Punjab

ਜਥੇਦਾਰ ਰਣਜੀਤ ਸਿੰਘ ਦੇ ਗੰਭੀਰ ਇਲਜ਼ਾਮਾਂ ਦਾ ਜਾਂਚ ਕਰਨ ਵਾਲੇ ਈਸ਼ਰ ਸਿੰਘ ਨੇ ਦਿੱਤਾ ਇਹ ਜਵਾਬ

‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- ਪੰਥਕ ਅਕਾਲੀ ਲਹਿਰ ਨੇ ਲੰਘੀ 7 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਿਸ਼ਾਲ ਰੋਸ ਮਾਰਚ ਕੱਢਿਆ ਸੀ। ਜਿਸ ਦੀ ਅਗਵਾਈ ਕਰ ਰਹੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ‘ਤੇ ਗੰਭੀਰ ਦੋਸ਼ ਲਾਉਂਦਿਆ ਆਖਿਆ ਸੀ ਕਿ ਗਾਇਬ ਹੋਏ 328 ਪਾਵਨ ਸਰੂਪਾਂ ਵਾਲੀ ਜਿਹੜੀ ਜਾਂਚ ਰਿਪੋਰਟ ਜਨਤਕ ਕੀਤੀ ਗਈ ਹੈ, ਉਹ ਨਕਲੀ ਹੈ। ਭਾਈ ਰਣਜੀਤ ਸਿੰਘ ਵੱਲੋਂ ਲਾਏ ਇਹਨਾਂ ਆਰੋਪਾਂ ਦਾ ਜਵਾਬ ਹੁਣ ਜਾਂਚ ਕਰਨ ਵਾਲੇ ਭਾਈ ਈਸ਼ਰ ਸਿੰਘ ਜੀ ਨੇ ਖੁਦ ਦਿੱਤਾ ਹੈ।

 

7 ਨਵੰਬਰ ਨੂੰ ਭਾਈ ਰਣਜੀਤ ਸਿੰਘ ਸੰਗਤ ਨੂੰ ਸੰਬੋਧਨ ਕਰਦੇ ਹੋਏ

 

ਭਾਈ ਈਸ਼ਰ ਸਿੰਘ ਨੇ ਕਿਹਾ ਕਿ “328 ਪਾਵਨ ਸਰੂਪਾਂ ਦੀ ਜਾਂਚ ਰਿਪੋਰਟ ਦੀਆਂ 3 ਕਾਪੀਆਂ ਤਿਆਰ ਕੀਤੀਆਂ ਗਈਆਂ ਹਨ। ਅਜਿਹਾ ਬਿਲਕੁਲ ਵੀ ਨਹੀਂ ਹੈ ਕਿ ਕੋਈ ਅਸਲ ਜਾਂ ਕੋਈ ਨਕਲ ਕਾਪੀ ਹੈ। ਇਸ ਜਾਂਚ ਰਿਪੋਰਟ ਦੀ ਇੱਕ ਕਾਪੀ ਮੇਰੇ ਕੋਲ ਹੈ, ਜਿਸਦੇ ਹਰ ਪੰਨੇ ‘ਤੇ ਤਿੰਨਾਂ ਮੈਂਬਰਾਂ ਦੇ ਦਸਤਖ਼ਤ ਕੀਤੇ ਹੋਏ ਹਨ ਅਤੇ ਬਾਕੀ ਦੀਆਂ 2 ਕਾਪੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸੌਂਪ ਦਿੱਤੀਆਂ ਗਈਆਂ ਸਨ, ਜਿੰਨਾਂ ਦੇ ਅਖੀਰਲੇ ਪੰਨੇ ‘ਤੇ ਸਾਡੇ ਤਿੰਨਾਂ ਜਾਂਚ-ਕਰਤਾਵਾਂ ਦੇ ਦਸਤਖ਼ਤ ਕੀਤੇ ਹੋਏ ਹਨ।”

 

ਭਾਈ ਈਸ਼ਰ ਸਿੰਘ ਨੇ ਕਿਹਾ ਕਿ “ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜਿੰਨ੍ਹਾਂ ਦੀ ਬੋਲਬਾਣੀ ਕਾਫੀ ਖਹੁਰੀ ਸੀ, ਉਹਨਾਂ ਨੇ ਬਹੁਤ ਸਾਰੇ ਝੂਠ ਬੋਲੇ ਹਨ। ਪਹਿਲਾ ਝੂਠ ਇਹ ਹੈ ਕਿ ਭਾਈ ਰਣਜੀਤ ਸਿੰਘ ਨੇ ਕਿਹਾ ਕਿ 125 ਪਾਵਨ ਸਰੂਪ, ਜਿਨ੍ਹਾਂ ਦੀ ਜਿਲਦ ਸਾਂਝੀ ਹੋ ਚੁੱਕੀ ਸੀ। ਭਾਈ ਈਸ਼ਰ ਸਿੰਘ ਨੇ ਕਿਹਾ ਅਜਿਹਾ ਨਹੀਂ ਸੀ, ਬਿਨਾਂ ਜਿਲਦਾਂ ਤੋਂ ਵਧੇਰੇ ਅੰਗਾਂ ਤੋਂ ਬਣਾਏ ਗਏ ਸਨ। ਦੂਜਾ ਝੂਠ ਇਹ ਬੋਲਿਆ ਗਿਆ ਕਿ ਈਸ਼ਰ ਸਿੰਘ ਅਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਮਾਤੀ ਹਨ, ਜਦਕਿ ਅਜਿਹਾ ਨਹੀਂ ਹੈ। ਮੈਂ ਤਾਂ ਸਿੰਘ ਸਾਹਿਬ ਤੋਂ ਉਮਰ ਵਿੱਚ ਕਾਫੀ ਵੱਡਾ ਹਾਂ। ਤੀਸਰਾ ਝੂਠ, ਭਾਈ ਰਣਜੀਤ ਸਿੰਘ ਨੇ ਕਿਹਾ ਕਿ ਇਸ ਰਿਪੋਰਟ ਵਿੱਚ ਲਿਖਿਆ ਹੈ ਕਿ ਬਾਦਲ ਦੋਸ਼ੀ ਹਨ, ਜਦਕਿ ਅਜਿਹਾ ਬਿਲਕੁਲ ਵੀ ਨਹੀਂ ਲਿਖਿਆ ਗਿਆ”।

 

ਭਾਈ ਈਸ਼ਰ ਸਿੰਘ ਨੇ ਕਿਹਾ ਅਸੀਂ ਸਾਰੀ ਜਾਂਚ ਮਹਾਰਾਜ ਨੂੰ ਹਾਜ਼ਰ-ਨਾਜਰ ਮੰਨ ਕੇ ਕੀਤੀ ਹੈ। ਉਹਨਾਂ ਕਿਹਾ ਕਿ ਭਾਈ ਰਣਜੀਤ ਸਿੰਘ ਤੋਂ ਸੁਚੇਤ ਰਹੋ, ਕਿਉਂਕਿ ਉਹ ਝੂਠ ਬੋਲ ਰਹੇ ਹਨ।