ਤਰਨਤਾਰਨ ਵਿੱਚ ਬੀਤੀ ਰਾਤ ਸੰਘਣੀ ਧੁੰਦ ਕਾਰਨ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਇੱਕ ਕਾਰ ਅਤੇ ਟਰਾਲੀ ਵਿਚਾਲੇ ਹੋਏ ਹਾਦਸੇ ਵਿੱਚ ਚਾਰ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਹਸਪਤਾਲ ਪਹੁੰਚਾਇਆ। ਟਰੱਕ ਅਤੇ ਟਰਾਲੀ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ ਪਰਮਜੀਤ ਸਿੰਘ, ਗੁਰਦੇਵ ਸਿੰਘ, ਰੋਬਨਪ੍ਰੀਤ ਸਿੰਘ ਅਤੇ ਰਾਜਵੀਰ ਸਿੰਘ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ ਤਰਨਤਾਰਨ ਅਧੀਨ ਆਉਂਦੇ ਹਰੀਕੇ ਵਿਖੇ ਇਕ ਕਾਰ ਪੁਲ ‘ਤੇ ਖੜ੍ਹੇ ਟਰਾਲੇ ਵਿਚ ਜਾ ਟਕਰਾਈ। ਮ੍ਰਿਤਕ ਨੌਜਵਾਨਾਂ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਚਾਰੋ ਨੌਜਵਾਨ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਗਏ ਸਨ ਤੇ ਜਦੋਂ ਇਹ ਸਾਰੇ ਵਾਪਸ ਪਿੰਡ ਗੁਰੂ ਹਰਿਰਾਏ ਸਾਹਿਬ ਨੂੰ ਪਰਤ ਰਹੇ ਸਨ ਤਾਂ ਰਸਤੇ ਵਿਚ ਇਨ੍ਹਾਂ ਨਾਲ ਭਿਆਨਕ ਸੜਕ ਹਾਦਸਾ ਵਾਪਰ ਗਿਆ।
ਸਥਾਨਕ ਲੋਕਾਂ ਨੇ ਦੱਸਿਆ ਕਿ ਚਾਰ ਵਿਅਕਤੀ ਚਿੱਟੇ ਰੰਗ ਦੀ ਸਵਿਫ਼ਟ ਕਾਰ ‘ਚ ਨੈਸ਼ਨਲ 54 ‘ਤੇ ਹਰੀਕੇ ਬਾਈਪਾਸ ‘ਤੇ ਜਾ ਰਹੇ ਸਨ। ਇਸ ਦੌਰਾਨ ਇੱਕ ਟੁੱਟੀ ਟਰਾਲੀ ਸੜਕ ਕਿਨਾਰੇ ਖੜ੍ਹੀ ਸੀ। ਧੁੰਦ ਵਿੱਚ ਵਿਜ਼ੀਬਿਲਟੀ ਘੱਟ ਹੋਣ ਕਾਰਨ ਸਵਿਫਟ ਕਾਰ ਪਿੱਛੇ ਤੋਂ ਖੜ੍ਹੀ ਟਰਾਲੀ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਟਰੱਕ ਨਾਲ ਟਕਰਾਉਣ ਤੋਂ ਬਾਅਦ ਕਾਰ ਦੀ ਛੱਤ ਅਤੇ ਇਕ ਪਾਸੇ ਦਾ ਸਾਰਾ ਹਿੱਸਾ ਡਿੱਗ ਗਿਆ। ਕਾਰ ‘ਚ ਬੈਠੇ 4 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇਕ ਵਿਅਕਤੀ ਨੂੰ ਤੁਰੰਤ ਕਾਰ ‘ਚੋਂ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ।
ਪੁਲਿਸ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਗੁਰੂਹਰਸਹਾਏ ਦਾ ਪਰਿਵਾਰ ਅੰਮ੍ਰਿਤਸਰ ਮੱਥਾ ਟੇਕ ਕੇ ਵਾਪਸ ਘਰ ਜਾ ਰਿਹਾ ਸੀ। ਇਹ ਹਾਦਸਾ ਰਾਤ ਕਰੀਬ 12 ਵਜੇ ਵਾਪਰਿਆ। ਕਾਰ ਦੀ ਰਫ਼ਤਾਰ ਅਤੇ ਟੱਕਰ ਇੰਨੀ ਜ਼ਬਰਦਸਤ ਸੀ ਕਿ ਟੱਕਰ ਤੋਂ ਬਾਅਦ ਅੱਗੇ ਖੜ੍ਹੀ ਟਰਾਲੀ ਕਰੀਬ 20 ਮੀਟਰ ਤੱਕ ਅੱਗੇ ਵਧ ਗਈ ਅਤੇ ਸਾਹਮਣੇ ਖੜ੍ਹੇ ਟਰੱਕ ਨਾਲ ਜਾ ਟਕਰਾਈ। ਟਰਾਲੀ ਚਾਲਕ ਮੌਕੇ ਤੋਂ ਫ਼ਰਾਰ ਹੈ। ਪੁਲੀਸ ਨੇ ਟਰਾਲੀ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।