ਇਸ ਸਾਲ 28 ਭਾਰਤੀ ਵਿਦਿਆਰਥੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਹੈ। ਸਰਕਾਰ ਨੇ ਸ਼ੁੱਕਰਵਾਰ ਨੂੰ ਲੋਕ ਸਭਾ ‘ਚ ਦੱਸਿਆ ਕਿ ਇਸ ਸਾਲ 28 ਭਾਰਤੀ ਵਿਦਿਆਰਥੀਆਂ ਨੂੰ ਅਮਰੀਕਾ ਤੋਂ ਭਾਰਤ ਡਿਪੋਰਟ ਕੀਤਾ ਗਿਆ ਸੀ। ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਕਿਹਾ ਕਿ ਸਰਕਾਰ ਨੇ ਨਿਯਮਿਤ ਤੌਰ ‘ਤੇ ਅਜਿਹੇ ਮਾਮਲਿਆਂ ਬਾਰੇ ਅਮਰੀਕਾ ਦੇ ਅਧਿਕਾਰੀਆਂ ਨੂੰ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਹਨ। ਇੱਕ ਸਵਾਲ ਦੇ ਜਵਾਬ ਵਿੱਚ, ਉਨ੍ਹਾਂ ਨੇ ਕਿਹਾ, “ਮੰਤਰਾਲੇ ਕੋਲ ਉਪਲਬਧ ਜਾਣਕਾਰੀ ਅਨੁਸਾਰ, 28 ਭਾਰਤੀ ਵਿਦਿਆਰਥੀਆਂ ਨੂੰ 2023 ਵਿੱਚ ਅਮਰੀਕਾ ਤੋਂ ਭਾਰਤ ਭੇਜਿਆ ਗਿਆ ਸੀ।”
ਰਾਜ ਮੰਤਰੀ ਮੁਰਲੀਧਰਨ ਨੇ ਦੱਸਿਆ ਕਿ ਉਹ ਅਮਰੀਕੀ ਸਰਕਾਰ ਦੇ ਇਸ ਰਵੱਈਏ ਤੋਂ ਲਗਾਤਾਰ ਪਰੇਸ਼ਾਨ ਹਨ। ਉਨ੍ਹਾਂ ਨੇ ਕਿਹਾ ਕਿ ਮੰਤਰਾਲੇ ਨਾਲ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ 2023 ‘ਚ 28 ਵਿਦਿਆਰਥੀਆਂ ਨੂੰ ਅਮਰੀਕਾ ਤੋਂ ਭਾਰਤ ਵਾਪਸ ਭੇਜਿਆ ਗਿਆ। ਵਿਦੇਸ਼ ਮੰਤਰਾਲਾ ਇਸ ਸਮੱਸਿਆ ਨੂੰ ਲੈ ਕੇ ਅਮਰੀਕੀ ਪ੍ਰਸ਼ਾਸਨ ਨੂੰ ਲਗਾਤਾਰ ਚਿੰਤਾ ਜ਼ਾਹਰ ਕਰ ਰਿਹਾ ਹੈ। ਨਾਲ ਹੀ ਵੈਲਿਡ ਸਟੂਡੈਂਟ ਵੀਜ਼ਾ ਰਾਹੀਂ ਭਾਰਤੀ ਵਿਦਿਆਰਥੀਆਂ ਦੇ ਦਾਖ਼ਲੇ ਨੂੰ ਹੋਰ ਨਿਰਪੱਖ ਬਣਾਉਣ ਲਈ ਵੀ ਬੇਨਤੀ ਕੀਤੀ।
ਰਾਜ ਮੰਤਰੀ ਮੁਰਲੀਧਰਨ ਨੇ ਇਹ ਵੀ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਵਿਦਿਆਰਥੀਆਂ ਸਮੇਤ ਕਈ ਭਾਰਤੀ ਨਾਗਰਿਕਾਂ ਨੂੰ ਕੈਨੇਡਾ ਤੋਂ ਕੱਢਿਆ ਜਾ ਰਿਹਾ ਹੈ। ਕਥਿਤ ਤੌਰ ‘ਤੇ ਇਨ੍ਹਾਂ ਭਾਰਤੀਆਂ ‘ਤੇ ਕੈਨੇਡਾ ਦੇ ਕਈ ਵਿੱਦਿਅਕ ਅਦਾਰਿਆਂ ‘ਚ ਦਾਖਲੇ ਲਈ ਫ਼ਰਜ਼ੀ ਪੱਤਰ ਦਾਖਲ ਕਰਨ ਦਾ ਦੋਸ਼ ਹੈ। ਬਾਅਦ ‘ਚ ਇਹ ਵੀ ਸਾਹਮਣੇ ਆਇਆ ਕਿ ਕਈ ਵਿਦਿਆਰਥੀ ਭਾਰਤ ਤੋਂ ਝੂਠੇ ਤੇ ਬੇਈਮਾਨ ਏਜੰਟਾਂ ਵੱਲੋਂ ਭੇਜੇ ਗਏ ਸਨ। ਇਨ੍ਹਾਂ ਘਟਨਾਵਾਂ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਅਜਿਹੇ ਮਾਮਲਿਆਂ ‘ਚ ਸ਼ਾਮਲ ਏਜੰਟਾਂ ਅਤੇ ਸੰਸਥਾਵਾਂ ਦੀ ਪੂਰੀ ਤਰ੍ਹਾਂ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।
ਵਿਦੇਸ਼ ਰਾਜ ਮੰਤਰੀ ਨੇ ਕਿਹਾ ਕਿ ਅਸੀਂ ਜਲਦੀ ਹੀ ਅਜਿਹੇ ਮਾਮਲਿਆਂ ਨੂੰ ਕੈਨੇਡੀਅਨ ਅਧਿਕਾਰੀਆਂ ਕੋਲ ਲੈ ਕੇ ਜਾਵਾਂਗੇ ਤਾਂ ਜੋ ਭਾਰਤੀ ਪੂਰੀ ਕਾਨੂੰਨੀ ਪ੍ਰਕਿਰਿਆ ਤਹਿਤ ਕੈਨੇਡਾ ‘ਚ ਰਹਿ ਸਕਣ। ਕੈਨੇਡੀਅਨ ਪ੍ਰਸ਼ਾਸਨ ਇਸ ਮਾਮਲੇ ਨੂੰ ਹੱਲ ਕਰੇਗਾ ਕਿਉਂਕਿ ਅਜਿਹੇ ਮਾਮਲਿਆਂ ‘ਚ ਵਿਦਿਆਰਥੀਆਂ ਦਾ ਕੋਈ ਕਸੂਰ ਨਹੀਂ ਹੈ।
ਵੀ. ਮੁਰਲੀਧਰਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਚੁੱਕੇ ਗਏ ਫੌਰੀ ਕਦਮਾਂ ਕਾਰਨ ਕੁਝ ਭਾਰਤੀ ਨਾਗਰਿਕਾਂ ‘ਤੇ ਸਟੇਅ ਆਰਡਰ ਲਗਾ ਦਿੱਤੇ ਗਏ ਹਨ, ਜਿਨ੍ਹਾਂ ਨੂੰ ਦੇਸ਼ ਨਿਕਾਲੇ ਦੇ ਹੁਕਮ ਵੀ ਮਿਲੇ ਸਨ। ਸਰਕਾਰ ਕੂਟਨੀਤਕ ਮਾਧਿਅਮਾਂ ਰਾਹੀਂ ਕੈਨੇਡਾ ਨਾਲ ਜੁੜੀ ਹੋਈ ਹੈ ਤਾਂ ਜੋ ਭਾਰਤੀ ਨਾਗਰਿਕਾਂ ਦੀ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕੇ।