ਟਰੱਕ ਡਰਾਈਵਰਾਂ ਦੀ ਹੜਤਾਲ ਦਾ ਅਸਰ ਪੰਜਾਬ ਵਿੱਚ ਵੀ ਦਿਖਾਈ ਦੇਣ ਲੱਗਾ ਹੈ। ਸੂਬੇ ਦੇ 4100 ਪੰਪਾਂ ਵਿੱਚੋਂ 30% ਬੀਤੀ ਰਾਤ ਹੀ ਖ਼ਾਲੀ ਸਨ। ਕਈ ਪੈਟਰੋਲ ਪੰਪਾਂ ‘ਤੇ ਸਿਰਫ਼ ਇੱਕ ਦਿਨ ਦਾ ਤੇਲ ਬਚਿਆ ਹੈ, ਜੋ ਅੱਜ ਸ਼ਾਮ ਤੱਕ ਵਿਕ ਜਾਵੇਗਾ। ਸ਼ਹਿਰਾਂ ਵਿੱਚ ਸਬਜ਼ੀਆਂ, ਫਲ਼ਾਂ ਤੇ ਅੰਡਿਆਂ ਦੀਆਂ ਕੀਮਤਾਂ ਵਧਣ ਲੱਗੀਆਂ ਹਨ। ਇਸ ਲਈ ਲੋਕਾਂ ਵਿੱਚ ਸਹਿਮ ਹੈ।
ਇਹ ਜਾਣਕਾਰੀ ਕਪੂਰਥਲਾ ਦੇ ਦੋਆਬਾ ਪੈਟਰੋਲ ਪੰਪ ਦੇ ਮਾਲਕ ਅਤੇ ਪੰਜਾਬ ਪੈਟਰੋਲ ਪੰਪ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਹੜਤਾਲ ਖ਼ਤਮ ਨਾ ਹੋਈ ਤਾਂ ਹਾਲਾਤ ਹੋਰ ਵਿਗੜ ਸਕਦੇ ਹਨ। ਇਸ ਦੇ ਨਾਲ ਹੀ ਜਲੰਧਰ ਦੇ 90 ਫ਼ੀਸਦੀ ਤੋਂ ਵੱਧ ਪੈਟਰੋਲ ਪੰਪਾਂ ਦਾ ਤੇਲ ਖ਼ਤਮ ਹੋ ਚੁੱਕਾ ਹੈ। ਜਿਨ੍ਹਾਂ ਪੰਪਾਂ ‘ਤੇ ਤੇਲ ਬਚਿਆ ਹੈ, ਉੱਥੇ ਲੋਕਾਂ ਦੀ ਭੀੜ ਲੱਗੀ ਹੋਈ ਹੈ।
ਪੈਟਰੋਲ ਪੰਪ ਐਸੋਸੀਏਸ਼ਨ ਬਰਨਾਲਾ ਦੇ ਉਪ ਪ੍ਰਧਾਨ ਵਿਕਾਸ ਬਾਂਸਲ ਉਰਫ਼ ਬੰਟੀ ਅਨੁਸਾਰ ਬਰਨਾਲਾ ਵਿੱਚ 60 ਪੈਟਰੋਲ ਪੰਪ ਹਨ। ਸੋਮਵਾਰ ਰਾਤ ਨੂੰ ਹੀ ਜ਼ਿਆਦਾਤਰ ਪੈਟਰੋਲ ਪੰਪਾਂ ‘ਤੇ ਪੈਟਰੋਲ ਖ਼ਤਮ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਸਥਿਤੀ ਹੋਰ ਗੰਭੀਰ ਹੋਣ ਦੀ ਸੰਭਾਵਨਾ ਹੈ।
ਦਰਅਸਲ ਪੰਜਾਬ ਦੇ ਪੈਟਰੋਲ ਪੰਪਾਂ ਨੂੰ ਮੁੱਖ ਤੌਰ ‘ਤੇ ਬਠਿੰਡਾ, ਜਲੰਧਰ ਤੇ ਸੰਗਰੂਰ ਤੋਂ ਤੇਲ ਸਪਲਾਈ ਕੀਤਾ ਜਾਂਦਾ ਹੈ। ਇਸ ਕੰਮ ਵਿੱਚ ਟਰੱਕ, ਟੈਂਕਰ ਪਿਕਅੱਪ ਤੇ ਹੋਰ ਕਈ ਤਰ੍ਹਾਂ ਦੇ ਵਾਹਨ ਵਰਤੇ ਜਾਂਦੇ ਹਨ। ਜਦੋਂ ਕਿ ਤੇਲ ਕੰਪਨੀਆਂ ਦੇ ਵੀ ਆਪਣੇ ਵਾਹਨ ਹਨ। ਹੜਤਾਲ ਕਾਰਨ ਤੇਲ ਕੰਪਨੀਆਂ ਦੀਆਂ ਗੱਡੀਆਂ ਵੀ ਤੇਲ ਦੀ ਢੋਆ-ਢੁਆਈ ਕਰਨ ਤੋਂ ਅਸਮਰਥ ਹਨ। ਹੜਤਾਲੀ ਡਿਪੂਆਂ ਤੋਂ ਤੇਲ ਨਹੀਂ ਭਰਨ ਦੇ ਰਹੇ।
ਦੱਸ ਦੇਈਏ ਕਿ ਅਪਰੇਟਰ ਤੇ ਡਰਾਈਵਰ ਨਵੇਂ ਕਾਨੂੰਨ ਵਿੱਚ ਦੋਸ਼ੀ ਡਰਾਈਵਰ ਨੂੰ 7 ਲੱਖ ਰੁਪਏ ਤੱਕ ਦੇ ਜੁਰਮਾਨੇ ਤੇ 10 ਸਾਲ ਤੱਕ ਦੀ ਕੈਦ ਦੀ ਵਿਵਸਥਾ ਦਾ ਵਿਰੋਧ ਕਰ ਰਹੇ ਹਨ। ਇਸ ਕਾਨੂੰਨ ਦਾ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਟਰੱਕ ਯੂਨੀਅਨ ਦੀ ਅਗਲੀ ਮੀਟਿੰਗ 10 ਜਨਵਰੀ ਨੂੰ ਹੋਵੇਗੀ। ਇਸ ਵਿੱਚ ਫ਼ੈਸਲਾ ਲਿਆ ਜਾਵੇਗਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਨ੍ਹਾਂ ਦਾ ਪੱਖ ਸਰਕਾਰ ਅੱਗੇ ਕਿਵੇਂ ਪੇਸ਼ ਕਰਨਾ ਹੈ।