India Religion

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਉੱਤਰਾਖੰਡ ਸਰਕਾਰ ਦਾ ਫੈਸਲਾ! ਫਿਲਹਾਲ ਰੋਜ਼ਾਨਾ ਭੇਜੇ ਜਾਣਗੇ 3500 ਸ਼ਰਧਾਲੂ

ਉੱਤਰਾਖੰਡ ਸਰਕਾਰ ਨੇ ਤੈਅ ਕੀਤਾ ਹੈ ਕਿ ਇਸ ਵਾਰ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਵਾਸਤੇ ਫਿਲਹਾਲ 3500 ਸ਼ਰਧਾਲੂ ਹੀ ਪ੍ਰਤੀ ਦਿਨ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਵਾਸਤੇ ਜਾ ਸਕਣਗੇ। ਸ਼ਰਧਾਲੂਆਂ ਦੀ ਇਹ ਗਿਣਤੀ ਉੱਤਰਾਖੰਡ ਸਰਕਾਰ ਵੱਲੋਂ ਤੈਅ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹਾਲ ਹੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਤੇ ਗੁਰਦੁਆਰਾ ਮੈਨੇਜਮੈਂਟ ਟਰੱਸਟ ਦੇ ਅਧਿਕਾਰੀਆਂ ਵੱਲੋਂ ਸਥਿਤੀ ਦਾ ਨਿਰੀਖਣ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਜ਼ਿਲ੍ਹਾ ਅਧਿਕਾਰੀ ਹਿਮਾਂਸ਼ੂ ਖੁਰਾਣਾ ਦੀ ਅਗਵਾਈ ਹੇਠ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਗੁਰਦੁਆਰਾ ਟਰੱਸਟ ਦੇ ਪ੍ਰਬੰਧਕਾਂ ਨੇ ਗੁਰਦੁਆਰਾ ਗੋਬਿੰਦ ਘਾਟ ਤੋਂ ਲੈ ਕੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੱਕ ਲਗਪਗ 19 ਕਿਲੋਮੀਟਰ ਲੰਬੇ ਪੈਦਲ ਮਾਰਗ ਦਾ ਨਿਰੀਖਣ ਕੀਤਾ ਸੀ।

ਨਿਰੀਖਣ ਤੋਂ ਬਾਅਦ ਮੌਜੂਦਾ ਜ਼ਮੀਨੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਉਤਰਾਖੰਡ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਤੇ ਪ੍ਰਬੰਧਕਾਂ ਵੱਲੋਂ ਪ੍ਰਤੀ ਦਿਨ 3500 ਸ਼ਰਧਾਲੂਆਂ ਦੀ ਗਿਣਤੀ ਨਿਰਧਾਰਿਤ ਕੀਤੀ ਗਈ ਹੈ ਜੋ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦਰਸ਼ਨ ਕਰਨ ਵਾਸਤੇ ਜਾ ਸਕਣਗੇ।

ਪ੍ਰਧਾਨ ਬਿੰਦਰਾ ਨੇ ਦੱਸਿਆ ਕਿ ਮੌਜੂਦਾ ਸਥਿਤੀ ਵਿੱਚ ਉੱਥੇ ਕਾਫੀ ਬਰਫ਼ ਹੈ ਅਤੇ ਬਰਫ਼ ਪਿਘਲਣ ਤੋਂ ਬਾਅਦ ਯਾਤਰੀਆਂ ਦੀ ਗਿਣਤੀ ਬਾਰੇ ਮੁੜ ਵਿਚਾਰ ਕੀਤਾ ਜਾਵੇਗਾ। ਇਸੇ ਦੇ ਮੱਦੇਨਜ਼ਰ ਬਜ਼ੁਰਗ ਅਤੇ ਬੱਚਿਆਂ ਨੂੰ ਵੀ ਫਿਲਹਾਲ 15 ਦਿਨ ਯਾਤਰਾ ਨਾ ਕਰਨ ਦਾ ਸੁਝਾਅ ਦਿੱਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਯਾਤਰਾ ਦੀ ਸ਼ੁਰੂਆਤ 22 ਮਈ ਨੂੰ ਹੋਵੇਗੀ। ਇਸ ਸਬੰਧੀ ਸਿੱਖ ਸ਼ਰਧਾਲੂਆਂ ਦਾ ਪਹਿਲਾ ਜਥਾ ਗੁਰਦੁਆਰਾ ਸ੍ਰੀ ਰਿਸ਼ੀਕੇਸ਼ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਰਵਾਨਾ ਹੋਵੇਗਾ, ਜਿਸ ਨੂੰ ਸੂਬੇ ਦੇ ਰਾਜਪਾਲ ਤੇ ਸੰਤ ਸਮਾਜ ਵੱਲੋਂ ਰਵਾਨਾ ਕੀਤਾ ਜਾਵੇਗਾ। ਇਸ ਤੋਂ ਬਾਅਦ 25 ਮਈ ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤ ਵਾਸਤੇ ਖੋਲ੍ਹ ਦਿੱਤੇ ਜਾਣਗੇ।

25 ਮਈ ਨੂੰ ਸਿੱਖ ਮਰਿਆਦਾ ਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਵੇਗਾ ਅਤੇ ਪਹਿਲੀ ਅਰਦਾਸ ਹੋਵੇਗੀ। ਇਸ ਯਾਤਰਾ ਵਾਸਤੇ ਆਉਣ ਵਾਲੇ ਹਰੇਕ ਯਾਤਰੀ ਨੂੰ ਸਰਕਾਰ ਦੇ ਕੋਲ ਆਨਲਾਈਨ ਰਜਿਸਟਰੇਸ਼ਨ ਕਰਵਾਉਣੀ ਜ਼ਰੂਰੀ ਹੋਵੇਗੀ। ਇਹ ਵਿਵਸਥਾ ਸ਼ਰਧਾਲੂਆਂ ਦੀ ਸੁਵਿਧਾ ਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ।