Punjab

ਕੇਜਰੀਵਾਲ ਨੇ ਕੀਤੇ ਪਹਿਲੀ ਗਰੰਟੀ ਦੇ 3 ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਬਿਜਲੀ ਮਹਿੰਗੀ ਇਸ ਲਈ ਹੈ ਕਿਉਂਕਿ ਬਿਜਲੀ ਕੰਪਨੀਆਂ ਵਿੱਚ ਅਤੇ ਪੰਜਾਬ ਦੀ ਸਰਕਾਰੀ ਸੱਤਾ ਵਿੱਚ ਗੰਦੀ ਸਾਂਝ ਹੈ। ਇਸ ਸਾਂਝ ਨੂੰ ਖਤਮ ਕਰਨਾ ਹੈ। ਪਿਛਲੇ ਇੱਕ ਸਾਲ ਤੋਂ ਅਸੀਂ ਪੰਜਾਬ ਵਿੱਚ ਬਿਜਲੀ ਸਸਤੀ ਕਰਨ ਨੂੰ ਲੈ ਕੇ ਅੰਦੋਲਨ ਕਰ ਰਹੇ ਹਾਂ। ਲੋਕ ਪੰਜਾਬ ਵਿੱਚ ਬਿਜਲੀ ਨੂੰ ਲੈ ਕੇ ਬਹੁਤ ਦੁਖੀ ਹਨ। ਬਿਜਲੀ ਕਾਰਨ ਸਭ ਤੋਂ ਜ਼ਿਆਦਾ ਦੁਖੀ ਔਰਤਾਂ ਹਨ। ਦਿੱਲੀ ਵਿੱਚ 24 ਘੰਟੇ ਸਭ ਤੋਂ ਸਸਤੀ ਬਿਜਲੀ ਹੈ।

ਪੰਜਾਬ ਵਿੱਚ ਜਦੋਂ ਸਰਕਾਰ ਬਣੇਗੀ ਤਾਂ ਤਿੰਨ ਵੱਡੀਆਂ ਚੀਜ਼ਾਂ ਕੀਤੀਆਂ ਜਾਣਗੀਆਂ। ਸਾਡੀ ਪਹਿਲੀ ਗਾਰੰਟੀ ਵਿੱਚ ਇਹ ਤਿੰਨ ਐਲਾਨ ਹਨ।

ਕੇਜਰੀਵਾਲ ਦੀ ਪਹਿਲੀ ਗਰੰਟੀ ਦੇ 3 ਐਲਾਨ :

  • ਪੰਜਾਬ ਵਿੱਚ ‘ਆਪ’ ਸਰਕਾਰ ਆਉਣ ਤੋਂ ਬਾਅਦ ਹਰ ਪਰਿਵਾਰ ਨੂੰ 300 ਯੂਨਿਟ ਤੱਕ ਬਿਜਲੀ ਮੁਫਤ ਮਿਲੇਗੀ। ਪੰਜਾਬ ਵਿੱਚ 300 ਯੂਨਿਟ ਇਸ ਲਈ ਮੁਫਤ ਕੀਤੇ ਹਨ ਕਿਉਂਕਿ ਦਿੱਲੀ ਵਿੱਚ ਅਸੀਂ 200 ਯੂਨਿਟ ਤੱਕ ਬਿਜਲੀ ਮੁਫਤ ਦਿੰਦੇ ਹਾਂ ਪਰ 200 ਤੋਂ 400 ਯੂਨਿਟ ਤੱਕ ਬਿਜਲੀ ਅਸੀਂ ਅੱਧੇ ਰੇਟ ‘ਤੇ ਦਿੰਦੇ ਹਾਂ। ਇਸ ਲਈ ਅਸੀਂ ਪੰਜਾਬ ਵਿੱਚ 300 ਯੂਨਿਟ ਤੱਕ ਬਿਜਲੀ ਮੁਫਤ ਦੇਣ ਦਾ ਐਲਾਨ ਕੀਤਾ ਹੈ। ਇਸ ਨਾਲ ਪੰਜਾਬ ਦੇ 80 ਫੀਸਦ ਲੋਕਾਂ ਦੀ ਬਿਜਲੀ ਦਾ ਬਿੱਲ ਜ਼ੀਰੋ ਹੋ ਜਾਵੇਗਾ। ਜਿਵੇਂ ਦਿੱਲੀ ਵਿੱਚ 73 ਫੀਸਦ ਲੋਕਾਂ ਦੀ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ।
  • ਜਿਨ੍ਹਾਂ ਦੇ ਗਲਤ ਬਿੱਲ ਆਏ, ਸਭ ਦੇ ਬਿੱਲ ਮੁਆਫ ਕਰਾਂਗੇ। ਜਿੰਨੇ ਵੀ ਪੁਰਾਣੇ ਬਿੱਲ ਹਨ, ਸਾਰੇ ਮੁਆਫ ਕੀਤੇ ਜਾਣਗੇ। ਜਿਨ੍ਹਾਂ ਲੋਕਾਂ ਦੇ ਕੁਨੈਕਸ਼ਨ ਕੱਟੇ ਗਏ ਹਨ, ਉਨ੍ਹਾਂ ਸਾਰਿਆਂ ਦਾ ਕੁਨੈਕਸ਼ਨ ਬਹਾਲ ਹੋਵੇਗਾ।
  • ਪੰਜਾਬ ‘ਚ ਬਿਨਾਂ ਕੱਟ ਤੋਂ 24 ਘੰਟੇ ਬਿਜਲੀ ਦਿਆਂਗੇ। ਜਿਵੇਂ ਅਸੀਂ ਦਿੱਲੀ ਵਿੱਚ 24 ਘੰਟੇ ਬਿਜਲੀ ਦਿੱਤੀ ਹੈ, ਉਸੇ ਤਰ੍ਹਾਂ ਹੀ ਪੰਜਾਬ ਵਿੱਚ ਵੀ ਅਸੀਂ 24 ਘੰਟੇ ਬਿਜਲੀ ਦਿਆਂਗੇ।

ਕੇਜਰੀਵਾਲ ਨੇ ਕਿਹਾ ਕਿ 24 ਘੰਟੇ ਬਿਜਲੀ ਦੇਣ ਲੱਗਿਆਂ ਥੋੜ੍ਹਾ ਸਮਾਂ ਲੱਗੇਗਾ। 24 ਘੰਟੇ ਬਿਜਲੀ ਦੇਣ ਲਈ ਤਿੰਨ ਤੋਂ ਚਾਰ ਸਾਲ ਤੱਕ ਦਾ ਸਮਾਂ ਲੱਗੇਗਾ। ਦਿੱਲੀ ਦਾ ਇੱਕ ਸਾਲ ਦਾ ਕੁੱਲ ਬਜਟ 60 ਹਜ਼ਾਰ ਕਰੋੜ ਰੁਪਏ ਹੈ ਅਤੇ ਦਿੱਲੀ ਦੀ ਜਨਸੰਖਿਆ 2 ਕਰੋੜ ਹੈ। ਸਾਲ ਵਿੱਚ ਦਿੱਲੀ ਸਰਕਾਰ ਸਿਰਫ 30 ਹਜ਼ਾਰ ਰੁਪਏ ਇੱਕ ਆਦਮੀ ‘ਤੇ ਖਰਚ ਕਰਦੀ ਹੈ। ਫਿਰ ਵੀ ਦਿੱਲੀ ਵਿੱਚ ਬਿਜਲੀ ਮੁਫਤ, ਪਾਣੀ ਮੁਫਤ, ਸਿੱਖਿਆ ਮੁਫਤ, ਵਧੀਆ ਸਕੂਲ, ਵਧੀਆ ਹਸਪਤਾਲ ਹਨ।

ਪੰਜਾਬ ਸਰਕਾਰ ਦਾ ਸਾਲ ਦਾ ਬਜਟ 1 ਲੱਖ 80 ਹਜ਼ਾਰ ਕਰੋੜ ਰੁਪਏ ਹੈ, ਪੰਜਾਬ ਦੀ ਜਨਸੰਖਿਆ 3 ਕਰੋੜ ਹੈ। ਪੰਜਾਬ ਸਰਕਾਰ ਇੱਕ ਪੰਜਾਬੀ ‘ਤੇ 60 ਹਜ਼ਾਰ ਰੁਪਏ ਖਰਚ ਕਰਦੀ ਹੈ ਪਰ ਇਹ ਪੈਸਾ ਜਾਂਦਾ ਕਿੱਥੇ ਹੈ। ਇਹ ਪੈਸਾ ਰੇਤ ਮਾਫੀਆ, ਸ਼ਰਾਬ ਮਾਫੀਆ ਅਤੇ ਹੋਰ ਜਿੰਨੇ ਵੀ ਪੰਜਾਬ ਵਿੱਚ ਮਾਫੀਆ ਹਨ, ਉਨ੍ਹਾਂ ਨੂੰ ਜਾਂਦਾ ਹੈ, ਇਸ ਲਈ ਇਹ ਸਾਰੇ ਮਾਫੀਆ ਬੰਦ ਕਰਾਂਗੇ। ਕੇਜਰੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਹਮੇਸ਼ਾ ਕਿਸਾਨਾਂ ਦੇ ਨਾਲ ਰਹੀ ਹੈ ਅਤੇ ਅਸੀਂ ਹਰ ਪ੍ਰਕਾਰ ਦੀ ਮਦਦ ਕਿਸਾਨਾਂ ਨੂੰ ਦੇਵਾਂਗੇ।