India

ਵਾਇਨਾਡ ‘ਚ ਜ਼ਮੀਨ ਖਿਸਕਣ ਕਾਰਨ ਹੁਣ ਤੱਕ 270 ਮੌਤਾਂ, 240 ਲਾਪਤਾ, ਬਚਾਅ ਕਾਰਜ ਜਾਰੀ

ਕੇਰਲ ਦੇ ਵਾਇਨਾਡ ‘ਚ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 270 ਤੱਕ ਪਹੁੰਚ ਗਈ ਹੈ। 130 ਲੋਕ ਹਸਪਤਾਲ ਵਿੱਚ ਹਨ, ਜਦੋਂ ਕਿ ਅੱਜ ਤੀਜੇ ਦਿਨ ਵੀ 240 ਤੋਂ ਵੱਧ ਲੋਕ ਲਾਪਤਾ ਹਨ।

ਮੌਸਮ ਵਿਭਾਗ ਨੇ ਅੱਜ ਫਿਰ ਵਾਇਨਾਡ ਵਿੱਚ ਬਾਰਿਸ਼ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਆਫਤ ਪ੍ਰਬੰਧਨ ਟੀਮ ਨੇ ਫਿਰ ਤੋਂ ਕੁਝ ਥਾਵਾਂ ‘ਤੇ ਜ਼ਮੀਨ ਖਿਸਕਣ ਦੀ ਸੰਭਾਵਨਾ ਜਤਾਈ ਹੈ। ਡਰੋਨ, ਐਨ.ਡੀ.ਆਰ.ਐਫ., ਐਸ.ਡੀ.ਆਰ.ਐਫ ਨਾਲ ਬਚਾਅ ਕਾਰਜ ਜਾਰੀ ਹੈ।

ਭਾਰੀ ਮੀਂਹ ਕਾਰਨ ਬਚਾਅ ਕਾਰਜਾਂ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਰੀ ਰਾਤ ਕੰਮ ਕਰਨ ਦੇ ਬਾਵਜੂਦ ਫੌਜ ਬੇਲੀ ਬ੍ਰਿਜ ਦਾ ਕੰਮ ਪੂਰਾ ਨਹੀਂ ਕਰ ਸਕੀ। ਫਿਲਹਾਲ ਪੁਲ ਦਾ ਨਿਰਮਾਣ ਅੰਤਿਮ ਪੜਾਅ ‘ਤੇ ਹੈ। ਫੌਜ ਨੂੰ ਉਮੀਦ ਹੈ ਕਿ ਅੱਜ ਦੁਪਹਿਰ ਤੋਂ ਪਹਿਲਾਂ ਪੁਲ ‘ਤੇ ਆਵਾਜਾਈ ਸ਼ੁਰੂ ਹੋ ਜਾਵੇਗੀ।

ਜ਼ਮੀਨ ਖਿਸਕਣ ਦੀ ਘਟਨਾ ਸੋਮਵਾਰ ਰਾਤ ਕਰੀਬ 2 ਵਜੇ ਤੋਂ ਮੰਗਲਵਾਰ ਤੜਕੇ 4 ਵਜੇ ਦੇ ਵਿਚਕਾਰ ਮੁੰਡਕਾਈ, ਚੂਰਾਮਾਲਾ, ਅੱਟਾਮਾਲਾ ਅਤੇ ਨੂਲਪੁਝਾ ਪਿੰਡਾਂ ‘ਚ ਹੋਈ। ਘਰ, ਪੁਲ, ਸੜਕਾਂ ਅਤੇ ਵਾਹਨ ਵਹਿ ਗਏ।

ਬੁੱਧਵਾਰ ਦੇਰ ਰਾਤ ਤੱਕ 1592 ਲੋਕਾਂ ਨੂੰ ਬਚਾਇਆ ਗਿਆ, 3 ਹਜ਼ਾਰ ਲੋਕਾਂ ਨੂੰ ਰਾਹਤ ਕੈਂਪਾਂ ‘ਚ ਭੇਜਿਆ ਗਿਆ ਹੈ। ਰਾਹੁਲ ਗਾਂਧੀ ਅੱਜ ਵਾਇਨਾਡ ਜਾਣਗੇ। ਉਹ ਪ੍ਰਿਅੰਕਾ ਗਾਂਧੀ ਨਾਲ ਪੀੜਤਾਂ ਨੂੰ ਮਿਲਣਗੇ। ਰਾਹੁਲ ਨੇ ਵਾਇਨਾਡ ਅਤੇ ਰਾਏਬਰੇਲੀ ਤੋਂ ਲੋਕ ਸਭਾ ਚੋਣਾਂ ਜਿੱਤੀਆਂ ਸਨ। ਉਨ੍ਹਾਂ ਨੇ ਵਾਇਨਾਡ ਸੀਟ ਛੱਡ ਦਿੱਤੀ ਸੀ। ਹੁਣ ਪ੍ਰਿਅੰਕਾ ਵਾਇਨਾਡ ਤੋਂ ਚੋਣ ਲੜਨ ਜਾ ਰਹੀ ਹੈ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਸੰਸਦ ‘ਚ ਦੱਸਿਆ- ਕੇਰਲ ਸਰਕਾਰ 23-24 ਜੁਲਾਈ ਨੂੰ ਹੀ ਅਲਰਟ ਹੋ ਗਈ ਸੀ, ਜੇਕਰ ਸਰਕਾਰ ਨੇ ਸਮੇਂ ‘ਤੇ ਲੋਕਾਂ ਨੂੰ ਹਟਾ ਦਿੱਤਾ ਹੁੰਦਾ ਤਾਂ ਇੰਨਾ ਨੁਕਸਾਨ ਨਹੀਂ ਹੋਣਾ ਸੀ। ਇਸ ‘ਤੇ ਕੇਰਲ ਦੇ ਸੀਐਮ ਵਿਜਯਨ ਨੇ ਕਿਹਾ- ਜਦੋਂ ਅਜਿਹਾ ਕੁਝ ਹੁੰਦਾ ਹੈ ਤਾਂ ਤੁਸੀਂ ਦੂਜਿਆਂ ‘ਤੇ ਦੋਸ਼ ਲਗਾ ਕੇ ਜ਼ਿੰਮੇਵਾਰੀ ਤੋਂ ਨਹੀਂ ਬਚ ਸਕਦੇ। IMD ਨੇ ਤ੍ਰਾਸਦੀ ਤੋਂ ਪਹਿਲਾਂ ਇੱਕ ਵਾਰ ਵੀ ਰੈੱਡ ਅਲਰਟ ਜਾਰੀ ਨਹੀਂ ਕੀਤਾ ਸੀ।