Religion

ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੀ 300ਵੀਂ ਜਨਮ ਸ਼ਤਾਬਦੀ ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਈ

ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੀ 300ਵੀਂ ਜਨਮ ਸ਼ਤਾਬਦੀ ਦੀ ਸਮਾਪਤੀ ਮੌਕੇ ਅੱਜ ਸਿਰਸਾ ਵਿਖੇ ਮਹਾਨ ਗੁਰਮਤਿ ਸਮਾਗਮ ਕਰਾਇਆ ਗਿਆ। ਇਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਤੇ ਕੌਮ ਨੂੰ ਆਪਣਾ ਸੰਦੇਸ਼ ਦਿੱਤਾ।

ਇਸ ਮੌਕੇ ਜਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਸਿੱਖ ਕੌਮ ਨੂੰ ਆਪਣੇ ਮਹਾਨ ਜਰਨੈਲਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨਾ ਚਾਹੀਦਾ ਹੈ। ਬਾਬਾ ਬਲਬੀਰ ਸਿੰਘ ਨੇ ਜਿੱਥੇ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨਾਲ ਸਬੰਧਾਂ ਬਾਰੇ ਕਈ ਇਤਿਹਾਸਕ ਤੱਥ ਦੱਸੇ, ਉੱਥੇ ਇਸ ਮੌਕੇ ਗੁਰੂ ਗੋਬਿੰਦ ਸਿੰਘ, ਸਾਹਿਬਜ਼ਾਦਾ ਬਾਬਾ ਫਤਹਿ ਸਿੰਘ, ਜੱਸਾ ਸਿੰਘ ਰਾਮਗੜ੍ਹੀਆ ਤੇ ਹੋਰ ਸਿੱਖ ਜਰਨੈਲਾਂ ਦੇ ਪੁਰਾਤਨ ਸ਼ਸਤਰਾਂ ਦੇ ਵੀ ਦਰਸ਼ਨ ਕਰਵਾਏ।

ਇਨ੍ਹਾਂ ਸਮਾਗਮਾਂ ਲਈ ਵਿਸ਼ੇਸ਼ ਤੌਰ ’ਤੇ ਬਣੀ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਜਨਮ ਸ਼ਤਾਬਦੀ ਕਮੇਟੀ, ਇੰਟਰਨੈਸ਼ਨਲ ਸਿੱਖ ਫੋਰਮ ਤੇ ਸ਼੍ਰੋਮਣੀ ਗਤਕਾ ਫੈਡਰੇਸ਼ਨ ਆਫ਼ ਇੰਡੀਆ ਨੇ ਮੁੱਖ ਭੂਮਿਕਾ ਨਿਭਾਉਂਦਿਆਂ ਦਿੱਲੀ ਅਤੇ ਕਰਨਾਲ ਵਿਖੇ ਵੱਡੇ ਗੁਰਮਤਿ ਸ਼ਤਾਬਦੀ ਸਮਾਗਮਾਂ ਸ਼ਤਾਬਦੀ ਦੀ ਸ਼ੁਰੂਆਤ ਨਾਲ ਕੀਤੀ, ਜੋ ਅੱਜ ਸਿਰਸਾ ਵਿਖੇ ਸਮਾਪਤ ਹੋਈ।

ਸਮਾਗਮ ਵਿੱਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਥੇਦਾਰ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਵੀ ਸ਼ਿਰਕਤ ਕੀਤੀ ਅਤੇ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੀ ਬਹਾਦਰੀ ਬਾਰੇ ਜਾਣਕਾਰੀ ਦਿੱਤੀ।

ਬੀਤੇ ਦਿਨ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਤੇ ਗੁਰੂ ਨਾਨਕ ਦਲ ਮੜ੍ਹੀਆ ਵੱਲੋਂ ਪੁਰਾਤਨ ਸਮੇਂ ਦੀਆਂ ਰਵਾਇਤਾਂ ਅਨੁਸਾਰ ਮੁਹੱਲੇ ਕੱਢਿਆ ਗਿਆ ਤੇ ਦੇਰ ਰਾਤ 18ਵੀਂ ਸਦੀ ਦੇ ਸਿੱਖ ਇਤਿਹਾਸ ’ਤੇ ਚਾਨਣਾ ਪਾਉਂਦਾ ਨਾਟਕ ‘ਕੌਮ ਦਾ ਯੋਧਾ’ ਦਾ ਮੰਚਨ ਕੀਤਾ ਗਿਆ। ਸਮਾਗਮ ਵਿੱਚ ਮੁਫਤ ਮੈਡੀਕਲ ਕੈਂਪ, ਖੂਨਦਾਨ ਕੈਂਪ ਅਤੇ ਅੰਮ੍ਰਿਤ ਸੰਚਾਰ ਵੀ ਕਰਵਾਇਆ ਗਿਆ।

ਇਹ ਵੀ ਪੜ੍ਹੋ – ਹਲਕਾ ਧਰਮਕੋਟ ’ਚ ਹੰਸ ਰਾਜ ਹੰਸ ਦਾ ਸਖ਼ਤ ਵਿਰੋਧ, “ਬੀਜੇਪੀ ਹਰਾਓ, ਕਾਰਪੋਰੇਟ ਭਜਾਓ, ਦੇਸ਼ ਬਚਾਓ” ਦੇ ਲਾਏ ਨਾਅਰੇ