ਰਾਈਲ ਨੂੰ ਗੁੱਸੇ ਦਾ ਸਾਹਮਣਾ ਕਰਨਾ ਪਿਆ ਸੀ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸਫ਼ਾਈ ਦਿੰਦਿਆਂ ਕਿਹਾ ਸੀ ਕਿ ਇਹ ਮੰਦਭਾਗਾ ਹਾਦਸਾ ਸੀ। ਫ਼ੌਜ ਨੇ ਕਿਹਾ ਕਿ ਧਮਾਕਿਆਂ ਕਾਰਨ ਅੱਗ ਲੱਗੀ ਹੋ ਸਕਦੀ ਹੈ।