‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਦਿੱਲੀ-ਐੱਨਸੀਆਰ ਨਾਲ ਲਗਦੇ ਹਰਿਆਣਾ ਦੇ 4 ਜ਼ਿਲ੍ਹਿਆਂ – ਸੋਨੀਪਤ, ਗੁਰੂਗ੍ਰਾਮ, ਫਰੀਦਾਬਾਦ ਤੇ ਝੱਜਰ ਵਿਚ ਵਧਦੇ ਪ੍ਰਦੂਸ਼ਣ ਦੀ ਵਜ੍ਹਾ ਨਾਲ ਹਾਲਾਤ ਖ਼ਰਾਬ ਹੁੰਦੇ ਜਾ ਰਹੇ ਹਨ। ਅਜਿਹੇ ਵਿਚ ਵਾਤਾਵਰਨ ਵਿਭਾਗ ਨੇ ਅਗਲੇ ਹੁਕਮ ਤਕ ਇਨ੍ਹਾਂ ਚਾਰਾਂ ਜ਼ਿਲ੍ਹਿਆਂ ਵਿਚ ਸਾਰੇ ਸਕੂਲ ਬੰਦ ਕਰਨ ਦਾ ਫ਼ੈਸਲਾ ਲਿਆ ਹੈ।
ਇਨ੍ਹਾਂ ਜ਼ਿਲ੍ਹਿਆਂ ਦੇ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ। ਸਰਕਾਰ ਨੇ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਵਿੱਚ ਪੈਂਦੇ ਇਨ੍ਹਾਂ ਚਾਰ ਜ਼ਿਲ੍ਹਿਆਂ ਵਿੱਚ 14 ਨਵੰਬਰ ਨੂੰ ਸਕੂਲ ਵੀ ਬੰਦ ਕਰ ਦਿੱਤੇ ਸਨ, ਜੋ 5 ਦਿਨ ਪਹਿਲਾਂ ਮੁੜ ਖੋਲ੍ਹੇ ਗਏ ਸਨ। ਵਾਤਾਵਰਨ ਵਿਭਾਗ ਨੇ ਸਕੂਲਾਂ ਤੋਂ ਇਲਾਵਾ ਹਰਿਆਣਾ ਦੇ 22 ਵਿੱਚੋਂ 14 ਜ਼ਿਲ੍ਹਿਆਂ ਵਿੱਚ ਹਰ ਤਰ੍ਹਾਂ ਦੇ ਨਿਰਮਾਣ ਕਾਰਜਾਂ ’ਤੇ ਵੀ ਪਾਬੰਦੀ ਲਾ ਦਿੱਤੀ ਹੈ।