ਬਿਉਰੋ ਰਿਪੋਰਟ – ਛੱਤੀਸਗੜ੍ਹ ਦੀ ਰਾਏਪੁਰ ਪੁਲਿਸ ਦੇ 4 ਮੁਲਾਜ਼ਮਾਂ ਨੂੰ ਗੁਰੂ ਘਰ ਅੰਦਰ ਜੋੜੇ, ਭਾਂਡੇ ਧੋਣ ਦੀ ਸੇਵਾ ਵਜੋਂ ਸਜ਼ਾ ਮਿਲੀ ਹੈ। ਇਨ੍ਹਾਂ ਚਾਰਾਂ ਮੁਲਾਜ਼ਮਾਂ ਨੇ ਇੱਕ ਸਿੱਖ ਡਰਾਈਵਰ ਦੀ ਪੱਗ ਦੀ ਬੇਅਦਬੀ ਕੀਤੀ ਸੀ ਜਿਸ ਦਾ ਮਾਮਲਾ SSP ਤੋਂ ਲੈ ਕੇ ਗ੍ਰਹਿ ਮੰਤਰੀ ਤੱਕ ਪਹੁੰਚ ਗਿਆ ਸੀ। ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਹੁਣ ਇਨ੍ਹਾਂ ਚਾਰਾਂ ਪੁਲਿਸ ਮੁਲਾਜ਼ਮਾਂ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਹੈ ਅਤੇ ਇਨ੍ਹਾਂ ਨੇ ਆਪ ਗੁਰੂ ਘਰ ਪਹੁੰਚ ਕੇ ਮੁਆਫ਼ੀ ਮੰਗੀ ਅਤੇ ਸਜ਼ਾ ਲੁਆਈ ਹੈ।
ਦਰਅਸਲ ਚਾਰਾਂ ਪੁਲਿਸ ਮੁਲਾਜ਼ਮਾਂ ’ਤੇ ਇਲਜ਼ਾਮ ਸੀ ਕਿ ਇਨ੍ਹਾਂ ਨੇ ਪਹਿਲਾਂ ਸਿੱਖ ਡਰਾਈਵਰ ਨੂੰ ਕੁੱਟਿਆ ਫਿਰ ਉਸ ਦੀ ਪੱਗ ਦੀ ਬੇਅਦਬੀ ਕੀਤੀ ਅਤੇ ਕੇਸਾਂ ਨਾਲ ਫੜਕੇ ਉਸ ਨੂੰ ਘਸੀਟਿਆ। ਇਹ ਪੂਰਾ ਵੀਡੀਓ ਕਾਫੀ ਵਾਇਰਲ ਹੋਇਆ ਸੀ। ਮਾਮਲਾ ਇਲਾਕੇ ਦੇ SSP ਸਤੋਸ਼ ਸਿੰਘ ਤੋਂ ਹੁੰਦੇ ਹੋਏ ਸੂਬੇ ਦੇ ਗ੍ਰਹਿ ਮੰਤਰੀ ਤੱਕ ਪਹੁੰਚਿਆ। ਰਾਏਪੁਰ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਰਹਿੰਦੀ ਹੈ ਉਨ੍ਹਾਂ ਨੇ ਮਿਲ ਕੇ ਇਸ ਦੇ ਖ਼ਿਲਾਫ਼ ਪੁਲਿਸ ਅਤੇ ਸਰਕਾਰ ਨੂੰ ਸ਼ਿਕਾਇਤ ਕੀਤੀ ਸੀ।
ਵੀਡੀਓ ਨੂੰ ਵੇਖਣ ਤੋਂ ਬਾਅਦ ਪੁਲਿਸ ਨੇ ਫੌਰਨ ਕਾਰਵਾਈ ਕਰਦੇ ਹੋਏ ਚਾਰਾਂ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਸੀ। ਪਰ ਜਦੋਂ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਤਾਂ ਗੁਰੂ ਘਰ ਮੁਆਫ਼ੀ ਦੇ ਲਈ ਪਹੁੰਚੇ ਅਤੇ ਸਿੱਖ ਪੰਥ ਦੀ ਰੀਤ ਮੁਤਾਬਿਕ ਹੁਣ ਇਨ੍ਹਾਂ ਨੂੰ ਸੇਵਾ ਕਰਨ ਦੀ ਸਜ਼ਾ ਮਿਲੀ ਹੈ। ਇਹ ਸਾਰੇ ਮੁਲਾਜ਼ਮ 7 ਦਿਨਾਂ ਤੱਕ ਗੁਰਦੁਆਰੇ ਵਿੱਚ ਭਾਂਡਿਆਂ ਤੇ ਜੋੜਿਆਂ ਦੀ ਸੇਵਾ ਕਰਨਗੇ।