ਬਿਉਰੋ ਰਿਪੋਰਟ : ਕੈਨੇਡਾ ਦੇ ਓਟਾਵਾ ਸ਼ਹਿਰ ਵਿੱਚ ਚੱਲ ਰਹੀਆਂ ਰੈਸਲਿੰਗ ਚੈਂਪੀਅਨਸ਼ਿੱਪ ਵਿੱਚ 3 ਹੋਰ ਪੰਜਾਬਣ ਕੁੜੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 3 ਮੈਡਲ ਆਪਣੇ ਨਾਂ ਕੀਤੇ ਹਨ । ਇੰਨਾਂ ਵਿੱਚ 2 ਸੋਨੇ ਦੇ ਤਗਮੇ ਹਨ ਜਦਕਿ ਇੱਕ ਚਾਂਦੀ ਦਾ ਮੈਡਲ ਹੈ ।
ਓਟਾਵਾ ਵਿੱਚ ਚੱਲ ਰਹੇ ਮੁਕਾਬਿਆਂ ਵਿੱਚ 50 ਤੋਂ 60 ਕਿਲੋਗਰਾਮ ਵਰਗ ਵਿੱਚ 47 ਮਹਿਲਾ ਪਹਿਲਵਾਨਾਂ ਨੇ ਹਿੱਸਾ ਲਿਆ ਹੈ ।
ਇੰਨਾਂ ਮੁਕਾਬਲਿਆਂ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਰੈਸਲਿੰਗ ਕਲੱਬ ਐਬਟਸਫੋਰਡ ਦੀ ਰੁਪਿੰਦਰ ਕੌਰ ਨੇ 76 ਕਿਲੋਗਰਾਮ ਦੇ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਿਆ ਹੈ। ਰੁਪਿੰਦਰ ਕੌਰ ਮੁੱਲਾਪੁਰ ਦਾਖਾ ਦੇ ਪਿੰਡ ਮੰਡਿਆਣੀ ਦੀ ਰਹਿਣ ਵਾਲੀ ਹੈ । ਜਦਕਿ ਪੰਜਾਬ ਦੀ ਇੱਕ ਹੋਰ ਮੁਟਿਆਰ ਪ੍ਰਭਲੀਨ ਕੌਰ ਨੇ 65 ਕਿਲੋਗਰਾਮ ਦੇ ਮੁਕਾਬਲੇ ਵਿੱਚ ਸਭ ਦਾ ਦਿਲ ਜਿੱਤ ਲਿਆ । ਪ੍ਰਭਲੀਨ ਨੇ ਵੀ ਸੋਨ ਤਗਮਾ ਹਾਸਲ ਕੀਤਾ ਹੈ । ਤਰਲੀਨ ਕੌਰ, ਰੁਪਿੰਦਰ ਅਤੇ ਪ੍ਰਭਲੀਨ ਵਾਂਗ ਸੋਨ ਤਗਮਾ ਤਾਂ ਨਹੀਂ ਜਿੱਤ ਸਕੀ ਪਰ ਸ਼ਾਨਦਾਰ ਪ੍ਰਦਰਸ਼ਨ ਨਾਲ ਉਸ ਨੇ ਚਾਂਦੀ ਦਾ ਮੈਡਲ ਜ਼ਰੂਰ ਹਾਸਲ ਕੀਤਾ ਹੈ ।
ਇਸ ਤੋਂ ਪਹਿਲਾਂ ਇਸੇ ਮਹੀਨੇ ਦੀ 16 ਮਾਰਚ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਹੋਏ ਜੂਨੀਅਰ ਪ੍ਰੋਵਿੰਸ਼ਲ ਚੈਂਪੀਅਨਸ਼ਿੱਪ 2024 ਵੇਟਲਿਫਟਿੰਗ ਮੁਕਾਬਲਿਆਂ ਵਿੱਚ 16 ਸਾਲਾ ਪੰਜਾਬੀ ਕੁੜੀ ਤੋਲਕ ਐਂਜਲ ਨੇ ਪਹਿਲੀ ਥਾਂ ਹਾਸਲ ਕੀਤੀ ਅਤੇ ਸੋਨ ਤਗਮਾ ਜੇਤੂ ਬਣੀ ਸੀ।
ਐਂਜਲ ਨੇ ਵੇਟਲਿਫਟਿੰਗ ਵਿੱਚ 94 ਕਿਲੋ ਭਾਰ ਚੁੱਕ ਕੇ ਸੂਬੇ ਵਿੱਚ ਰਿਕਾਰਡ ਬਣਾਇਆ ਸੀ । ਉਸ ਨੂੰ ਬ੍ਰਿਟਿਸ਼ ਕੋਲੰਬੀਆ ਵੇਟਲਿਫਟਿੰਗ ਐਸੋਸੀਏਸ਼ਨ ਵੱਲੋਂ ਬੈਸਟ ਮਹਿਲਾ ਲਿਫਟਰ ਦਾ ਸਨਮਾਨ ਦਿੱਤਾ ਗਿਆ ਸੀ। ਐਂਜਲ ਬਿਲਨ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਦੇ ਬੰਗਾ ਨੇੜੇ ਦੇ ਪਿੰਡ ਰਾਏਪੁਰ ਡੱਬਾ ਦੀ ਰਹਿਣ ਵਾਲੀ ਹੈ ।