ਆਸਟ੍ਰੇਲੀਆ ਤੋਂ ਪੰਜਾਬ ਲਈ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਮੈਲਬਰਨ ‘ਚ ਪੰਜਾਬੀ ਮੂਲ ਦੇ ਪਰਿਵਾਰ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ। ਇਹ ਪਰਿਵਾਰ ਫਗਵਾੜਾ ਦਾ ਰਹਿਣ ਵਾਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਜਿਸ ਦੇ 4 ਜੀਆਂ ਦੀ ਮੌਤ ਹੋ ਗਈ ਹੈ। ਉਹ ਫਿਲਿਪ ਆਈਲੈਂਡ ਘੁੰਮਣ ਆਏ ਸਨ। ਜਿੱਥੇ ਉਹ ਪਾਣੀ ਵਿੱਚ ਡੁੱਬ ਗਏ। ਮ੍ਰਿਤਕਾਂ ਵਿੱਚ ਫਗਵਾੜਾ ਦੇ ਸਮਾਜ ਸੇਵੀ ਸੋਂਧੀ ਪਰਿਵਾਰ ਦੀ ਨੂੰਹ ਵੀ ਸ਼ਾਮਲ ਹੈ। ਉਸ ਦੀ ਪਛਾਣ ਰੀਮਾ ਸੋਂਧੀ ਵਾਸੀ ਫਗਵਾੜਾ (ਪੰਜਾਬ) ਵਜੋਂ ਹੋਈ ਹੈ।
ਆਸਟ੍ਰੇਲੀਆ ਵਿਚ ਭਾਰਤੀ ਹਾਈ ਕਮਿਸ਼ਨ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਮਰਨ ਵਾਲਿਆਂ ‘ਚ ਤਿੰਨ ਲੋਕਾਂ ਦੀ ਉਮਰ 20 ਸਾਲ ਦੇ ਕਰੀਬ ਸੀ, ਜਦਕਿ ਇਕ ਔਰਤ ਦੀ ਉਮਰ 40 ਸਾਲ ਦੇ ਕਰੀਬ ਸੀ।
ਔਰਤ ਦੇ ਪਰਿਵਾਰਕ ਮੈਂਬਰ ਦੀਪਕ ਸੋਂਧੀ ਨੇ ਦੱਸਿਆ ਕਿ ਉਸ ਦੀ ਭਰਜਾਈ ਰੀਮਾ ਸੋਂਧੀ ਆਪਣੇ ਭਰਾ ਸੰਜੀਵ ਸੋਂਧੀ ਨਾਲ ਕੁਝ ਦਿਨ ਪਹਿਲਾਂ ਆਪਣੇ ਪਰਿਵਾਰ ਨੂੰ ਮਿਲਣ ਫਗਵਾੜਾ ਤੋਂ ਆਸਟ੍ਰੇਲੀਆ ਗਈ ਸੀ। ਵੀਰਵਾਰ ਨੂੰ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਰੀਮਾ ਸੋਂਧੀ ਦੀ ਪਾਣੀ ‘ਚ ਡੁੱਬਣ ਨਾਲ ਮੌਤ ਹੋ ਗਈ ਹੈ।
ਫਿਲਿਪ ਆਈਲੈਂਡ ‘ਚ ਜਿੱਥੇ ਇਹ ਹਾਦਸਾ ਵਾਪਰਿਆ ਹੈ, ਉੱਥੇ ਰੀਮਾ ਸੋਂਧੀ ਦੇ ਨਾਨਕੇ ਪਰਿਵਾਰ ਸਮੇਤ ਉਸ ਦੇ ਦੋ ਰਿਸ਼ਤੇਦਾਰਾਂ ਦੀ ਵੀ ਮੌਤ ਹੋ ਗਈ ਹੈ, ਜਦਕਿ ਇਕ ਹੋਰ ਨੂੰ ਗੰਭੀਰ ਹਾਲਤ ‘ਚ ਹਸਪਤਾਲ ਲਿਜਾਇਆ ਗਿਆ ਹੈ। ਦੀਪਕ ਸੋਂਧੀ ਨੇ ਦੱਸਿਆ ਕਿ ਘਟਨਾ ਸਮੇਂ ਉਸ ਦੀ ਭਾਬੀ ਰੀਮਾ ਦੇ ਨਾਲ ਉਸ ਦਾ ਭਰਾ ਸੰਜੀਵ ਵੀ ਮੌਜੂਦ ਸੀ। ਸੰਜੀਵ ਪਾਣੀ ਵਿੱਚ ਡੁੱਬਣ ਤੋਂ ਬਚ ਗਿਆ।
ਘਟਨਾ 24 ਜਨਵਰੀ ਦੀ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਪਹਿਰ ਕਰੀਬ 3 ਵਜੇ ਫਿਲਿਪ ਟਾਪੂ ‘ਤੇ ਲੋਕਾਂ ਦੇ ਡੁੱਬਣ ਦੀ ਸੂਚਨਾ ਮਿਲੀ। ਸੂਚਨਾ ਮਿਲਣ ‘ਤੇ ਬਚਾਅ ਟੀਮ ਮੌਕੇ ‘ਤੇ ਪਹੁੰਚ ਗਈ। ਟੀਮ ਨੇ ਤਿੰਨ ਔਰਤਾਂ ਅਤੇ ਇੱਕ ਨੌਜਵਾਨ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ। ਇਸ ਤੋਂ ਬਾਅਦ ਸਾਰਿਆਂ ਨੂੰ ਸੀਪੀਆਰ ਦੇ ਕੇ ਹੋਸ਼ ‘ਚ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਪਰ ਤਿੰਨਾਂ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।