India

ਬ੍ਰਿਜ ਭੂਸ਼ਣ ਦੇ ਖਿਲਾਫ਼ 4 ਭਲਵਾਨਾਂ ਨੇ ਆਡੀਓ ਤੇ ਵੀਡੀਓ ਸਬੂਤ ਦਿੱਤੇ !

ਬਿਊਰੋ ਰਿਪੋਰਟ : ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਸ਼ਰੀਰਕ ਸ਼ੋਸਣ ਦੇ ਮਾਮਲੇ ਵਿੱਚ 6 ਭਲਵਾਨਾਂ ਵਿੱਚੋਂ 4 ਨੇ ਦਿੱਲੀ ਪੁਲਿਸ ਨੂੰ ਆਡੀਓ ਅਤੇ ਵੀਡੀਓ ਸਬੂਤ ਦੇ ਦਿੱਤੇ ਹਨ । ਪੁਲਿਸ ਦੇ ਇੱਕ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਦੋਵਾਂ ਸ਼ਿਕਾਇਤਕਰਤਾਵਾਂ ਨੇ ਪੂਰੇ ਸਬੂਤ ਨਹੀਂ ਦਿੱਤੇ ਹਨ ਜੋ ਬ੍ਰਿਜ ਭੂਸ਼ਣ ਖਿਲਾਫ ਉਨ੍ਹਾਂ ਦੇ ਇਲਜ਼ਾਮਾਂ ਨੂੰ ਸਾਬਿਤ ਕਰ ਸਕਣ। ਹਾਲਾਂਕਿ ਦਿੱਲੀ ਪੁਲਿਸ ਨੇ ਇਸ ਬਿਆਨ ਦੀ ਪੁਸ਼ਟੀ ਨਹੀਂ ਕੀਤੀ ਹੈ । ਪੁਲਿਸ ਨੂੰ 2 ਔਰਤ ਭਲਵਾਨਾਂ ਅਤੇ ਇੱਕ ਕੌਮਾਂਤਰੀ ਰੈਫਰੀ ਅਤੇ ਸੂਬਾ ਪੱਧਰੀ ਕੋਚ ਨੇ ਗਵਾਈ ਦਿੱਤੀ ਸੀ । ਉਨ੍ਹਾਂ ਨੂੰ ਅਧਾਰ ਬਣਾ ਕੇ ਪੁਲਿਸ 15 ਜੂਨ ਨੂੰ ਚਾਰਜਸ਼ੀਟ ਪੇਸ਼ ਕਰੇਗੀ । ਇਸ ਮਾਮਲੇ ਵਿੱਚ ਕੇਸ ਦੀ ਧਾਰਾਵਾਂ ਦੇ ਲਈ ਐਡਵਾਇਜ਼ਰੀ ਲਈ ਜਾ ਰਹੀ ਹੈ । ਉਧਰ ਕੁਸ਼ਤੀ ਸੰਘ ਦੇ ਪ੍ਰਧਾਨ ਦੀ ਚੋਣ ਦੇ ਲਈ ਹਰਿਆਣਾ ਦੇ ਦਿੱਗਜ ਆਗੂ ਦਾ ਨਾਂ ਸਾਹਮਣੇ ਆਇਆ ਹੈ ।

15 ਨੂੰ ਬਾਲਿਗ ਭਲਵਾਨਾ ਦੇ ਕੇਸ ਵਿੱਚ ਦਿੱਲੀ ਪੁਲਿਸ ਚਾਰਜਸ਼ੀਟ ਪੇਸ਼ ਕਰੇਗੀ,ਸੂਤਰਾਂ ਦੇ ਮੁਤਾਬਿਕ ਨਾਬਾਲਿਗ ਭਲਵਾਨ ਦੇ ਕੇਸ ਵਿੱਚ ਪੁਲਿਸ ਕਲੋਜ਼ਰ ਰਿਪੋਰਟ ਦਾਖ਼ਲ ਕਰ ਸਕਦੀ ਹੈ। ਨਾਬਾਲਿਗ ਭਲਵਾਨ ਸ਼ਰੀਰਕ ਸ਼ੋਸ਼ਣ ਦੇ ਇਲਜ਼ਾਮ ਵਾਪਸ ਲੈ ਚੁੱਕੇ ਹਨ।

14 ਜੂਨ ਨੂੰ ਹਰਿਆਣਾ ਬੰਦ,ਦਿੱਲੀ ਵਿੱਚ ਸਬਜ਼ੀ ਸਪਲਾਈ ਨਹੀਂ

14 ਜੂਨ ਨੂੰ ਖਾਪ ਪੰਚਾਇਤਾਂ ਨੇ ਹਰਿਆਣਾ ਬੰਦ ਕਰਨ ਦਾ ਐਲਾਨ ਕੀਤਾ ਹੈ, ਇਸ ਦੌਰਾਨ ਸੂਬੇ ਦੀਆਂ ਸੜਕਾਂ ਅਤੇ ਟ੍ਰੇਨਾਂ ਬੰਦ ਰਹਿਣਗੀਆਂ । ਇਸ ਦੇ ਇਲਾਵਾ ਦਿੱਲੀ ਵਿੱਚ ਫੱਲ ਅਤੇ ਸਬਜ਼ੀਆਂ ਵੀ ਸਪਲਾਈ ਨਹੀਂ ਹੋਣਗੀਆਂ,ਕੁਝ ਦਿਨ ਪਹਿਲਾਂ KMP ਐਕਸਪ੍ਰੈਸ ‘ਤੇ ਜਨਤਾ ਸੰਸਦ ਵਿੱਚ ਖਾਪ ਪੰਚਾਇਤਾਂ ਨੇ ਇਹ ਐਲਾਨ ਕੀਤਾ ਸੀ । ਉਹ ਬ੍ਰਿਜ ਭੂਸ਼ਣ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਸੀ । ਇਸ ਦੇ ਇਲਾਵਾ MSP ਸਮੇਤ 25 ਮੰਗਾਂ ਸਰਕਾਰ ਦੇ ਅੱਗੇ ਰੱਖੀਆਂ ਗਈਆਂ ਹਨ ।

WFI ਦੀ ਚੋਣ 4 ਜੁਲਾਈ ਨੂੰ ਹੋਵੇਗੀ

ਭਾਰਤੀ ਕੁਸ਼ਤੀ ਸੰਘ ਦੀ ਚੋਣ 4 ਜੁਲਾਈ ਨੂੰ ਹੋਵੇਗੀ ,ਫੈਡਰੇਸ਼ਨ ਨੇ ਸੋਮਵਾਰ ਨੂੰ ਇਸ ਦਾ ਐਲਾਨ ਕੀਤਾ ਸੀ । ਚੋਣ ਦੇ ਲਈ ਜੰਮੂ-ਕਸ਼ਮੀਰ ਹਾਈਕੋਰਟ ਦੇ ਸਾਬਕਾ ਚੀਫ ਜਸਟਿਸ ਹਮੇਸ਼ ਮਿੱਤਲ ਕੁਮਾਰ ਨੂੰ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ। ਭਲਵਾਨਾਂ ਦੀ ਮੀਟਿੰਗ ਵਿੱਚ 30 ਜੂਨ ਚੋਣ ਦੀ ਤਰੀਕ ਤੈਅ ਹੋਈ ਸੀ । ਬ੍ਰਿਜ ਭੂਸ਼ਣ ਲਗਾਤਾਰ ਤਿੰਨ ਵਾਰ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਰਹੇ ਹਨ ਇਸ ਲਈ ਉਹ ਨਿਯਮਾਂ ਮੁਤਾਬਿਕ ਚੌਥੀ ਵਾਰ ਦਾਅਵੇਦਾਰੀ ਪੇਸ਼ ਨਹੀਂ ਕਰ ਸਕਦੇ ਹਨ । ਸੂਤਰਾਂ ਮੁਤਾਬਿਕ ਹਰਿਆਣਾ ਬੀਜੇਪੀ ਦੇ ਪ੍ਰਧਾਨ ਓ.ਪੀ ਧਨਖੜ ਭਾਰਤੀ ਕੁਸ਼ਤੀ ਸੰਘ ਦੇ ਲਈ ਉਮੀਦਵਾਰ ਹੋ ਸਕਦੇ ਹਨ । ਹਾਲਾਂਕਿ ਇਸ ਬਾਰੇ ਕੋਈ ਅਧਿਕਾਰਿਕ ਬਿਆਨ ਨਹੀਂ ਆਇਆ ਹੈ ।