ਬਿਉਰੋ ਰਿਪੋਰਟ – ਅਕਾਲੀ ਦਲ ਦੀ ਵਰਕਿੰਗ ਅਤੇ ਕੋਰ ਕਮੇਟੀ ਦੀ ਮੀਟਿੰਗ ਖ਼ਤਮ ਹੋ ਗਈ ਹੈ। ਪਾਰਟੀ ਦੇ ਲਈ ਲੰਮੇ ਸਮੇਂ ਰਣਨੀਤੀ ਤੈਅ ਕਰਨ ਦੇ ਲਈ ਜਨਰਲ ਡੈਲੀਗੇਟ ਦਾ ਇਜਲਾਸ ਬੁਲਾਉਣ ਦਾ ਫੈਸਲਾ ਲਿਆ ਗਿਆ ਹੈ। ਨਵੰਬਰ ਮਹੀਨੇ ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿੱਚ 3 ਦਿਨਾਂ ਦੇ ਲਈ ਇਹ ਇਜਲਾਸ ਬੁਲਾਇਆ ਜਾਵੇਗਾ।
ਇਸ ਇਜਲਾਸ ਵਿੱਚ ਪੰਜਾਬ ਅਤੇ ਪੰਥ ਨਾਲ ਜੁੜੇ ਹਰ ਮੁੱਦਿਆਂ ’ਤੇ ਬ੍ਰੇਨ ਸਟਾਰਮਿੰਗ ਹੋਵੇਗੀ। ਇਸ ਤੋਂ ਇਲਾਵਾ ਜਿਨ੍ਹਗਂ ਡੈਲੀਗੇਟ ਨੇ ਪਾਰਟੀ ਛੱਡੀ ਹੈ ਜਾਂ ਫਿਰ ਕਿਸੇ ਦੀ ਦਿਹਾਂਤ ਹੋਇਆ ਹੈ ਉਨ੍ਹਾਂ ਦੀ ਥਾਂ ਨਵੇਂ ਡੈਲੀਗੇਟ ਨਿਯੁਕਤ ਕਰਨ ਦਾ ਅਧਿਕਾਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦਿੱਤਾ ਗਿਆ ਹੈ।
ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਅਸੀਂ 4 ਜ਼ਿਮਨੀ ਚੋਣਾਂ ਨੂੰ ਪੂਰੀ ਤਿਆਰੀ ਨਾਲ ਲੜਾਂਗੇ ਇਸ ਦੇ ਲਈ 3 ਤੋਂ 4 ਆਬਜ਼ਰਵਰ ਨਿਯੁਕਤ ਕੀਤੇ ਜਾਣਗੇ ਜੋ ਉਮੀਦਵਾਰਾਂ ਦੇ ਨਾਂ ਤੋਂ ਲੈ ਕੇ ਚੋਣ ਪ੍ਰਚਾਰ ਦੀ ਪੂਰੀ ਰਣਨੀਤੀ ਤਿਆਰ ਕਰਨਗੇ। ਚੀਮਾ ਨੇ ਦੱਸਿਆ ਕਿ 30 ਜੁਲਾਈ ਅਤੇ 1 ਅਗਸਤ ਨੂੰ ਅਨੁਸ਼ਾਸਨਿਕ ਕਮੇਟੀ ਦੇ ਫੈਸਲਿਆਂ ’ਤੇ ਕੋਰ ਕਮੇਟੀ ਅਤੇ ਵਰਕਿੰਗ ਕਮੇਟੀ ਨੇ ਮੋਹਰ ਲਾ ਦਿੱਤੀ ਹੈ।
ਕੋਰ ਕਮੇਟੀ ਵਿੱਚ SIT ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਵਾਰ-ਵਾਰ ਸੱਦਣ ਦੀ ਨਿਖੇਧੀ ਕੀਤੀ ਗਈ ਹੈ ਇਸ ਨੂੰ ਬਦਲਾਖੋਰੀ ਦਾ ਨਾਂ ਦਿੱਤਾ ਗਿਆ ਹੈ। ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਸਾਰੀ ਪਾਰਟੀ ਮਜੀਠੀਆ ਦੇ ਨਾਲ ਖੜੀ ਹੈ, ਅਸੀਂ ਡਰਨ ਵਾਲੇ ਨਹੀਂ ਹਾਂ।
ਇਸ ਤੋਂ ਇਲਾਵਾ 15 ਅਗਸਤ ਨੂੰ ਕਰਨੈਲ ਸਿੰਘ ਈਸੜੂ ਦੀ ਯਾਦ ਵਿੱਚ ਈਸੜੂ ਵਿੱਚ ਸਿਆਸੀ ਕਾਨਫਰੰਸ ਬੁਲਾਈ ਜਾਵੇਗੀ। ਰੱਖੜ ਪੁੰਨਿਆ ’ਤੇ ਵੀ ਸਿਆਸੀ ਕਾਨਫਰੰਸ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ।