‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਿਮਾਚਲ ਪ੍ਰਦੇਸ਼ ਵਿੱਚ ਪਏ ਭਾਰੀ ਮੀਂਹ ਕਾਰਨ ਪਠਾਨਕੋਟ-ਜੋਗਿੰਦਰਨਗਰ ਰੇਲ ਸੈਕਸ਼ਨ ਵਿੱਚ ਰੁਕਾਵਟ ਪੈਦਾ ਹੋ ਗਈ ਹੈ। ਰੇਲ ਸੈਕਸ਼ਨ ‘ਤੇ ਪੈਂਦੇ ਕੋਪਰਲਾਹੜ-ਜਵਾਲਾਮੁਖੀ ਵਿਚਾਲੇ ਪਹਾੜਾਂ ਤੋਂ ਮਿੱਟੀ ਅਤੇ ਪੱਥਰ ਰੇਲਵੇ ਟਰੈਕ ‘ਤੇ ਆਉਣ ਬਾਅਦ ਫਿਰੋਜ਼ਪੁਰ ਰੇਲ ਮੰਡਲ ਨੇ ਤਿੰਨ ਰੇਲ-ਗੱਡੀਆਂ ਨੂੰ ਰੱਦ ਕਰ ਦਿੱਤਾ ਹੈ, ਜਦਕਿ ਬਾਕੀ ਰੇਲ ਗੱਡੀਆਂ ਨੂੰ ਪਠਾਨਕੋਟ ਤੋਂ ਜਵਾਲਾਮੁਖੀ ਰੇਲਵੇ ਸਟੇਸ਼ਨ ਤੱਕ ਹੀ ਚਲਾਉਣ ਲਈ ਕਿਹਾ ਗਿਆ ਹੈ।
ਰੇਲਵੇ ਅਧਿਕਾਰੀਆਂ ਦੇ ਅਨੁਸਾਰ ਪਠਾਨਕੋਟ ਤੋਂ ਜੋਗਿੰਦਰਨਗਰ ਲਈ ਸਵੇਰੇ 8.45 ਵਜੇ ਮੇਲ ਐਕਸਪ੍ਰੈਸ, ਪਠਾਨਕੋਟ ਤੋਂ ਜੋਗਿੰਦਰਨਗਰ ਲਈ ਸਵੇਰੇ 11.45 ਵਜੇ, ਪਠਾਨਕੋਟ ਤੋਂ ਬੈਜਨਾਥ ਜਾਣ ਵਾਲੀਆਂ ਯਾਤਰੀ ਰੇਲ-ਗੱਡੀਆਂ ਨੂੰ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤਾ ਗਿਆ ਹੈ। ਰਾਤ 10.30 ਵਜੇ ਬੈਜਨਾਥ ਤੋਂ ਪਠਾਨਕੋਟ ਆਉਣ ਵਾਲੀ ਯਾਤਰੀ ਰੇਲ-ਗੱਡੀ ਜਵਾਲਾਮੁਖੀ ਤੱਕ ਹੀ ਆਏਗੀ। ਇਸ ਤੋਂ ਇਲਾਵਾ ਸਵੇਰੇ 6:15 ਵਜੇ ਪਠਾਨਕੋਟ ਤੋਂ ਬੈਜਨਾਥ ਜਾਣ ਵਾਲੀ ਰੇਲ-ਗੱਡੀ ਜਵਾਲਾਮੁਖੀ ਤੋਂ ਹੀ ਵਾਪਿਸ ਪਰਤੇਗੀ।
ਦੁਪਹਿਰ 1:30 ਵਜੇ ਬੈਜਨਾਥ ਤੋਂ ਪਠਾਨਕੋਟ ਆਉਣ ਵਾਲੀ ਯਾਤਰੀ ਰੇਲ-ਗੱਡੀ ਜਵਾਲਾਮੁਖੀ ਤੱਕ ਚੱਲੇਗੀ ਅਤੇ ਸ਼ਾਮ 4 ਵਜੇ ਜੋਗਿੰਦਰਨਗਰ ਤੋਂ ਪਠਾਨਕੋਟ ਵੱਲ ਆਉਣ ਵਾਲੀ ਯਾਤਰੀ ਰੇਲ-ਗੱਡੀ ਜਵਾਲਾਮੁਖੀ ਤੋਂ ਵਾਪਸ ਆਏਗੀ। ਪਠਾਨਕੋਟ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਕਾਰਨ ਫਿਰੋਜ਼ਪੁਰ ਰੇਲਵੇ ਡਵੀਜ਼ਨ ਨੇ ਅਗਲੇ ਹੁਕਮਾਂ ਤੱਕ ਜੋਗਿੰਦਨਗਰ ਸੈਕਸ਼ਨ ‘ਤੇ ਚੱਲਣ ਵਾਲੀਆਂ ਤਿੰਨ ਰੇਲ-ਗੱਡੀਆਂ ਨੂੰ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤਾ ਹੈ ਅਤੇ 4 ਗੱਡੀਆਂ ਨੂੰ ਸ਼ਾਰਟ ਟਰਮੀਨੇਟ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ।