ਅੰਬਾਲਾ : ਭਾਖੜਾ ਨਹਿਰ ਦੀ ਨਰਵਾਣਾ ਬ੍ਰਾਂਚ ਤੋਂ ਸੋਮਵਾਰ ਸ਼ਾਮ ਨੂੰ ਪੰਜਾਬੀ ਪਰਿਵਾਰ ਦੇ ਚਾਰ ਮੈਂਬਰਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਦੱਸਿਆ ਜਾ ਹਿਹਾ ਹੈ ਕਿ ਇਹ ਪਰਿਵਾਰ ਕਾਰ ਸਮੇਤ ਐਤਵਾਰ ਸਵੇਰੇ ਨਹਿਰ ‘ਚ ਡੁੱਬ ਗਿਆ ਸੀ। ਬੀਤੇ ਦਿਨ ਲਾਸ਼ਾਂ ਦੇ ਬਰਾਮਦ ਸੂਚਨਾ ਮਿਲਦੇ ਹੀ ਅੰਬਾਲਾ ਪੁਲਿਸ ਅਤੇ ਲਾਲੜੂ ਪੁਲਿਸ ਮੌਕੇ ‘ਤੇ ਪਹੁੰਚ ਗਈ।
ਪੁਲਿਸ ਨੇ ਦੱਸਿਆ ਕਿ ਅੰਬਾਲਾ ਦੇ ਪਿੰਡ ਇਸਮਾਈਲਪੁਰ ਨੇੜੇ ਨਰਵਾਣਾ ਬ੍ਰਾਂਚ ਨਹਿਰ ਵਿੱਚ ਕਾਰ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਸੋਮਵਾਰ ਨੂੰ ਕਾਰ ਅਤੇ ਇਸ ਵਿੱਚ ਸਵਾਰ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ। ਮ੍ਰਿਤਕਾਂ ਦੀ ਪਛਾਣ ਕੁਲਦੀਪ ਸਿੰਘ (48), ਉਸ ਦੀ ਪਤਨੀ ਕੁਲਬੀਰ ਕੌਰ (40), ਪੁੱਤਰ ਸੁਖਪ੍ਰੀਤ (15) ਅਤੇ ਬੇਟੀ ਜਸ਼ਨਦੀਪ ਕੌਰ (10) ਵਜੋਂ ਹੋਈ ਹੈ। ਇਹ ਪਰਿਵਾਰ ਮੁਹਾਲੀ ਜ਼ਿਲ੍ਹੇ ਦੇ ਪਿੰਡ ਟਿਵਾਣਾ ਦਾ ਰਹਿਣ ਵਾਲਾ ਹੈ ਅਤੇ ਐਤਵਾਰ ਤੋਂ ਲਾਪਤਾ ਸੀ।
ਪੁਲਿਸ ਨੇ ਦੱਸਿਆ ਕਿ ਕੁਲਦੀਪ ਸਿੰਘ ਪੰਜਾਬ ਦੇ ਟਿਵਾਣਾ ਪਿੰਡ (ਨੇੜੇ ਲਾਲੜੂ) ਤੋਂ ਕਾਰ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਨਾਲ ਅੰਬਾਲਾ ਵੱਲ ਜਾ ਰਿਹਾ ਸੀ।
ਲਾਲੜੂ ਥਾਣੇ ਦੇ ਏਐਸਆਈ ਜਗਤਾਰ ਸਿੰਘ ਨੇ ਦੱਸਿਆ, “ਸਾਨੂੰ ਅੱਜ ਕੁਲਬੀਰ ਦੇ ਪਿਤਾ ਸੁੱਚਾ ਸਿੰਘ ਦੀ ਸ਼ਿਕਾਇਤ ਮਿਲੀ ਹੈ ਕਿ ਪਰਿਵਾਰ ਐਤਵਾਰ ਸਵੇਰੇ 10 ਵਜੇ ਦੇ ਕਰੀਬ ਘਰੋਂ ਗਿਆ ਸੀ ਪਰ ਵਾਪਸ ਨਹੀਂ ਆਇਆ। ਬਾਅਦ ਵਿੱਚ ਸਾਨੂੰ ਸੂਚਨਾ ਮਿਲੀ ਕਿ ਕਾਰ ਪਿੰਡ ਇਸਮਾਈਲਪੁਰ ਨੇੜੇ ਇੱਕ ਨਹਿਰ ਵਿੱਚ ਪਈ ਸੀ। ਅਸੀਂ ਮੌਕੇ ‘ਤੇ ਪਹੁੰਚ ਗਏ ਅਤੇ ਕਾਰ ਨੂੰ ਲਾਸ਼ਾਂ ਸਮੇਤ ਬਰਾਮਦ ਕਰ ਲਿਆ ਗਿਆ।‘’