‘ਦ ਖ਼ਾਲਸ ਬਿਊਰੋ :- ਪੰਜਾਬ ਵਿੱਚ ਇਕੱਲੇ ਕਿਸਾਨ ਹੀ ਨਹੀਂ, ਬਲਕਿ ਵਿਦਿਆਰਥੀ ਵੀ ਕਰਜ਼ਾਈ ਹਨ। ਬੈਂਕਾਂ ਤੋਂ ਸਿੱਖਿਆ ਕਰਜ਼ਾ ਲੈਣ ਵਾਲੇ ਪੰਜਾਬ ਦੇ 30 ਹਜ਼ਾਰ ਵਿਦਿਆਰਥੀ ਕਰਜ਼ਈ ਹੋ ਗਏ ਹਨ। ਇਨ੍ਹਾਂ ਵਿਦਿਆਰਥੀਆਂ ਦੇ ਸਿਰ 1748.48 ਕਰੋੜ ਰੁਪਏ ਕਰਜ਼ਾ ਚੜਿਆ ਹੈ। ਜ਼ਿਆਦਾਤਾਰ ਗਰੀਬ ਘਰਾਂ ਦੇ ਵਿਦਿਆਰਥੀਆਂ ਨੂੰ ਬੈਂਕਾਂ ਤੋਂ ਸਿੱਖਿਆ ਲੋਨ ਲੈ ਕੇ ਪੜ੍ਹਾਈ ਕਰਨੀ ਪੈਂਦੀ ਹੈ, ਜਿਨ੍ਹਾਂ ਨੂੰ ਮਗਰੋਂ ਕਰਜ਼ਾ ਮੋੜਨਾ ਮੁਸ਼ਕਿਲ ਹੋ ਜਾਂਦਾ ਹੈ, ਕਿਉਂਕਿ ਉਨ੍ਹਾਂ ਨੂੰ ਪੜ੍ਹਾਈ ਤੋਂ ਬਾਅਦ ਤੁਰੰਤ ਹੀ ਨੌਕਰੀ ਨਹੀਂ ਮਿਲਦੀ। ਪਿਛਲੇ ਕੁੱਝ ਸਾਲਾਂ ਤੋਂ ਬੈਂਕਾਂ ਨੇ ਵੀ ਸਿੱਖਿਆ ਲੋਨ ਦੇਣ ਤੋਂ ਹੱਥ ਪਿੱਛੇ ਖਿੱਚਣੇ ਸ਼ੁਰੂ ਕਰ ਦਿੱਤੇ ਹਨ।
ਕੇਂਦਰੀ ਵਿੱਤ ਮੰਤਰਾਲੇ ਮੁਤਾਬਕ ਕੇਂਦਰ ਸਰਕਾਰ ਦੀ ਸਿੱਖਿਆ ਲੋਨ ਸਕੀਮ ਤਹਿਤ ਕੁੱਝ ਨਿਸ਼ਚਿਤ ਮਾਤਰਾ ਦੇ ਕਰਜ਼ੇ ਲਈ ਬਿਨਾਂ ਸਿਕਿਊਰਿਟੀ ਤੋਂ ਲੋਨ ਦਿੱਤਾ ਜਾਂਦਾ ਹੈ। ਜਿਨ੍ਹਾਂ ਘਰਾਂ ਦੀ ਪਹੁੰਚ ਨਹੀਂ ਹੁੰਦੀ, ਉਹ ਮਾਪੇ ਬੱਚਿਆਂ ਦੀ ਸਿੱਖਿਆ ਲਈ ਕਰਜ਼ਾ ਚੁੱਕਦੇ ਹਨ। ਪੰਜਾਬ ਵਿੱਚ 1849 ਵਿਦਿਆਰਥੀ ਕਰਜ਼ਾ ਮੋੜ ਹੀ ਨਹੀਂ ਸਕੇ। ਜਿਸ ਕਰਕੇ ਉਨ੍ਹਾਂ ਦਾ ਬੈਂਕਾਂ ਨੇ 52.63 ਕਰੋੜ ਲੋਨ ਬੈਂਕਾਂ ਨੂੰ ਵੱਟੇ-ਖਾਤੇ ਪਾਉਣਾ ਪਿਆ ਹੈ, ਜੋ ਕਿ ਕੁੱਲ ਐੱਨਪੀਏ ਦਾ 3.01 ਫੀਸਦੀ ਹਿੱਸਾ ਹੈ।
ਕਿਸਾਨਾਂ ਤੋਂ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਪੰਜਾਬ ਵਿੱਚ ਕਿੰਨੇ ਹੀ ਕਿਸਾਨ ਅਜਿਹੇ ਹਨ, ਜਿਨ੍ਹਾਂ ਦੇ ਸਿਰ ਖੇਤੀ ਦਾ ਕਰਜ਼ਾ ਹੈ ਅਤੇ ਉਨ੍ਹਾਂ ਦੇ ਪੁੱਤਰ ਸਿੱਖਿਆ ਲੋਨ ਵਿੱਚ ਡਿਫਾਲਟਰ ਹੋ ਗਏ ਹਨ। ਪੰਜਾਬ ਦੇ 29,934 ਵਿਦਿਆਰਥੀਆਂ ਨੇ ਪੜ੍ਹਾਈ ਲਈ ਕਰਜ਼ਾ ਲਿਆ ਹੈ, ਜਿਨ੍ਹਾਂ ਨੇ ਹਾਲੇ ਰਕਮ ਵਾਪਿਸ ਕਰਨੀ ਹੈ। ਹਰਿਆਣਾ ਦੇ ਹਰਿਆਣਾ ਦੇ 33,517 ਵਿਦਿਆਰਥੀਆਂ ਦੇ ਸਿਰ 1,644 ਕਰੋੜ ਰੁਪਏ ਕਰਜ਼ਾ ਚੜਿਆ ਹੈ। ਹਰਿਆਣਾ ਦੇ ਬੈਂਕਾਂ ਨੇ ਕਰੀਬ 100 ਕਰੋੜ ਦਾ ਸਿੱਖਿਆ ਲੋਨ ਵੱਟੇ-ਖਾਤੇ ਪਾਇਆ ਹੈ, ਜੋ ਕੁੱਲ ਐੱਨਪੀਏ ਦਾ 6.13 ਫੀਸਦੀ ਹਿੱਸਾ ਹੈ।
ਅੰਕੜਿਆਂ ਮੁਤਾਬਕ ਦੇਸ਼ ਵਿੱਚ ਇਸ ਵਕਤ 24.84 ਲੱਖ ਵਿਦਿਆਰਥੀਆਂ ਨੇ ਕਰੀਬ 89,883 ਕਰੋੜ ਦਾ ਸਿੱਖਿਆ ਕਰਜ਼ਾ ਲਿਆ ਹੋਇਆ ਹੈ। ਸਾਲ 2015 ‘ਚ 34 ਲੱਖ ਵਿਦਿਆਰਥੀਆਂ ਨੇ ਸਿੱਖਿਆ ਕਰਜ਼ਾ ਲਿਆ ਸੀ, ਜੋ ਕਿ ਸਾਲ 2019 ‘ਚ ਘੱਟ ਕੇ 27 ਲੱਖ ਰਹਿ ਗਿਆ ਸੀ। ਪੂਰੇ ਦੇਸ਼ ਵਿੱਚੋਂ ਸਭ ਤੋਂ ਵੱਧ ਸਿੱਖਿਆ ਲੋਨ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੇ ਲਿਆ ਹੈ। 10.23 ਲੱਖ ਵਿਦਿਆਰਥੀਆਂ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਲਈ 33,315 ਕਰੋੜ ਦਾ ਸਿੱਖਿਆ ਕਰਜ਼ਾ ਲਿਆ ਹੋਇਆ ਹੈ। ਮੈਡੀਕਲ ਕਰਨ ਵਾਲੇ 1.56 ਲੱਖ ਵਿਦਿਆਰਥੀਆਂ ਨੇ 10,147 ਕਰੋੜ ਅਤੇ ਨਰਸਿੰਗ ਕੋਰਸਾਂ ਲਈ 1.23 ਲੱਖ ਵਿਦਿਆਰਥੀਆਂ ਨੇ 3674 ਕਰੋੜ ਕਰਜ਼ਾ ਲਿਆ ਹੋਇਆ ਹੈ।
ਸਾਲ 2020 ਵਿੱਚ ਇਹ ਅੰਕੜਾ 24.84 ਲੱਖ ‘ਤੇ ਹੀ ਸਿਮਟ ਕੇ ਰਹਿ ਗਿਆ। ਬੈਂਕ ਅਧਿਕਾਰੀ ਦੱਸਦੇ ਹਨ ਕਿ ਸਿੱਖਿਆ ਲੋਨ ਦਾ ਕਰਜ਼ਾ ਵੀ ਹੁਣ ਡੁੱਬਣ ਲੱਗਿਆ ਹੈ, ਜਿਸ ਕਰਕੇ ਬੈਂਕ ਸਿੱਖਿਆ ਲੋਨ ਵਿੱਚ ਕੋਈ ਬਹੁਤ ਦਿਲਚਸਪੀ ਨਹੀਂ ਦਿਖਾਉਂਦੇ। ਆਮ ਲੋਕ, ਜਿਨ੍ਹਾਂ ਦਾ ਬੈਂਕਾਂ ਨਾਲ ਲੈਣ-ਦੇਣ ਰਹਿੰਦਾ ਹੈ, ਉਨ੍ਹਾਂ ਨੂੰ ਵੀ ਜ਼ਿਆਦਾਤਾਰ ਫੋਨ ਨਿੱਜੀ ਲੋਨ, ਕਾਰ ਲੋਨ, ਹਾਊਸ ਲੋਨ ਵਾਸਤੇ ਹੀ ਆਉਂਦੇ ਹਨ। ਬੈਂਕ ਸਿੱਖਿਆ ਲੋਨ ਲਈ ਜ਼ਿਆਦਾ ਦਬਾਅ ਨਹੀਂ ਬਣਾਉਂਦੇ ਕਿਉਂਕਿ ਸਿੱਖਿਆ ਲੋਨ ਲੈਣ ਵਾਲੇ ਵਿਦਿਆਰਥੀ ਜ਼ਿਆਦਾਤਾਰ ਕਮਜ਼ੋਰ ਘਰਾਂ ਨਾਲ ਸਬੰਧਿਤ ਹੁੰਦੇ ਹਨ। ਉਹ ਆਪਣਾ ਸਿੱਖਿਆ ਲੋਨ ਤਾਂ ਹੀ ਵਾਪਸ ਕਰ ਸਕਦੇ ਹਨ ਜੇਕਰ ਉਨ੍ਹਾਂ ਨੂੰ ਪੜਾਈ ਤੋਂ ਬਾਅਦ ਚੰਗੀ ਨੌਕਰੀ ਮਿਲ ਜਾਵੇ। ਪਰ ਭਾਰਤ ਵਿੱਚ ਤਾਂ ਬੇਰੁਜ਼ਗਾਰੀ ਦੀ ਦਰ ਵੱਧਦੀ ਜਾ ਰਹੀ ਹੈ। ਕੋਰੋਨਾ ਮਹਾਂਮਾਰੀ ਕਾਰਨ ਭਾਰਤ ਵਿੱਚ ਲਾਕਡਾਊਨ ਤੋਂ ਬਾਅਦ ਰੁਜ਼ਗਾਰ ਹਾਸਿਲ ਕਰਨਾ ਬਹੁਤ ਹੀ ਔਖਾ ਹੋ ਗਿਆ ਹੈ।