ਬਠਿੰਡਾ ਜ਼ਿਲ੍ਹੇ ਦੇ ਪਿੰਡ ਵਿਰਕ ਕਲਾਂ ਵਿਚ ਸਥਿਤ ਸਿਵਲ ਹਵਾਈ ਅੱਡੇ ਤੋਂ ਦੋ ਵਿਅਕਤੀਆਂ ਨੂੰ 32 ਬੋਰ ਪਿਸਟਲ ਦੇ ਜਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂ ਕਿ ਪੁਲਿਸ ਨੇ ਹਰਿਆਣਾ ਦੇ ਇਕ ਵਿਅਕਤੀ ਨੂੰ ਦੋ ਦੇਸੀ 32 ਪਿਸਟਲਾਂ ਸਕੇਤ ਕਾਬੂ ਕੀਤਾ ਹੈ। ਹਵਾਈ ਅੱਡੇ ਤੋਂ ਜਿੰਦਾ ਕਾਰਤੂਸ ਸਮੇਤ ਕਾਬੂ ਕੀਤੇ ਦੋਵਾਂ ਯਾਤਰੀਆਂ ਕੋਲੋ ਪੁਲਿਸ ਨੇ ਡੂੰਘਾਈ ਨਾਲ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਕਾਰਤੂਸ ਸਣੇ ਦੋ ਯਾਤਰੀ ਗ੍ਰਿਫ਼ਤਾਰ
ਜਾਣਕਾਰੀ ਅਨੁਸਾਰ ਵਿਰਕ ਕਲਾਂ ਦੇ ਹਵਾਈ ਅੱਡੇ ਤੋਂ ਦੋ ਵਿਅਕਤੀਆਂ ਨੂੰ 32 ਬੋਰ ਪਿਸਟਲ ਦੇ ਇਕ ਜਿੰਦਾ ਕਾਰਤੂਸ ਅਤੇ ਦੋ ਖਾਲੀ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇੰਨ੍ਹਾਂ ਯਾਤਰੀਆਂ ਦੀ ਪਛਾਣ ਵਿਕਰਮ ਸਿੰਘ ਵਾਸੀ ਗੁੜਗਾਓਂ ਅਤੇ ਗੁਰਵਿੰਦਰ ਸਿੰਘ ਜ਼ਿਲ੍ਹਾ ਫਾਜ਼ਿਲਕਾ ਵਜੋਂ ਹੋਈ ਹੈ। ਦੋਵਾਂ ਨੌਜਵਾਨਾਂ ਖਿਲਾਫ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਤੋਂ ਪੁੱਛਗਿਛ ਕਰ ਰਹੀ ਹੈ।
ਸਕਰੀਨਿੰਗ ਦੌਰਾਨ ਹੈਂਡਬੈਗ ਵਿੱਚੋਂ ਬਰਾਮਦ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਬਠਿੰਡਾ ਦਿਹਾਤੀ ਹਿਨਾ ਗੁਪਤਾ ਨੇ ਦੱਸਿਆ ਕਿ ਪੁਲਿਸ ਨੂੰ ਸਿਵਲ ਏਅਰਪੋਰਟ ਬਠਿੰਡਾ ਤੋਂ ਜਾਣਕਾਰੀ ਮਿਲੀ ਸੀ ਕਿ ਯਾਤਰੀ ਵਿਕਰਮ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਬਠਿੰਡਾ ਤੋਂ ਦਿੱਲੀ ਲਈ ਫਲਾਈਟ ‘ਤੇ ਜਾਣਾ ਸੀ। ਉਨ੍ਹਾਂ ਦੱਸਿਆ ਕਿ ਯਾਤਰੀਆਂ ਦੀ ਚੈਕਿੰਗ ਤੋਂ ਬਾਅਦ ਜਦੋਂ ਅੰਦਰ ਇੰਨ੍ਹਾਂ ਦੇ ਸਮਾਨ ਦੀ ਸਕਰੀਨਿੰਗ ਹੋਈ ਤਾਂ ਵਿਕਰਮ ਸਿੰਘ ਦੇ ਬੈਗ ਵਿਚੋਂ 32 ਬੋਰ ਦੇ ਦੋ ਖਾਲੀ ਕਾਰਤੂਸ ਦੇ ਖੋਲ ਬਰਾਮਦ ਹੋਏ। ਇਸ ਦੇ ਨਾਲ ਹੀ ਗੁਰਵਿੰਦਰ ਸਿੰਘ ਬੈਗ ਵਿਚੋਂ ਇੱਕ ਜਿੰਦਾ ਕਾਰਤੂਸ ਬਰਾਮਦ ਹੋਇਆ ਹੈ।