Punjab

4 ਦਿਨ ਤੋਂ ਬਾਅਦ ਫਰਾਂਸ ਤੋਂ ਪਰਤੇ 276 ਨੌਜਵਾਨ !

ਬਿਉਰੋ ਰਿਪੋਰਟ : ਪੰਜਾਬ,ਗੁਜਰਾਤ,ਦੱਖਣੀ ਭਾਰਤ ਤੋਂ ਨੌਜਵਾਨਾਂ ਦੀ ਮਨੁੱਖੀ ਤਸਕਰੀ ਦੀ ਵੱਡੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ । ਮਨੁੱਖੀ ਤਸਕਰੀ ਦੇ ਸ਼ੱਕ ਦੇ ਅਧਾਰ ‘ਤੇ ਫਰਾਂਸ ਨੇ 4 ਦਿਨਾਂ ਤੱਕ ਹਵਾਈ ਜਹਾਜ ਆਪਣੇ ਦੇਸ਼ ਵਿੱਚ ਰੋਕਿਆ ਅਤੇ ਹੁਣ ਉਹ ਭਾਰਤ ਪਹੁੰਚ ਗਿਆ ਹੈ । 25 ਦਸੰਬਰ ਦੀ ਸ਼ਾਮ ਨੂੰ ਪੈਰਿਸ ਦੇ ਵਾਰਟੀ ਏਅਰਪੋਰਟ ਤੋਂ ਜਹਾਜ ਨੇ ਉਡਾਨ ਭਰੀ ਸੀ ਅਤੇ ਮੰਗਲਵਾਰ ਸਵੇਰ 4 ਵਜੇ ਮੁੰਬਈ ਏਅਰਪੋਰਟ ‘ਤੇ ਉਤਰਿਆ ਹੈ । 21 ਦਸੰਬਰ ਨੂੰ ਰੋਮਾਨੀਆ ਦੀ ਚਾਰਟਰਡ ਕੰਪਨੀ ਦੇ ਇੱਕ ਜਹਾਜ ਨੇ ਦੁਬਈ ਤੋਂ ਨਿਕਾਰਾਗੁਆ ਦੇ ਲਈ ਉਡਾਨ ਭਰੀ। ਤੇਲ ਭਰਵਾਉਣ ਦੇ ਲਈ ਉਹ ਫਰਾਂਸ ਦੇ ਏਅਰਪੋਰਟ ‘ਤੇ ਉਤਰਿਆ ਸੀ ।

ਇਸ ਫਲਾਈਟ ਵਿੱਚ 276 ਲੋਕ ਵਾਪਸ ਪਰਤੇ ਹਨ । ਜ਼ਿਆਦਾਤਰ ਨੌਜਵਾਨ ਪੰਜਾਬ ਅਤੇ ਗੁਜਰਾਤ ਦੇ ਹਨ,CISF ਨੇ ਇੰਨਾਂ ਤੋਂ ਪੁੱਛ-ਗਿੱਛ ਕੀਤੀ ਹੈ । ਕਈ ਲੋਕ ਮੀਡੀਆ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਬਚ ਦੇ ਹੋਏ ਨਜ਼ਰ ਆਏ। ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕ ਦੇਸ਼ ਵਾਪਸ ਨਹੀ ਆਉਣਾ ਚਾਹੁੰਦੇ ਸਨ ਇਸੇ ਵਜ੍ਹਾ ਨਾਲ ਫਲਾਈਟ ਦੇ ਪਹੁੰਚਣ ਵਿੱਚ ਦੇਰੀ ਹੋਈ। ਇੰਨਾਂ ਲੋਕਾਂ ਨੇ ਫਰਾਂਸ ਵਿੱਚ ਸ਼ਰਨ ਲੈਣ ਦੀ ਮੰਗ ਕੀਤੀ ਸੀ। ਦਰਅਸਲ 22 ਦਸੰਬਰ ਨੂੰ ਦੁਬਈ ਤੋਂ ਨਿਕਾਰਾਗੁਆ ਜਾ ਰਹੇ ਭਾਰਤੀ ਨਾਗਰਿਕਾਂ ਵਾਲਾ ਜਹਾਜ ਵਾਰਟੀ ਏਅਰਪੋਰਟ ‘ਤੇ ਤੇਲ ਭਰਨ ਦੇ ਲਈ ਉਤਰਿਆ ਸੀ। ਇਸ ਦੌਰਾਨ ਫਰਾਂਸ ਦੇ ਅਧਿਕਾਰੀਆਂ ਨੂੰ ਇਤਲਾਹ ਮਿਲੀ ਸੀ ਕਿ ਇਸ ਵਿੱਚ ਮਨੁੱਖੀ ਤਸਕਰੀ ਦੇ ਪੀੜਤਾਂ ਨੂੰ ਲਿਜਾਇਆ ਜਾ ਰਿਹਾ ਹੈ। ਇਸ ਦੇ ਬਾਅਦ ਫਲਾਇਟ ਨੂੰ ਰੋਕਿਆ ਗਿਆ ਅਤੇ ਉਡਾਨ ਭਰਨ ‘ਤੇ ਰੋਕ ਲੱਗਾ ਦਿੱਤੀ ਗਈ ।

ਮਨੁੱਖੀ ਤਸਕਰੀ ਦੇ ਸ਼ੱਕ ਵਿੱਚ ਫੜੇ ਗਏ 2 ਮੁਲਜ਼ਮ ਰਿਹਾ

ਪਹਿਲਾਂ ਖਬਰ ਆਈ ਸੀ ਕਿ ਇਸ ਪਲੇਨ ਵਿੱਚ 300 ਯਾਤਰੀ ਭਾਰਤ ਆ ਰਹੇ ਹਨ, ਇਸ ਵਿੱਚ 25 ਭਾਰਤੀ ਫਰਾਂਸ ਵਿੱਚ ਸ਼ਰਨ ਲੈਣਗੇ,ਇੰਨਾਂ ਨੂੰ ਪੈਰਿਸ ਦੇ ਸਪੈਸ਼ਲ ਜੋਨ ‘ਚਾਰਸ ਦ ਗਾਲ’ ਏਅਰਪੋਰਟ ਭੇਜ ਦਿੱਤਾ ਗਿਆ ਹੈ ਜਿੱਥੇ ਸ਼ਰਨ ਲੈਣ ਵਾਲਿਆਂ ਨੂੰ ਰੱਖਿਆ ਜਾਂਦਾ ਹੈ । ਰਿਪੋਰਟ ਵਿੱਚ ਸਾਹਮਣੇ ਆਇਆ ਸੀ ਕਿ ਫਰਾਂਸ ਪੁਲਿਸ ਨੇ 2 ਲੋਕਾਂ ਨੂੰ ਰਿਹਾ ਕਰ ਦਿੱਤਾ ਹੈ । ਜਿੰਨਾਂ ਤੋਂ ਮਨੁੱਖੀ ਤਸਕਰੀ ਦੇ ਸ਼ੱਕ ਵਿੱਚ ਪੁੱਛ-ਗਿੱਛ ਹੋਈ ਸੀ । ਪਰ ਜੱਜ ਨੇ ਉਨ੍ਹਾਂ ਨੂੰ ਰਿਹਾ ਕਰ ਦਿੱਤਾ,ਦੋਵਾਂ ਨੂੰ ਗਵਾਹੀ ਦੇ ਲਈ ਰੱਖਿਆ ਗਿਆ ਹੈ । ਇੱਕ ਫਰੈਂਚ ਟੀਵੀ ਨੇ ਦਾਅਵਾ ਕੀਤਾ ਹੈ ਕਿ ਜਹਾਜ ਵਿੱਚ ਮੌਜੂਦ ਕੁਝ ਯਾਤਰੀ ਭਾਰਤ ਦੀ ਥਾਂ ਨਿਕਾਰਾਗੁਆ ਹੀ ਜਾਣਾ ਚਾਹੁੰਦੇ ਸਨ । ਫਰਾਂਸ ਦੀ ਪੁਲਿਸ ਨੇ ਕਿਹਾ ਹੈ ਕਿ ਅਸੀਂ ਮਨੁੱਖੀ ਤਸਕਰੀ ਦੇ ਤੌਰ ‘ਤੇ ਇਸ ਕੇਸ ਦੀ ਜਾਂਚ ਨਹੀਂ ਕਰ ਰਹੇ ਹਾਂ ਕਿਉਂਕਿ ਲੋਕ ਆਪਣੀ ਮਰਜ਼ੀ ਦੇ ਨਾਲ ਆਏ ਸਨ ਅਸੀਂ ਇਮੀਗਰੇਸ਼ਨ ਕਾਨੂੰਨ ਦੀ ਉਲੰਘਣਾਂ ਦੇ ਰੂਪ ਵਿੱਚ ਵੇਖ ਰਹੇ ਹਾਂ।