ਮਨਾਲੀ : ਪਿਛਲੇ ਦਿਨਾਂ ਵਿੱਚ ਹਿਮਾਚਲ ਅਤੇ ਪੰਜਾਬ ਵਿੱਚ ਲਗਾਤਾਰ ਪੈ ਰਹੇ ਮੀਂਹ ਨੇ ਦੋਵਾਂ ਸੂਬਿਆਂ ਵਿੱਚ ਤਬਾਹੀ ਮਚਾਈ ਹੋਈ ਹੈ। ਉੱਥੇ ਜੁਲਾਈ ਮਹੀਨੇ ਵਿੱਚ ਮਨਾਲੀ ਵਿੱਚ ਹੋਈ ਭਾਰੀ ਬਾਰਸ਼ ਅਤੇ ਹੜ੍ਹਾਂ ਵਿੱਚ ਬਿਆਸ ਦਰਿਆ ਵਿੱਚ ਰੁੜ੍ਹ ਗਈ ਪੰਜਾਬ ਰੋਡਵੇਜ਼ ਦੀ ਬੱਸ ਵਿੱਚੋਂ ਹੁਣ ਤਿੰਨ ਲਾਸ਼ਾਂ ਬਰਾਮਦ ਹੋਈਆਂ ਹਨ। ਹਾਲਾਂਕਿ ਅਜੇ ਤੱਕ ਬੱਸ ਨੂੰ ਬਿਆਸ ਦਰਿਆ ਤੋਂ ਬਾਹਰ ਨਹੀਂ ਕੱਢਿਆ ਗਿਆ ਹੈ।
ਜਾਣਕਾਰੀ ਮੁਤਾਬਕ ਪ੍ਰਸ਼ਾਸਨ ਨੇ ਕਈ ਘੰਟਿਆਂ ਤੱਕ ਬਚਾਏ ਮੁਹਿੰਮ ਚਲਾ ਕੇ ਮ੍ਰਿਤਕ ਲਾਸ਼ਾਂ ਨੂੰ ਬੱਸ ਤੋਂ ਬਾਹਰ ਕੱਢਿਆ। ਇਹ ਤਿੰਨੋਂ ਲਾਸ਼ਾਂ ਇੱਕੋ ਪਰਿਵਾਰ- ਮਾਂ, ਧੀ ਅਤੇ ਦਾਦੇ ਦੀਆਂ ਹਨ। ਮ੍ਰਿਤਕਾਂ ਦਾ ਪਛਾਣ ਅਬਦੁਲ , ਉਸ ਦੀ ਨੂੰਹ ਪ੍ਰਵੀਨ ਅਤੇ ਪੋਤੀ ਅਲਵੀਰ ਵਜੋਂ ਹੋਈ ਹੈ।
ਦੱਸ ਦੇਈਏ ਕਿ ਜੁਲਾਈ ਮਹੀਨੇ ਵਿੱਚ ਹਿਮਾਚਲ ‘ਚ ਰਿਕਾਰਡ ਤੋੜ ਮੀਂਹ ਪਿਆ ਸੀ। ਜਿਸ ਨੇ ਸੂਬੇ ਵਿੱਚ ਤਬਾਹੀ ਮਚਾ ਦਿੱਤੀ ਸੀ। ਇਸ ਦੌਰਾਨ ਮਨਾਲੀ ਤੋਂ ਲੈ ਕੇ ਬਿਆਸ ਦਰਿਆ ਤੱਕ ਹੜ੍ਹ ਆ ਗਿਆ ਅਤੇ ਕਾਫ਼ੀ ਤਬਾਹੀ ਹੋਈ। ਇਸ ਦੌਰਾਨ PRTC ਦੀ ਇੱਕ ਬੱਸ ਜਿਸ ਦਾ ਨੰਬਰ PB 65 BB 4893 ਹੈ ਇਹ ਬੱਸ ਐਤਵਾਰ 9 ਜੁਲਾਈ ਨੂੰ ਚੰਡੀਗੜ੍ਹ ਦੇ ਸੈਕਟਰ 43 ਵਾਲੇ ਬੱਸ ਸਟੈਂਡ ਤੋਂ ਮਨਾਲੀ ਲਈ ਨਿਕਲੀ ਸੀ ਪਰ ਵਾਪਸ ਨਹੀਂ ਆਈ ਸੀ। ਇਹ ਬੱਸ ਬਿਆਸ ਦਰਿਆ ਵਿੱਚ ਰੁੜ੍ਹ ਗਈ ਸੀ।
ਉਸ ਦੌਰਾਨ ਬੱਸ ਵਿੱਚ ਕੰਡਕਟਰ ਤੇ ਡਰਾਈਵਰ ਸਮੇਤ ਕੁੱਲ 13 ਲੋਕ ਸਵਾਰ ਸਨ। ਬੱਸ ਡਰਾਈਵਰ ਤੇ ਕੰਡਕਟਰ ਦੀਆਂ ਲਾਸ਼ਾਂ ਮੰਡੀ ‘ਚ ਪਹਿਲਾਂ ਹੀ ਬਰਾਮਦ ਹੋ ਚੁੱਕੀਆਂ ਸਨ, ਹੁਣ ਤਿੰਨ ਲਾਸ਼ਾਂ ਮਿਲੀਆਂ ਹਨ ਅਤੇ 9 ਲੋਕ ਅਜੇ ਵੀ ਲਾਪਤਾ ਹਨ।
PRTC ਦੀ ਇਹ ਬੱਸ 9 ਜੁਲਾਈ ਨੂੰ ਦੁਪਹਿਰ 2.40 ਵਜੇ ਚੰਡੀਗੜ੍ਹ ਦੇ ਸੈਕਟਰ-43 ਬੱਸ ਅੱਡੇ ਤੋਂ ਮਨਾਲੀ ਲਈ ਰਵਾਨਾ ਹੋਈ ਸੀ। ਬੱਸ ਵਿੱਚ ਇੱਕੋ ਪਰਿਵਾਰ ਦੇ 11 ਲੋਕ ਸਵਾਰ ਸਨ। ਇਸ ਦੌਰਾਨ ਬਾਅਦ ਵਿੱਚ ਪਤਾ ਲੱਗਾ ਕਿ ਬੱਸ ਲਾਪਤਾ ਹੋ ਗਈ ਸੀ। ਕਰੀਬ ਵੀਹ ਦਿਨਾਂ ਬਾਅਦ ਪੰਜਾਬ ਰੋਡਵੇਜ਼ ਦੀ ਬੱਸ ਬਿਆਸ ਦਰਿਆ ਵਿੱਚ ਦੱਬੀ ਹੋਈ ਮਿਲੀ। ਇਸ ਨੂੰ ਇੱਥੋਂ ਕੱਢਣ ਦੇ ਯਤਨ ਕੀਤੇ ਗਏ ਪਰ ਦਰਿਆ ਦਾ ਵਹਾਅ ਕਾਫ਼ੀ ਸੀ। ਅਜਿਹੇ ‘ਚ ਤਿੰਨ ਲਾਸ਼ਾਂ ਕੱਢਿਆਂ ਗਈਆਂ ਹਨ, ਹਾਲਾਂਕਿ ਬੱਸ ਅਜੇ ਤੱਕ ਬਾਹਰ ਨਹੀਂ ਕੱਢੀ ਗਈ।