ਬਿਉਰੋ ਰਿਪੋਰਟ: ਅਸਾਮ ਵਿੱਚ ਅੱਜ ਵੀਰਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਮ ਕਰੀਬ 4:30 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ’ਤੇ ਇਸ ਦੀ ਤੀਬਰਤਾ 4.3 ਮਾਪੀ ਗਈ। ਭੂਚਾਲ ਦਾ ਕੇਂਦਰ ਕਾਮਪੁਰ ਟਾਊਨ ਤੋਂ ਕਰੀਬ 5 ਕਿਲੋਮੀਟਰ ਦੂਰ ਸੀ। ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਅਸਾਮ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਤੀਬਰਤਾ ਵਾਲਾ ਭੂਚਾਲ 15 ਅਗਸਤ 1950 ਨੂੰ ਆਇਆ ਸੀ। ਜਦੋਂ ਭਾਰਤ ਆਪਣੀ ਆਜ਼ਾਦੀ ਦੀ ਤੀਸਰੀ ਵਰ੍ਹੇਗੰਢ ਮਨਾ ਰਿਹਾ ਸੀ ਤਾਂ ਦੂਰ ਉੱਤਰ-ਪੂਰਬੀ ਰਾਜ ਆਸਾਮ ਅਤੇ ਇਸ ਦੇ ਆਸ-ਪਾਸ ਦੇ ਸਰਹੱਦੀ ਇਲਾਕਿਆਂ ਵਿੱਚ 8.6 ਤੀਬਰਤਾ ਦਾ ਭੂਚਾਲ ਆਇਆ। ਇਹ ਇੰਨਾ ਜ਼ਬਰਦਸਤ ਸੀ ਕਿ ਨਦੀਆਂ ਨੇ ਆਪਣੇ ਬੰਨ੍ਹ ਤੋੜ ਦਿੱਤੇ ਅਤੇ ਜ਼ਮੀਨ ਖਿਸਕਣ ਨਾਲ ਹਿਮਾਲਿਆ ਦੀਆਂ ਘਾਟੀਆਂ ਬੰਦ ਹੋ ਗਈਆਂ। ਇਸ ਕਾਰਨ ਸ਼ਹਿਰ, ਪਿੰਡ, ਸੜਕਾਂ, ਖੇਤ ਅਤੇ ਚਾਹ ਦੇ ਬਾਗ ਤਬਾਹ ਹੋ ਗਏ ਸਨ।