‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਕਿਸਾਨ ਮੋਰਚਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਉਸ ਬਿਆਨ ਨੂੰ ਬਹੁਤ ਗੰਭੀਰਤਾ ਦੇ ਨਾਲ ਲਿਆ ਹੈ, ਜਿਸ ਵਿੱਚ ਉਨ੍ਹਾਂ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਧਮਕੀ ਦਿੱਤੀ ਹੈ ਕਿ ਜੇ ਮੈਂ ਇੱਕ ਇਸ਼ਾਰਾ ਕਰ ਦੇਵਾਂ ਤਾਂ ਜੋ ਸਵਾਲ-ਜਵਾਬ ਕਰਦੇ ਹਨ, ਉਹ ਲੱਭਣਗੇ ਨਹੀਂ। ਉਨ੍ਹਾਂ ਨੇ ਇਸ ਬਿਆਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਸੰਯੁਕਤ ਕਿਸਾਨ ਮੋਰਚਾ ਉਨ੍ਹਾਂ ਦੀਆਂ ਗਿੱਦੜ ਧਮਕੀਆਂ ਤੋਂ ਨਹੀਂ ਡਰਦਾ ਅਤੇ ਸੁਖਬੀਰ ਬਾਦਲ ਆਪਣੀ ਜ਼ੁਬਾਨ ਅਤੇ ਭਾਸ਼ਾ ‘ਤੇ ਲਗਾਮ ਲਾਉਣ। ਕਿਸਾਨ ਲੀਡਰਾਂ ਨੇ ਪੰਜਾਬ ਦੇ ਸਾਰੇ
ਕਿਸਾਨਾਂ ਨੂੰ ਇਨ੍ਹਾਂ ਸਿਆਸੀ ਲੀਡਰਾਂ ਦੀਆਂ ਰੈਲੀਆਂ ਵਿੱਚ ਨਾ ਜਾਣ ਦੀ ਅਪੀਲ ਕੀਤੀ ਹੈ। ਕਿਸਾਨ ਲੀਡਰਾਂ ਨੇ ਕੱਲ੍ਹ ਮੋਗਾ ਵਿੱਚ ਕਿਸਾਨਾਂ ‘ਤੇ ਹੋਏ ਲਾਠੀਚਾਰਜ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਮੋਗਾ, ਮਾਛੀਵਾੜਾ ਅਤੇ ਹੋਰ ਥਾਂਵਾਂ ‘ਤੇ ਕਿਸਾਨਾਂ ਵਿਰੁੱਧ ਦਰਜ ਕੀਤੇ ਗਏ ਕੇਸ ਤੁਰੰਤ ਵਾਪਸ ਲੈ ਲਏ ਜਾਣ।

ਕਿਸਾਨ ਲੀਡਰਾਂ ਨੇ ਕਿਹਾ ਕਿ 5 ਸਤੰਬਰ ਨੂੰ ਮੁਜ਼ੱਫ਼ਰਨਗਰ ਵਿੱਚ ਕਿਸਾਨਾਂ ਦੀ ਮਹਾਂ ਰੈਲੀ ਹੋਣ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਕੀਤੀ ਜਾਵੇਗੀ, ਜਿਸ ਵਿੱਚ ਅਸੀਂ ਅਗਲੇ ਕਈ ਅਹਿਮ ਅਤੇ ਸਖ਼ਤ ਐਲਾਨ ਕਰਾਂਗੇ, ਜੇਕਰ ਸਰਕਾਰ ਨੇ ਦਰਜ ਪਰਚੇ ਵਾਪਸ ਨਾ ਲਏ। 5 ਸਤੰਬਰ ਨੂੰ ਪਿੰਡ ਵਿੱਚ ਕੋਈ ਵੀ ਕਿਸਾਨ ਵਿਰੋਧੀ ਮੀਟਿੰਗ ਨਹੀਂ ਹੋਣ ਦਿੱਤੀ ਜਾਵੇਗੀ। ਇਹ ਸਮਾਚਾਰ ਰਿਪੋਰਟਾਂ ਦੇ ਸੰਕੇਤ ਤੋਂ ਬਾਅਦ ਕੀਤਾ ਗਿਆ ਸੀ ਕਿ 5 ਸਤੰਬਰ ਨੂੰ ਸਿੰਘੂ ਬਾਰਡਰ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਮੁਕਾਬਲਾ ਕਰਨ ਲਈ ਇੱਕ ਮੀਟਿੰਗ ਦਾ ਆਯੋਜਨ ਕੀਤਾ ਜਾਵੇਗਾ। ਨੰਗਲ ਪਿੰਡ ਦੀ ਪੰਚਾਇਤ ਨੇ ਹਾਲਾਂਕਿ ਸਪੱਸ਼ਟ ਫੈਸਲਾ ਲਿਆ ਅਤੇ ਅਜਿਹੀ ਕੋਈ ਮੀਟਿੰਗ ਨਾ ਹੋਣ ਦੇਣ ਦਾ ਸੰਕਲਪ ਲਿਆ।

ਉਨ੍ਹਾਂ ਕਿਹਾ ਕਿ 28 ਅਗਸਤ ਨੂੰ ਹਰਿਆਣਾ ਦੇ ਕਰਨਾਲ ਵਿੱਚ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ‘ਤੇ ਬੇਵਜ੍ਹਾ ਕੀਤੇ ਗਏ ਸਖ਼ਤ ਲਾਠੀਚਾਰਜ ਦੇ ਚੱਲਦਿਆਂ ਹਰਿਆਣਾ ਦੇ ਕਿਸਾਨਾਂ ਨਾਲ ਹਰ ਪੱਧਰ ‘ਤੇ ਸਾਥ ਦਿੱਤਾ ਜਾਵੇਗਾ। ਕਿਸਾਨ ਲੀਡਰਾਂ ਨੇ ਕਰਨਾਲ ਦੇ ਐੱਸਡੀਐੱਮ ਵੱਲੋਂ ਜਨਰਲ ਡਾਇਰ ਵਾਂਗ ਕਿਸਾਨਾਂ ਦੇ ਸਿਰ ਪਾੜਨ ਅਤੇ ਹੱਡੀਆਂ-ਪਸਲੀਆਂ ਤੋੜਨ ਦੀ ਪੁਲਿਸ ਨੂੰ ਦਿੱਤੀ ਹਦਾਇਤ ਦੀ ਘੋਰ ਨਿੰਦਾ ਕੀਤੀ ਹੈ। ਕਿਸਾਨ ਲੀਡਰਾਂ ਨੇ ਹਰਿਆਣਾ ਸਰਕਾਰ ਨੂੰ ਐੱਸਡੀਐੱਮ ਅਤੇ ਹੋਰ ਦੋਸ਼ੀ ਪੁਲਿਸ ਅਫ਼ਸਰਾਂ ਖਿਲਾਫ਼ ਧਾਰਾ 302 ਅਧੀਨ ਕਤਲ ਦਾ ਪਰਚਾ ਦਰਜ ਕਰਨ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਜੋ ਵੀ ਫੈਸਲਾ ਕਰਨਗੀਆਂ, ਕਿਸਾਨ ਮੋਰਚਾ ਉਨ੍ਹਾਂ ਦੀ ਪਿੱਠ ਪਿੱਛੇ ਪੂਰੀ ਤਾਕਤ ਨਾਲ ਖੜ੍ਹਾ ਹੋਵੇਗਾ ਅਤੇ ਉਨ੍ਹਾਂ ਦਾ ਸਾਥ ਦੇਵੇਗਾ।

ਕਿਸਾਨ ਲੀਡਰਾਂ ਨੇ ਇੱਕ ਹੋਰ ਫੈਸਲਾ ਲੈਂਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਤੋਂ ਉਨ੍ਹਾਂ ਦੀ ਜ਼ਮੀਨਾਂ ਦੀਆਂ ਫਰਦਾਂ ਮੰਗ ਰਹੀ ਹੈ ਜਿਸਨੂੰ ਸਰਕਾਰ ਜਮ੍ਹਾਬੰਦੀਆਂ ਪੋਰਟਲ ‘ਤੇ ਚੜਾਉਣਾ ਚਾਹੁੰਦੀ ਹੈ। ਕਿਸਾਨ ਲੀਡਰਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਆਪਣੀਆਂ ਫਰਦਾਂ ਜਮ੍ਹਾ ਨਾ ਕਰਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਇਸ ਵਜ੍ਹਾ ਕਰਕੇ ਕਿਸਾਨਾਂ ਨੂੰ ਤੰਗ ਪਰੇਸ਼ਾਨ ਕੀਤਾ ਤਾਂ ਕਿਸਾਨ ਮੋਰਚਾ ਉਸਦਾ ਸਖ਼ਤੀ ਦੇ ਨਾਲ ਵਿਰੋਧ ਕਰੇਗਾ।

ਕਿਸਾਨ ਲੀਡਰਾਂ ਨੇ ਕਿਹਾ ਕਿ ਜਿੰਨੀਆਂ ਵੀ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਇਸ ਅੰਦੋਲਨ ਦਾ ਸਾਥ ਦੇ ਰਹੀਆਂ ਸਨ, ਸਰਕਾਰ ਵੱਲੋਂ ਉਨ੍ਹਾਂ ‘ਤੇ ਝੂਠੇ ਕੇਸ ਅਤੇ ਪਰਚੇ ਦਰਜ ਕਰਕੇ ਉਨ੍ਹਾਂ ਨੂੰ ਧਮਕਾਇਆ ਜਾ ਰਿਹਾ ਹੈ। ਪਿਛਲੇ ਦਿਨੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਦੇ ਪੁੱਤਰ ਗੁਰਮੁਖ ਸਿੰਘ ਬਰਾੜ, ਜੋ ਅੱਜ ਦੀ ਆਵਾਜ਼ ਦੇ ਸੰਪਾਦਕ ਹਨ, ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਕੇਂਦਰ ਦੇ ਇਸ਼ਾਰੇ ‘ਤੇ ਪ੍ਰੈੱਸ ਨੂੰ ਦਬਾਉਣ ਦੇ ਇਰਾਦੇ ਨਾਲ ਕਿਸਾਨੀ ਅੰਦੋਲਨ ਦੀ ਮਦਦ ਕਰ ਰਹੀ ਪ੍ਰੈੱਸ ਨੂੰ ਪਰੇਸ਼ਾਨ ਕਰਨ ਅਤੇ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ, ਜਿਸਦੀ ਅਸੀਂ ਨਿੰਦਾ ਕਰਦੇ ਹਾਂ ਅਤੇ ਇਸ ਮਾਮਲੇ ਦੀ ਨਿਆਂਇਕ ਜਾਂਚ ਦੀ ਮੰਗ ਕਰਦੇ ਹਾਂ। ਕਿਸਾਨ ਲੀਡਰਾਂ ਨੇ ਕਿਹਾ ਕਿ ਅਸੀਂ ਕਦੇ ਵੀ ਐਮਰਜੈਂਸੀ ਵਾਹਨ ਨੂੰ ਨਹੀਂ ਰੋਕਿਆ। ਅਸੀਂ ਸਕੂਟਰ, ਕਾਰ ਕਿਸੇ ਨੂੰ ਵੀ ਨਹੀਂ ਰੋਕ ਰਹੇ। ਜੇਕਰ ਕੋਈ ਕਹੇ ਕਿ ਕਿਸਾਨੀ ਅੰਦੋਲਨ ਕਾਰਨ ਸਾਨੂੰ ਪਰੇਸ਼ਾਨੀ ਹੋ ਰਹੀ ਹੈ ਤਾਂ ਕਿਸਾਨ ਮੋਰਚੇ ‘ਤੇ ਤਿੰਨ ਦਿਨ ਮੈਡੀਕਲ ਕੈਂਪ ਚੱਲਦਾ ਹੈ। ਅਸੀਂ ਲੋਕਾਂ ਲਈ ਬੈਠੇ ਹਾਂ, ਆਪਣੇ ਲਈ ਨਹੀਂ ਬੈਠੇ ਹਾਂ। ਸਿੰਘੂ ਬਾਰਡਰ ਵਿਖੇ ਅੱਜ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਕਜ਼ਾਰੀਆ ਹਾਲ ਦਫ਼ਤਰ ਵਿੱਚ ਹੋਈ ਸੀ।

Leave a Reply

Your email address will not be published. Required fields are marked *