‘ਦ ਖ਼ਾਲਸ ਬਿਊਰੋ : ਦਿੱਲੀ ਦੀ ਤਰਜ਼ ‘ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਸੂਬੇ ਦੇ ਅਧਿਆਪਕਾਂ ਨੂੰ ਬਿਹਤਰ ਸਿਖਲਾਈ ਲਈ ਵਿਦੇਸ਼ ਭੇਜੇਗੀ। ਸੂਬੇ ਦੇ 36 ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦੇ ਪਹਿਲੇ ਬੈਚ ਨੂੰ ਸਿਖਲਾਈ ਲਈ ਸਿੰਗਾਪੁਰ ਭੇਜਿਆ ਜਾਵੇਗਾ। ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਸੂਬੇ ਦੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿੱਖਿਆ ਪ੍ਰਣਾਲੀ ਮੁਹੱਈਆ ਕਰਵਾਉਣ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ।
ਜਾਣਕਾਰੀ ਅਨੁਸਾਰ ਪੰਜਾਬ ਦੇ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲ ਸਿਖਲਾਈ ਲਈ ਸਿੰਗਾਪੁਰ ਜਾਣਗੇ। ਪਹਿਲੇ ਬੈਚ ਦੇ ਇਹ ਪ੍ਰਿੰਸੀਪਲ 4 ਫਰਵਰੀ ਨੂੰ ਇੱਕ ਹਫ਼ਤੇ ਦੀ ਸਿਖਲਾਈ ਲਈ ਰਵਾਨਾ ਹੋਣਗੇ। ਦੂਸਰਾ ਬੈਚ ਮਾਰਚ ਮਹੀਨੇ ਵਿੱਚ ਜਾਵੇਗਾ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਪ੍ਰਿੰਸੀਪਲਾਂ ਨੂੰ ਵਿਦੇਸ਼ ਭੇਜਣ ਲਈ ਰਸਮੀ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ।
ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਸਰਕਾਰੀ ਖ਼ਰਚੇ ’ਤੇ 60 ਪ੍ਰਿੰਸੀਪਲ ਸਿਖਲਾਈ ਲਈ ਸਿੰਗਾਪੁਰ ਜਾਣਗੇ। ਹਰਜੋਤ ਬੈਂਸ ਦਾ ਕਹਿਣਾ ਹੈ ਕਿ ਪ੍ਰਿੰਸੀਪਲ ਅਕੈਡਮੀ ਸਿੰਗਾਪੁਰ ਨਾਲ ਸਿੱਖਿਆ ਵਿਭਾਗ ਦੇ ਇੰਟਰਨੈਸ਼ਨਲ ਫ਼ੌਰਨ ਟਰੇਨਿੰਗ ਸੈੱਲ ਦਾ ਐੱਮਓਯੂ ਸਾਈਨ ਹੋਇਆ ਹੈ ਤੇ ਹੋਰ ਮੁਲਕਾਂ ਨਾਲ ਵੀ ਸਮਝੌਤੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਆਉਂਦੇ ਸਮੇਂ ਵਿੱਚ ਹਰ ਮਹੀਨੇ ਅਧਿਆਪਕ ਸਿਖਲਾਈ ਲਈ ਦੇਸ਼ ਅਤੇ ਵਿਦੇਸ਼ ਵਿੱਚ ਭੇਜੇ ਜਾਣਗੇ।
ਪੰਜਾਬ ਦੀ ਸਕੂਲ ਸਿੱਖਿਆ ਨੂੰ ਅੰਤਰਰਾਸ਼ਟਰੀ ਪੱਧਰ ਦੀ ਬਣਾਉਣ ਦਾ ਕੰਮ ਸ਼ੁਰੂ।ਸੂਬੇ ਦੇ 36 ਸਕੂਲ ਪ੍ਰਿੰਸੀਪਲਾਂ ਦਾ ਪਹਿਲਾ ਗਰੁੱਪ 4 ਫ਼ਰਵਰੀ ਨੂੰ ਸਿੰਘਾਪੁਰ ਦੀ ਪ੍ਰਿੰਸੀਪਲ'ਜ ਅਕੈਡਮੀ ਵਿੱਚ ਵਿਦੇਸ਼ੀ ਟਰੇਨਿੰਗ ਵਾਸਤੇ ਜਾ ਰਿਹਾ ਹੈ। ਅੰਤਰਰਾਸ਼ਟਰੀ ਮਿਆਰਾਂ ਵਾਲਾ ਸਿੱਖਿਆ ਸਿਸਟਮ ਮੁਹੱਈਆ ਕਰਵਾਉਣ ਦਾ ਕੀਤਾ ਵਾਅਦਾ ਹੁਣ ਪੂਰਾ ਕਰਨ ਜਾ ਰਹੇ ਹਾਂ। pic.twitter.com/soJ8WanMYw
— Harjot Singh Bains (@harjotbains) January 20, 2023
ਉਨ੍ਹਾਂ ਦੱਸਿਆ ਕਿ ਪਾਰਦਰਸ਼ੀ ਤਰੀਕੇ ਨਾਲ ਪ੍ਰਿੰਸੀਪਲਾਂ ਦੀ ਸਿਖਲਾਈ ਲਈ ਚੋਣ ਕੀਤੀ ਗਈ ਹੈ। ਸਿੱਖਿਆ ਵਿਭਾਗ ਦੇ ਇੰਟਰਨੈਸ਼ਨਲ ਫ਼ੌਰਨ ਟਰੇਨਿੰਗ ਸੈੱਲ ਵੱਲੋਂ ਸਿਖਲਾਈ ਵਾਸਤੇ ਪ੍ਰਿੰਸੀਪਲਾਂ ਦੀ ਚੋਣ ਲਈ ਦਰਖਾਸਤਾਂ ਦੀ ਮੰਗ ਕੀਤੀ ਗਈ ਸੀ ਤੇ ਪੰਜਾਬ ਭਰ ’ਚੋਂ 90 ਪ੍ਰਿੰਸੀਪਲਾਂ ਨੇ ਵਿਦੇਸ਼ ਸਿਖਲਾਈ ਵਾਸਤੇ ਹੁੰਗਾਰਾ ਭਰਿਆ ਸੀ। ਇਨ੍ਹਾਂ ’ਚੋਂ 60 ਪ੍ਰਿੰਸੀਪਲਾਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਨੂੰ ਦੋ ਪੜਾਵਾਂ ਵਿੱਚ ਵਿਦੇਸ਼ ਭੇਜਿਆ ਜਾ ਰਿਹਾ ਹੈ।
ਸਕੂਲ ਸਿੱਖਿਆ ਵਿਭਾਗ ਨੇ ਅੱਜ 105 ‘ਸਕੂਲ ਆਫ਼ ਐਕਸੀਲੈਂਸ ਦਾ ਐਲਾਨ ਵੀ ਕਰ ਦਿੱਤਾ ਸੀ ਪਰ ਮਗਰੋਂ ਮਹਿਕਮੇ ਨੇ ਪੱਤਰ ਜਾਰੀ ਕਰਕੇ ਇਨ੍ਹਾਂ ਸਕੂਲਾਂ ਦੀ ਸੂਚੀ ਵਾਪਸ ਲੈ ਲਈ ਹੈ। ‘ਸਕੂਲ ਆਫ਼ ਐਕਸੀਲੈਂਸ’ ਵਿਚ ਬਹੁਗਿਣਤੀ ਸਕੂਲ ਉਹ ਹਨ, ਜੋ ਕਾਂਗਰਸ ਸਰਕਾਰ ਸਮੇਂ ਸਮਾਰਟ ਸਕੂਲ ਬਣੇ ਸਨ। ਮਹਿਕਮੇ ਨੇ ਸੂਚੀ ਨੂੰ ਕਿਉਂ ਵਾਪਸ ਲਿਆ ਹੈ, ਇਸ ਦੀ ਚਰਚਾ ਛਿੜੀ ਹੋਈ ਹੈ।
ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਆਪਣੇ ਅਧਿਆਪਕਾਂ ਨੂੰ ਟਰੇਨਿੰਗ ਲਈ ਵਿਦੇਸ਼ ਭੇਜ ਰਹੀ ਹੈ, ਉੱਥੇ ਹੀ ਦੂਜੇ ਪਾਸੇ ਅਧਿਆਪਕਾਂ ਨੂੰ ਟਰੇਨਿੰਗ ਲਈ ਵਿਦੇਸ਼ ਭੇਜਣ ਨੂੰ ਲੈ ਕੇ ‘ਆਪ’ ਸਰਕਾਰ ਅਤੇ ਦਿੱਲੀ ਦੇ ਐਲ.ਜੀ. ਕੇਜਰੀਵਾਲ ਨੇ ਦੋਸ਼ ਲਾਇਆ ਹੈ ਕਿ ਐਲਜੀ ਵੀਕੇ ਸਕਸੈਨਾ ਦਿੱਲੀ ਦੇ ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ ਭੇਜਣ ਦੀ ਇਜਾਜ਼ਤ ਨਹੀਂ ਦੇ ਰਹੇ ਹਨ ਅਤੇ ਉਨ੍ਹਾਂ ਦੀਆਂ ਫਾਈਲਾਂ ਨੂੰ ਰੋਕ ਦਿੱਤਾ ਹੈ।