India

3 ਮੰਜ਼ਿਲਾਂ ਮਕਾਨ ਢਹਿ ਢੇਰੀ, ਮਲਬੇ ‘ਚ ਦੱਬੇ ਗਏ 15 ਲੋਕ, 2 ਘਰਾਂ ਦੇ ਬੁਛੇ ਚਿਰਾਗ…

ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਵਿੱਚ 3 ਸਤੰਬਰ ਦੀ ਦੇਰ ਰਾਤ ਇੱਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਇੱਕ ਤਿੰਨ ਮੰਜ਼ਿਲਾਂ ਇਮਾਰਤ ਅਚਾਨਕ ਢਹਿ ਗਈ। ਇਸ ਕਾਰਨ ਕਰੀਬ 15 ਲੋਕ ਮਕਾਨ ਦੇ ਮਲਬੇ ਹੇਠ ਦੱਬ ਗਏ। ਇਸ ਦੇ ਨਾਲ ਹੀ ਪੁਲਿਸ-ਪ੍ਰਸ਼ਾਸਨ ਨੂੰ ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਸਾਰੇ ਉੱਚ ਅਧਿਕਾਰੀਆਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। NDRF ਅਤੇ SDRF ਦੀਆਂ ਟੀਮਾਂ ਵੀ ਮੌਕੇ ‘ਤੇ ਪਹੁੰਚ ਗਈਆਂ।

ਮਲਬੇ ਹੇਠ ਦੱਬੇ ਲੋਕਾਂ ਨੂੰ ਬਚਾ ਕੇ ਸਥਾਨਕ ਸੀਐਚਸੀ ਅਤੇ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ। ਇਨ੍ਹਾਂ ਵਿੱਚੋਂ ਇੱਕ ਔਰਤ ਰੋਸ਼ਨੀ ਬਾਨੋ ਅਤੇ ਇੱਕ ਵਿਅਕਤੀ ਹਕੀਮੂਦੀਨ ਦੀ ਮੌਤ ਹੋ ਗਈ। ਜਦਕਿ ਅੱਠ ਗੰਭੀਰ ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਤੋਂ ਲਖਨਊ ਟਰਾਮਾਂ ਸੈਂਟਰ ਰੈਫ਼ਰ ਕਰ ਦਿੱਤਾ ਗਿਆ ਹੈ। ਮਲਬੇ ਹੇਠ ਦੱਬੇ ਬਾਕੀ ਲੋਕਾਂ ਨੂੰ ਕੱਢਣ ਦੇ ਯਤਨ ਜਾਰੀ ਹਨ। ਇਮਾਰਤ ਡਿੱਗਣ ਦਾ ਕਾਰਨ ਅਜੇ ਸਪਸ਼ਟ ਨਹੀਂ ਹੋ ਸਕਿਆ ਹੈ।

ਜਾਣਕਾਰੀ ਅਨੁਸਾਰ ਜਦੋਂ ਇਹ ਮਕਾਨ ਡਿੱਗਿਆ ਤਾਂ ਕਸਬੇ ਦੇ ਸਾਰੇ ਲੋਕ ਸੁੱਤੇ ਪਏ ਸਨ। ਲੋਕਾਂ ਨੇ ਦੱਸਿਆ ਕਿ ਉਹ ਉੱਚੀ ਆਵਾਜ਼ ਅਤੇ ਕੰਬਣ ਕਾਰਨ ਜਾਗ ਗਏ। ਉਨ੍ਹਾਂ ਦੇਖਿਆ ਤਾਂ ਨਾਲ ਵਾਲਾ ਤਿੰਨ ਮੰਜ਼ਿਲਾਂ ਮਕਾਨ ਢਹਿ ਗਿਆ ਸੀ। ਇਹ ਨਜ਼ਾਰਾ ਦੇਖ ਕੇ ਆਸਪਾਸ ਦੇ ਲੋਕਾਂ ‘ਚ ਹੜਕੰਪ ਮੱਚ ਗਿਆ।

ਮੌਕੇ ‘ਤੇ ਮੌਜੂਦ ਲੋਕਾਂ ਨੇ ਡਾਇਲ 112 ਪੁਲਿਸ ਨੂੰ ਸੂਚਨਾ ਦਿੱਤੀ। ਇਮਾਰਤ ਡਿੱਗਣ ਦੀ ਸੂਚਨਾ ਮਿਲਦੇ ਹੀ ਪੁਲਸ, ਫਾਇਰ ਬ੍ਰਿਗੇਡ ਅਤੇ ਸੀਨੀਅਰ ਜ਼ਿਲ੍ਹਾ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਇਸ ਤੋਂ ਬਾਅਦ ਬਚਾਅ ਲਈ NDRF ਅਤੇ SDRF ਦੀਆਂ ਟੀਮਾਂ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਇਹ ਇਮਾਰਤ ਕੁਝ ਸਾਲ ਪਹਿਲਾਂ ਹੀ ਬਣੀ ਸੀ।

ਜ਼ਖ਼ਮੀਆਂ ਦੀ ਪਛਾਣ

ਇਸ ਹਾਦਸੇ ਵਿੱਚ ਜ਼ਖ਼ਮੀਆਂ ਦੀ ਪਛਾਣ ਮਹਿਕ ਪੁੱਤਰੀ ਮੁਹੰਮਦ ਹਾਸ਼ਿਮ ਉਮਰ 12 ਸਾਲ, ਸਕੀਲਾ ਪਤਨੀ ਮੁਹੰਮਦ ਹਾਸ਼ਿਮ ਉਮਰ 50 ਸਾਲ, ਜ਼ਫਰੁਲ ਹਸਨ ਪੁੱਤਰ ਇਸਲਾਮੂਦੀਨ ਉਮਰ 20 ਸਾਲ, ਜ਼ੈਨਬ ਫਾਤਿਮਾ ਪੁੱਤਰੀ ਇਸਲਾਮੂਦੀਨ ਉਮਰ 8 ਸਾਲ, ਕੁਲਸੂਮ ਪਤਨੀ ਇਸਲਾਮੂਦੀਨ ਉਮਰ 47 ਸਾਲ, ਸਲਮਾਨ ਪੁੱਤਰ ਮੁਹੰਮਦ ਹਾਸ਼ਿਮ, ਉਮਰ 26 ਸਾਲ, ਸੁਲਤਾਨ ਪੁੱਤਰ ਮੁਹੰਮਦ ਹਾਸ਼ਿਮ, ਉਮਰ 24 ਸਾਲ, ਸਮੀਰ ਪੁੱਤਰ ਮੁਹੰਮਦ ਹਾਸ਼ਿਮ, ਉਮਰ 16 ਸਾਲ ਵਜੋਂ ਹੋਈ ਹੈ।

ਮ੍ਰਿਤਕਾਂ ਦੀ ਪਛਾਣ

ਰੋਸ਼ਨੀ ਬਾਨੋ ਪੁੱਤਰ ਮੁਹੰਮਦ ਹਾਸ਼ਿਮ, ਉਮਰ 22 ਸਾਲ, ਹਕੀਮੂਦੀਨ ਪੁੱਤਰ ਇਸਲਾਮੂਦੀਨ, ਉਮਰ 28 ਸਾਲ।
ਐਸਪੀ ਦਿਨੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਹਾਸਿਮ ਦੀ ਫਤਿਹਪੁਰ ਕਸਬੇ ਵਿੱਚ ਇਮਾਰਤ ਸੀ। ਰਾਤ 3 ਵਜੇ ਸੂਚਨਾ ਮਿਲੀ ਕਿ ਇਹ ਅਚਾਨਕ ਢਹਿ ਗਿਆ ਅਤੇ ਇਸ ਵਿਚ 19 ਲੋਕ ਦੱਬ ਗਏ। ਸੂਚਨਾ ਮਿਲਦੇ ਹੀ ਪੁਲਸ ਅਤੇ ਫਾਇਰ ਬ੍ਰਿਗੇਡ ਪਹੁੰਚ ਗਈ। ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ 12 ਲੋਕਾਂ ਨੂੰ ਬਾਹਰ ਕੱਢਿਆ। ਇੱਕ ਪਰਿਵਾਰ ਦੇ ਚਾਰ ਲੋਕ ਆਪਣੇ ਰਿਸ਼ਤੇਦਾਰਾਂ ਦੇ ਇਲਾਜ ਲਈ ਲਖਨਊ ਵਿੱਚ ਹਨ। ਜਿਸ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ।