India

ਤੇਜ਼ ਰਫ਼ਤਾਰ ਦਾ ਕਹਿਰ, ਟਰੱਕ ਨੇ 6 ਜਣੇ ਦਰੜੇ , 4 ਦੀ ਮੌਕੇ ‘ਤੇ ਜੀਵਨ ਲੀਲ੍ਹਾ ਖਤਮ

4 people died on the spot due to speeding in Delhi

ਦ ਖ਼ਾਲਸ ਬਿਊਰੋ : ਦੇਸ਼ ਦੀ ਰਾਜਧਾਨੀ ਦਿੱਲੀ(delhi) ਤੋਂ ਦਿਲ ਦਿਹਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ । ਦਿੱਲੀ ਦੇ ਸੀਮਾਪੁਰੀ ਇਲਾਕੇ ‘ਚ ਬੀਤੀ ਰਾਤ ਤੇਜ਼ ਰਫਤਾਰ ਦਾ ਕਹਿਰ ਵੇਖਣ ਨੂੰ ਮਿਲਿਆ, ਜਿਥੇ ਇਕ ਬੇਕਾਬੂ ਟਰੱਕ ਨੇ ਸੜਕ ਕਿਨਾਰੇ ਸੁੱਤੇ ਪਏ 6 ਲੋਕਾਂ ਨੂੰ ਦਰੜ ਦਿੱਤਾ। ਇਸ ਹਾਦਸੇ ‘ਚ 4 ਲੋਕਾਂ ਦੀ ਮੌ ਤ ਹੋ ਗਈ, ਜਦਕਿ ਇਕ ਵਿਅਕਤੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸੀਮਾਪੁਰੀ ਵਿੱਚ ਡੀਟੀਸੀ ਡਿਪੂ ਰੈੱਡਲਾਈਟ ਨੇੜੇ ਵਾਪਰੀ।

ਜਾਣਕਾਰੀ ਮੁਤਾਬਿਕ ਇਹ ਘਟਨਾ ਬੁੱਧਵਾਰ ਦੇਰ ਰਾਤ ਕਰੀਬ 2 ਵਜੇ ਵਾਪਰੀ, ਜਦੋਂ ਤੇਜ਼ ਰਫਤਾਰ ਟਰੱਕ ਨੇ ਸੜਕ ਦੇ ਡਿਵਾਈਡਰ ‘ਤੇ ਸੁੱਤੇ ਪਏ 6 ਲੋਕਾਂ ਨੂੰ ਦਰੜ ਦਿੱਤਾ, ਜਿਨ੍ਹਾਂ ‘ਚੋਂ 4 ਦੀ ਮੌਤ ਹੋ ਗਈ ਅਤੇ ਦੋ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਹਾਲਾਂਕਿ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਪੁਲਿਸ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਦਿੱਲੀ ਪੁਲਿਸ ਨੇ ਮ੍ਰਿਤਕਾਂ ਦੀ ਪਛਾਣ ਕਰ ਲਈ ਹੈ, ਜਿਸ ਅਨੁਸਾਰ 52 ਸਾਲਾ ਕਰੀਮ, 25 ਸਾਲਾ ਛੋਟੇ ਖਾਨ, 38 ਸਾਲਾ ਸ਼ਾਹ ਆਲਮ ਅਤੇ 45 ਸਾਲਾ ਰਾਹੁਲ ਦੀ ਮੌਤ ਹੋ ਗਈ, ਜਦਕਿ 16 ਸਾਲਾ ਮਨੀਸ਼ ਅਤੇ 30 ਸਾਲਾ ਪ੍ਰਦੀਪ ਜ਼ਖਮੀ ਹੋ ਗਿਆ। ਪੁਲਸ ਨੇ ਦੱਸਿਆ ਕਿ ਹਾਦਸੇ ‘ਚ ਸ਼ਾਮਲ ਟਰੱਕ ਦਾ ਪਤਾ ਲਗਾਉਣ ਲਈ ਕਈ ਟੀਮਾਂ ਬਣਾਈਆਂ ਗਈਆਂ ਹਨ ਅਤੇ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।