‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪੁਲੀਸ ਨੇ ਕਾਂਸਟੇਬਲਾਂ, ਹੈੱਡ-ਕਾਂਸਟੇਬਲਾਂ ਅਤੇ ਸਬ-ਇੰਸਪੈਕਟਰਾਂ ਦੀ ਭਰਤੀ ਦੇ ਮੱਦੇਨਜ਼ਰ ਭਰਤੀ ਹੋਣ ਦੇ ਚਾਹਵਾਨ ਉਮੀਦਵਾਰਾਂ ਨੂੰ ਸਰੀਰਕ ਜਾਂਚ ਟੈਸਟ ਦੀ ਮੁਫ਼ਤ ਕੋਚਿੰਗ ਅਤੇ ਸਿਖਲਾਈ ਸੈਸ਼ਨ ਪ੍ਰਦਾਨ ਕਰਨ ਦੀ ਪਹਿਲਕਦਮੀ ਕੀਤੀ ਹੈ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਹੁਕਮਾਂ ਮਗਰੋਂ ਸਾਰੇ ਸੀਪੀਜ਼/ ਐਸੱਐੱਸਪੀਜ਼ ਨੇ ਆਪਣੇ ਸਬੰਧਤ ਜ਼ਿਲ੍ਹਿਆਂ ਦੀਆਂ ਪੁਲੀਸ ਲਾਈਨਾਂ ਅਤੇ ਸਿਖਲਾਈ ਕੇਂਦਰਾਂ ਵਿੱਚ ਸਪੈਸ਼ਲ ਦੌੜ ਅਤੇ ਲੰਬੀ ਛਾਲ ਤੇ ਉੱਚੀ ਛਾਲ ਦੀ ਸਿਖਲਾਈ ਦੇ ਕੇ ਵੱਖ-ਵੱਖ ਫਿਜ਼ੀਕਲ ਟਰਾਇਲਾਂ ਲਈ ਮੁਫ਼ਤ ਕੋਚਿੰਗ ਦੇਣ ਦੀ ਸ਼ੁਰੂਆਤ ਕੀਤੀ ਹੈ। ਪੰਜਾਬ ਸਰਕਾਰ ਵੱਲੋਂ 4 ਹਜ਼ਾਰ 362 ਕਾਂਸਟੇਬਲਾਂ ਦੀ ਭਰਤੀ ਸਬੰਧੀ ਐਲਾਨ ਕੀਤੇ ਜਾਣ ਤੋਂ ਬਾਅਦ ਉਲੀਕੀ ਗਈ ਹੈ, ਜਿਸ ਲਈ ਅਰਜ਼ੀ ਫਾਰਮ ਜੁਲਾਈ, 2021 ਦੇ ਅੱਧ ਤੱਕ ਕੱਢੇ ਜਾਣਗੇ। ਇਸ ਭਰਤੀ ਵਿੱਚ ਪੰਜਾਬ ਪੁਲਿਸ ਦੇ ਜ਼ਿਲ੍ਹਾ ਕਾਡਰ ਵਿੱਚ 2016 ਅਤੇ ਆਰਮਡ ਕਾਡਰ ਵਿੱਚ 2 ਹਜ਼ਾਰ 346 ਕਾਂਸਟੇਬਲਾਂ ਦੀ ਭਰਤੀ ਕੀਤੀ ਜਾਵੇਗੀ ਅਤੇ ਓ.ਐੱਮ.ਆਰ. ਆਧਾਰਤ ਐੱਮ.ਸੀ.ਕਿਊ. ਲਿਖਤੀ ਟੈਸਟ 25-26 ਸਤੰਬਰ, 2021 ਨੂੰ ਹੋਵੇਗਾ।
ਪੁਰਸ਼ ਅਤੇ ਔਰਤ ਉਮੀਦਵਾਰਾਂ ਸਮੇਤ ਹਜ਼ਾਰਾਂ ਉਮੀਦਵਾਰਾਂ ਨੇ ਮੁਫਤ ਕੋਚਿੰਗ ਲਈ ਆਪਣਾ ਨਾਮ ਦਰਜ ਕਰਵਾਇਆ ਹੈ ਅਤੇ ਪਹਿਲੇ ਦਿਨ ਕਰਵਾਈ ਗਈ ਸਪੈਸ਼ਲ ਦੌੜ ਵਿੱਚ ਹਿੱਸਾ ਲਿਆ। ਡੀ.ਜੀ.ਪੀ. ਦਿਨਕਰ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿੱਥੇ ਇਸ ਭਰਤੀ ਲਈ ਤਿਆਰੀ ਵਾਸਤੇ ਜਨਤਕ ਥਾਂਵਾਂ, ਜਨਤਕ ਪਾਰਕ, ਸਟੇਡੀਅਮ ਅਤੇ ਪੁਲਿਸ ਲਾਈਨ ਦੇ ਗਰਾਊਂਡ ਪਹਿਲਾਂ ਹੀ ਖੋਲ੍ਹ ਦਿੱਤੇ ਗਏ ਹਨ, ਉੱਥੇ ਹੀ ਪੁਲਿਸ ਵੱਲੋਂ ਕੋਚਾਂ ਅਤੇ ਲੋੜੀਂਦੇ ਖੇਡ ਉਪਕਰਨਾਂ, ਜਿਸ ਵਿੱਚ ਉਮੀਦਵਾਰਾਂ ਦੀ ਤਿਆਰੀ ਲਈ ਹਾਈ ਜੰਪ ਸਟੈਂਡ/ਗੱਦੇ ਅਤੇ ਲੰਬੀ ਛਾਲ ਵਾਸਤੇ ਬੁਨਿਆਦੀ ਢਾਂਚਾ ਸ਼ਾਮਲ ਹੈ, ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ। ਉਨਾਂ ਕਿਹਾ ਕਿ ਡਰਿੱਲ ਇੰਸਟ੍ਰਕਟਰਾਂ ਦੀ ਨਿਗਰਾਨੀ ਹੇਠ ਲੱਗਣ ਵਾਲੀਆਂ ਕੋਚਿੰਗ ਕਲਾਸਾਂ ਦੇ ਸਵੇਰੇ ਅਤੇ ਸ਼ਾਮ, ਦੋ ਸੈਸ਼ਨ ਹੋਣਗੇ। ਉਨਾਂ ਕਿਹਾ ਕਿ ਪੀ.ਐੱਸ.ਟੀ. ਭਰਤੀ ਪ੍ਰਕਿਰਿਆ ਦਾ ਇੱਕ ਜ਼ਰੂਰੀ ਹਿੱਸਾ ਹੈ।
ਪੀ.ਐੱਸ.ਟੀ. ਵਿੱਚ 1600 ਮੀਟਰ ਦੌੜ, ਉੱਚੀ ਛਾਲ ਅਤੇ ਲੰਬੀ ਛਾਲ ਸਮੇਤ 3 ਫਿਜ਼ੀਕਲ ਟਰਾਇਲ ਈਵੈਂਟ ਸ਼ਾਮਲ ਹਨ। ਹਾਲਾਂਕਿ ਸਰੀਰਕ ਜਾਂਚ ਟੈਸਟ ਦੇ ਮਾਪਦੰਡ ਔਰਤ ਉਮੀਦਵਾਰਾਂ ਅਤੇ ਸਾਬਕਾ ਸੈਨਿਕਾਂ ਲਈ ਵੱਖਰੇ ਹੋਣਗੇ। ਡੀ.ਜੀ.ਪੀ. ਨੇ ਕਿਹਾ ਕਿ ਭਰਤੀ ਪ੍ਰਕਿਰਿਆ ਚੱਲਣ ਤੱਕ ਮੁਫ਼ਤ ਕੋਚਿੰਗ ਕਲਾਸਾਂ ਜਾਰੀ ਰਹਿਣਗੀਆਂ ਅਤੇ ਮੁਫਤ ਕੋਚਿੰਗ ਲੈਣ ਦਾ ਕੋਈ ਵੀ ਚਾਹਵਾਨ ਉਮੀਦਵਾਰ ਸਬੰਧਤ ਜ਼ਿਲ੍ਹਾ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ। ਇਸ ਮੰਤਵ ਲਈ ਹਰਕੇ ਜ਼ਿਲ੍ਹੇ ਲਈ ਨੋਡਲ ਅਧਿਕਾਰੀ ਨਾਮਜ਼ਦ ਕੀਤੇ ਜਾ ਰਹੇ ਹਨ।
ਪੰਜਾਬ ਪੁਲਿਸ ਨੇ ਵੱਖ-ਵੱਖ ਕਾਡਰਾਂ ਵਿੱਚ 824 ਸਬ-ਇੰਸਪੈਕਟਰਾਂ, 787 ਹੈੱਡ ਕਾਂਸਟੇਬਲਾਂ, 7 ਹਜ਼ਾਰ 788 ਕਾਂਸਟੇਬਲਾਂ ਦੀ ਸਿੱਧੀ ਨਿਯੁਕਤੀ ਲਈ ਭਰਤੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ। ਡੀ.ਜੀ.ਪੀ. ਦਿਨਕਰ ਗੁਪਤਾ ਨੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਮੌਕੇ ਦੀ ਵਰਤੋਂ ਕਰਦਿਆਂ ਲਿਖਤੀ ਅਤੇ ਸਰੀਰਕ ਜਾਂਚ ਟੈਸਟ ਲਈ ਸਰਗਰਮੀ ਨਾਲ ਤਿਆਰੀਆਂ ਸ਼ੁਰੂ ਕਰਨ। ਉਨਾਂ ਉਮੀਦਵਾਰਾਂ ਨੂੰ ਭਰੋਸਾ ਦਿਵਾਇਆ ਕਿ ਪੁਲਿਸ ਭਰਤੀ ਬਿਲਕੁਲ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇਗੀ।