India

ਹਿਮਾਚਲ ਪ੍ਰਦੇਸ਼ ਦੇ 30 ਸਕੂਲਾਂ ’ਚੋਂ ਇੱਕ ਵੀ ਵਿਦਿਆਰਥੀ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਨਹੀਂ ਕਰ ਸਕਿਆ ਪਾਸ, ਕਾਰਨ ਦੱਸੋ ਨੋਟਿਸ ਜਾਰੀ

ਚੰਡੀਗੜ੍ਹ: 10ਵੀਂ ਦੀ ਪ੍ਰੀਖਿਆ ’ਚ ਕਈ ਵਿਦਿਆਰਥੀਆਂ ਦੇ ਫੇਲ ਹੋਣ ’ਤੇ ਹਿਮਾਚਲ ਪ੍ਰਦੇਸ਼ ’ਚ ਹੰਗਾਮਾ ਮੱਚ ਗਿਆ ਹੈ। ਹਿਮਾਚਲ ਪ੍ਰਦੇਸ਼ ਸਕੂਲ ਸਿੱਖਿਆ ਬੋਰਡ ਨਾਲ ਸਬੰਧਿਤ 30 ਸਕੂਲਾਂ ਵਿੱਚ ਇਸ ਸਾਲ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਜ਼ੀਰੋ ਫੀਸਦੀ ਨਤੀਜਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ 116 ਸਕੂਲਾਂ ਦਾ ਨਤੀਜਾ 25 ਫੀਸਦੀ ਤੋਂ ਘੱਟ ਰਿਹਾ।

ਸੂਬੇ ਦੀ ਸੁਖਵਿੰਦਰ ਸਿੰਘ ਸੁੱਖੂ ਸਰਕਾਰ ਨੇ ਹੁਣ ਉਨ੍ਹਾਂ ਸਕੂਲਾਂ ਦੇ ਅਧਿਆਪਕਾਂ ਨੂੰ ਨੋਟਿਸ ਭੇਜਣ ਦਾ ਫੈਸਲਾ ਕੀਤਾ ਹੈ, ਜਿੱਥੇ 10ਵੀਂ ਦੀ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਬਹੁਤ ਘੱਟ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਹਿਮਾਚਲ ਪ੍ਰਦੇਸ਼ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਉਨ੍ਹਾਂ ਸਕੂਲਾਂ ਦੇ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣਗੇ, ਜਿਨ੍ਹਾਂ ਵਿੱਚ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ 25 ਫੀਸਦੀ ਤੋਂ ਘੱਟ ਹੈ।

ਇਹ ਨੋਟਿਸ ਹਿਮਾਚਲ ਪ੍ਰਦੇਸ਼ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤਾ ਜਾਵੇਗਾ। ਇਸ ਨੋਟਿਸ ਰਾਹੀਂ ਅਧਿਆਪਕਾਂ ਤੋਂ ਪੁੱਛਿਆ ਜਾਵੇਗਾ ਕਿ ਸਕੂਲਾਂ ਦੇ ਇੰਨੇ ਮਾੜੇ ਨਤੀਜੇ ਕਿਉਂ ਆਏ?

ਪ੍ਰਾਇਮਰੀ ਸਿੱਖਿਆ ਦੇ ਡਾਇਰੈਕਟਰ ਆਸ਼ੀਸ਼ ਕੋਹਲੀ ਨੇ ਕਿਹਾ, “ਅਸੀਂ ਅਜਿਹੇ ਮਾੜੇ ਨਤੀਜਿਆਂ ਲਈ ਇਨ੍ਹਾਂ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਤੋਂ ਸਪੱਸ਼ਟੀਕਰਨ ਮੰਗ ਰਹੇ ਹਾਂ।” ਕੋਹਲੀ ਨੇ ਕਿਹਾ, “ਜੇਕਰ ਇਨ੍ਹਾਂ ਸਕੂਲਾਂ ਦਾ ਇੱਕ ਵੀ ਵਿਦਿਆਰਥੀ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਪਾਸ ਨਹੀਂ ਕਰ ਸਕਿਆ ਹੈ ਤਾਂ ਕਿਤੇ ਨਾ ਕਿਤੇ ਕੁਝ ਗੰਭੀਰ ਗੜਬੜ ਹੈ। ਉਨ੍ਹਾਂ ਸਾਰੇ ਸਕੂਲਾਂ ਤੋਂ ਸਪੱਸ਼ਟੀਕਰਨ ਮੰਗਿਆ ਜਾਵੇਗਾ, ਜਿਨ੍ਹਾਂ ਦਾ ਨਤੀਜਾ 25 ਫੀਸਦੀ ਤੋਂ ਘੱਟ ਰਿਹਾ ਹੈ।”

ਇਹ ਵੀ ਪੜ੍ਹੋ – ਭਾਰਤੀ ਇਲੈਕਟ੍ਰੀਸ਼ੀਅਨ ਨੇ ਦੁਬਈ ਵਿੱਚ ਜਿੱਤੇ 2.25 ਕਰੋੜ