Punjab Religion

SGPC ਦੀ ਕਾਰਜਕਾਰਨੀ ਮੀਟਿੰਗ ’ਚ ਕੰਗਨਾ ਥੱਪੜ ਕਾਂਡ ਸਮੇਤ 4 ਵੱਡੇ ਫ਼ੈਸਲੇ

ਬਿਉਰੋ ਰਿਪੋਰਟ: ਸ਼੍ਰੋਮਣੀ ਗਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਸਿੱਖ ਧਰਮ ਨਾਲ ਜੁੜੇ ਅਹਿਮ ਫੈਸਲੇ ਲਏ ਗਏ। ਇਸ ਵਿੱਚ ਸਭ ਤੋਂ ਅਹਿਮ ਸ੍ਰੀ ਰਾਜਸਥਾਨ ਵਿੱਚ ਸਿੱਖ ਬੀਬੀਆਂ ਨੂੰ ਕਕਾਰਾਂ ਦੀ ਵਜ੍ਹਾ ਕਰਕੇ ਇਮਤਿਹਾਨ ਨਾ ਦੇਣ ਦਾ ਮੁੱਦਾ। SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਅਸੀਂ ਕੇਂਦਰ ਸਰਕਾਰ ਸਾਹਮਣੇ ਮੁੱਦਾ ਚੁੱਕਣ ਲਈ ਨੂੰ ਇੱਕ ਵਫ਼ਦ ਭੇਜਾਗੇ। ਇਸ ਦੇ ਨਾਲ ਕਾਨੂੰਨੀ ਮਾਹਿਰਾਂ ਨਾਲ ਸਲਾਹ ਕਰਕੇ ਇਸ ਨੂੰ ਅਦਾਲਤ ਵਿੱਚ ਵੀ ਚੁਣੌਤੀ ਦੇਣ ਦੇ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।

SGPC ਦੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਕੰਗਨਾ ਦੇ ਥੱਪੜ ਮੁੱਦੇ ’ਤੇ ਵੀ ਵਿਚਾਰ ਕੀਤਾ ਗਿਆ। SGPC ਪ੍ਰਧਾਨ ਨੇ ਕਿਹਾ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਨੂੰ ਸਜ਼ਾ ਦਿੱਤੀ ਗਈ ਪਰ ਕੰਗਨਾ ਜਿਹੜੀ ਪੰਜਾਬ ਦੇ ਲੋਕਾਂ ਦੇ ਖਿਲਾਫ ਨਫ਼ਰਤੀ ਭਾਸ਼ਾ ਦੀ ਵਰਤੋਂ ਕਰਦੀ ਉਸ ਨੂੰ ਇਨਾਮ ਵਜੋ ਸੁਰੱਖਿਆ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਜਿਸ ਤਰ੍ਹਾਂ ਕੰਗਨਾ ਨੇ ਵਿਵਾਦਿਤ ਟਿੱਪਣੀਆਂ ਕੀਤੀਆਂ ਉਨ੍ਹਾਂ ਤੇ ਪਰਚਾ ਬਣਦਾ ਹੈ। ਸਿਰਫ਼ ਇੰਨਾਂ ਹੀ ਨਹੀਂ ਪ੍ਰਧਾਨ ਧਾਮੀ ਨੇ ਕੰਗਨਾ ਥੱਪੜ ਕਾਂਡ ਤੋਂ ਬਾਅਦ ਹਿਮਾਚਲ ਵਿੱਚ ਹੋ ਰਹੇ ਪੰਜਾਬੀਆਂ ’ਤੇ ਹਮਲੇ ਦਾ ਵੀ ਨੋਟਿਸ ਲਿਆ। ਉਨ੍ਹਾਂ ਹਿਮਾਚਲ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਇਸ ਨਾਲ ਸਾਨੂੰ ਕੋਈ ਫ਼ਰਕ ਨਹੀਂ ਪਏਗਾ ਪੰਜਾਬੀ ਜੰਮੂ-ਕਸ਼ਮੀਰ ਘੁੰਮਣ ਲਈ ਚਲੇ ਜਾਣਗੇ ਨੁਕਸਾਨ ਹਿਮਾਚਲ ਟੂਰੀਜ਼ਮ ਦਾ ਹੋਵੇਗਾ।

ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰ ਅਰਚਨਾ ਮਕਵਾਨਾ ਵੱਲੋਂ ਯੋਗਾ ਕਰਨ ਵਾਲੇ ਵਿਵਾਦ ਸਬੰਧੀ SGP ਦੇ ਪ੍ਰਧਾਨ ਨੇ ਕਿਹਾ ਕਿ ਜੇ ਕੋਈ ਜਾਣਬੁੱਝ ਤੇ ਅਜਿਹੀ ਕਾਰਵਾਈ ਕਰਦਾ ਹੈ ਤਾਂ ਉਹ ਬਖ਼ਸ਼ਣਯੋਗ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਜਥੇਦਾਰ ਵੱਲੋਂ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਕਿਸੇ ਤਰ੍ਹਾਂ ਦੀ ਵੀਡੀਓਗ੍ਰਾਫ਼ੀ ਨਹੀਂ ਕੀਤੀ ਜਾਵੇਗੀ। ਸਿਰਫ਼ ਫ਼ੋਟੋ ਖਿੱਚਣ ਲਈ ਮੋਬਾਈਲ ਫ਼ੋਨ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਇਸ ਤੋਂ ਇਲਾਵਾ ਉਨ੍ਹਾਂ ਜਾਣਕਾਰੀ ਦਿੱਤੀ ਕਿ ਸ੍ਰੀ ਦਰਬਾਰ ਅੰਮ੍ਰਿਤਸਰ ਵਿੱਚ 2 ਨਵੇਂ ਗ੍ਰੰਥੀਆਂ ਦੀ ਵੀ ਨਿਯੁਕਤੀ ਕੀਤੀ ਗਈ ਹੈ। SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਵਿੱਚ ਘੱਟੋ-ਘੱਟ ਦੋ ਗ੍ਰੰਥੀ ਜ਼ਰੂਰ ਹੋਣੇ ਚਾਹੀਦੇ ਹਨ। ਇਨ੍ਹਾਂ ਵਿੱਚ ਪੰਜ ਪਿਆਰਿਆਂ ‘ਚ ਸੇਵਾ ਨਿਭਾ ਰਹੇ ਭਾਈ ਕੇਵਲ ਸਿੰਘ ਜੀ ਪੁੱਤਰ ਸੁਖਦੇਵ ਸਿੰਘ ਜੀ, ਅਤੇ ਪਰਵਿੰਦਰਪਾਲ ਸਿੰਘ ਜੀ ਪੁੱਤਰ ਭਾਈ ਭਾਨ ਸਿੰਘ ਦੇ ਨਾਂ ਦੀ ਸਿਫ਼ਾਰਿਸ਼ ਕੀਤੀ ਗਈ ਸੀ,ਜਿਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।

ਇਸ ਦੇ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜਲਾਵਤਨ ਭਾਈ ਗਜਿੰਦਰ ਸਿੰਘ ਦੇ ਅਕਾਲ ਚਲਾਣੇ ’ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਭਾਈ ਗਜਿੰਦਰ ਸਿੰਘ ਦਾ ਜੀਵਨ ਪੰਥ-ਪ੍ਰਸਤੀ, ਕੁਰਬਾਨੀ ਅਤੇ ਦ੍ਰਿੜ੍ਹਤਾ ਦੀ ਮਿਸਾਲ ਹੈ।

ਇਹ ਵੀ ਪੜ੍ਹੋ – ਅੰਮ੍ਰਿਤਪਾਲ ਸਿੰਘ ਪੈਰੋਲ ਦੇ ਕੇ ਸਰਕਾਰ ਨੇ ਕੀਤੀ ਖਾਨਾ ਫੂਰਤੀ : ਐਡਵੋਕੇਟ ਈਮਾਨ ਸਿੰਘ ਖਾਰਾ