Punjab

ਸੈਣੀ ਦੇ 26 ਸੁਰੱਖਿਆ ਮੁਲਾਜ਼ਮਾਂ ਨੇ ਦੱਸੀ ਸੈਣੀ ਦੇ ਗਾਇਬ ਹੋਣ ਦੀ ਕਹਾਣੀ

‘ਦ ਖ਼ਾਲਸ ਬਿਊਰੋ ( ਮੁਹਾਲੀ ) :- ਸਾਬਕਾ DGP ਸੁਮੇਧ ਸੈਣੀ ਜੋ ਕਿ ਸਿਟਕੋ ਦੇ ਜੂਨੀਅਰ ਇੰਜਨੀਅਰ ਬਲਵੰਤ ਸਿੰਘ ਮੁਲਤਾਨੀ ਨੂੰ ਤਿੰਨ ਦਹਾਕੇ ਪਹਿਲਾਂ ਅਗਵਾ ਕਰਨ ਤੇ ਭੇਤਭਰੀ ਹਾਲਤ ‘ਚ ਲਾਪਤਾ ਕਰਨ ਦੇ ਇਲਜ਼ਾਮਾਂ ‘ਚ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣ ਮਗਰੋਂ ਮੁਹਾਲੀ ਪੁਲੀਸ ਦੇ ਹੱਥ ਨਹੀਂ ਲੱਗ ਪਾ ਰਿਹਾ ਹੈ। ਹਾਲਾਂਕਿ ਨੇ ਪੁਲੀਸ ਨੇ ਸੈਣੀ ਦੀ ਭਾਲ ਤੇਜ਼ ਕਰ ਦਿੱਤੀ,  ਪਰ ਹਾਲੇ ਤੱਕ ਪੁਲੀਸ ਨੂੰ ਸੈਣੀ ਦੀ ਮੌਜੂਦਗੀ ਬਾਰੇ ਕੋਈ ਠੋਸ ਸੁਰਾਗ ਨਹੀਂ ਮਿਲਿਆ। ਸੈਣੀ ਦੀ ਗ੍ਰਿਫ਼ਤਾਰੀ ਪੁਲੀਸ ਦੇ ਗਲੇ ਦੀ ਹੱਡੀ ਬਣੀ ਹੋਈ ਹੈ।

ਦੂਜੇ ਪਾਸੇ ਮੁਹਾਲੀ ਪੁਲੀਸ ਨੇ ਕੱਲ੍ਹ ਸੈਣੀ ਦੀ ਸੁਰੱਖਿਆ ਵਿੱਚ ਤਾਇਨਾਤ ਇੰਸਪੈਕਟਰ, ਸਬ-ਇੰਸਪੈਕਟਰ, ASI, ਹੌਲਦਾਰ ਤੇ ਸਿਪਾਹੀ ਰੈਂਕ ਦੇ 26 ਪੁਲੀਸ ਮੁਲਾਜ਼ਮਾਂ ਤੋਂ ਪੁੱਛ ਪੜਤਾਲ ਕੀਤੀ ਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ। ਇਹ ਸਾਰੇ ਪੁਲੀਸ ਮੁਲਾਜ਼ਮ ਲੰਮੇ ਸਮੇਂ ਤੋਂ ਸੈਣੀ ਨਾਲ ਤਾਇਨਾਤ ਹਨ, ਜਿਨ੍ਹਾਂ ਵਿੱਚ ਸੈਣੀ ਦੀ ਸੁਰੱਖਿਆ ਦਾ ਇੰਚਾਰਜ ਇੰਸਪੈਕਟਰ ਪਰਮਜੀਤ ਸਿੰਘ ਤੇ ਗੱਡੀ ਦਾ ਡਰਾਈਵਰ ਹੌਲਦਾਰ ਸੁਖਬੀਰ ਸਿੰਘ ਵੀ ਸ਼ਾਮਲ ਹਨ। ਪਰਮਜੀਤ ਸਿੰਘ ਨੇ ਦੱਸਿਆ ਕਿ ਨਵੀਂ ਦਿੱਲੀ ਸਥਿਤ ਸੈਣੀ ਦੀ ਰਿਹਾਇਸ਼ੀ ’ਤੇ ਉਹ 21 ਅਗਸਤ ਤੱਕ ਤਾਇਨਾਤ ਰਿਹਾ ਅਤੇ 22 ਅਗਸਤ ਨੂੰ ਉਸ ਨੂੰ ਸੈਣੀ ਨੇ ਵਾਪਸ ਪੰਜਾਬ ਭੇਜ ਦਿੱਤਾ ਸੀ।

ASI ਸਤਨਾਮ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ ਆਖ਼ਰੀ ਵਾਰ ਸੈਣੀ ਨੂੰ 12 ਅਗਸਤ ਨੂੰ ਚੰਡੀਗੜ੍ਹ ਸਥਿਤ ਘਰ ’ਚ ਦੇਖਿਆ ਸੀ। ਹੌਲਦਾਰ ਅਮਨਦੀਪ ਸਿੰਘ ਨੇ ਕਿਹਾ ਕਿ ਮੈਂ DGP ਸੈਣੀ ਨਾਲ 12 ਅਗਸਤ ਤੱਕ ਨਾਲ ਰਿਹਾ। ਹੌਲਦਾਰ ਗੁਰਨਾਮ ਸਿੰਘ ਨੇ ਕਿਹਾ ਕਿ ਉਹ ਵੀ 12 ਅਗਸਤ ਤੱਕ ਸੈਣੀ ਨਾਲ ਡਿਊਟੀ ’ਤੇ ਰਿਹਾ। ਉਸ ਦਿਨ ਸੈਣੀ ਨੇ ਕਰਨਾਲ ਬਾਈਪਾਸ ਦਿੱਲੀ ਤੋਂ ਉਨ੍ਹਾਂ ਨੂੰ ਵਾਪਸ ਪੰਜਾਬ ਭੇਜ ਦਿੱਤਾ ਸੀ। ਹੌਲਦਾਰ ਵਿਜੇ ਕੁਮਾਰ ਨੇ ਦੱਸਿਆ ਕਿ ਉਹ 22 ਅਗਸਤ ਤੱਕ ਸੈਣੀ ਨਾਲ ਦਿੱਲੀ ਵਿੱਚ ਤਾਇਨਾਤ ਰਿਹਾ। ਕਾਰ ਡਰਾਈਵਰ ਹੌਲਦਾਰ ਸੁਖਬੀਰ ਸਿੰਘ ਨੇ ਵੀ ਆਪਣੇ ਬਿਆਨ ‘ਚ ਕਿਹਾ ਕਿ ਉਹ ਵੀ 22 ਅਗਸਤ ਤੱਕ ਸੈਣੀ ਨਾਲ ਰਿਹਾ। ਮਗਰੋਂ ਉਸ ਨੂੰ ਵਾਪਸ ਭੇਜ ਦਿੱਤਾ ਸੀ। ‘SIT’ ਦੇ ਇੱਕ ਮੈਂਬਰ ਨੇ ਦੱਸਿਆ ਕਿ 13 ਸਤੰਬਰ ਨੂੰ ਵੀ ਸੈਣੀ ਦੀ ਭਾਲ ‘ਚ ਵੱਖ-ਵੱਖ ’ਤੇ ਛਾਪੇ ਮਾਰੇ ਗਏ ਤੇ ਸਿਵਲ ਵਰਦੀ ਵਿੱਚ ਕਈ ਪੁਲੀਸ ਟੀਮਾਂ ਵੱਲੋਂ ਸੈਣੀ ਦੀ ਚੰਡੀਗੜ੍ਹ ਤੇ ਦਿੱਲੀ ਸਥਿਤ ਰਿਹਾਇਸ਼ ਸਮੇਤ ਹੋਰਨਾਂ ਥਾਵਾਂ ’ਤੇ ਨਿਗਾਹ ਰੱਖੀ ਜਾ ਰਹੀ ਹੈ। ਇਸ ਦੇ ਨਾਲ ਹੀ ਅਦਾਲਤਾਂ ‘ਚ ਕਾਨੂੰਨੀ ਚਾਰਾਜੋਈ ਕੀਤੀ ਜਾ ਰਹੀ ਹੈ। ਪੁਲੀਸ ਹਰ ਉਸ ਵਿਅਕਤੀ ’ਤੇ ਨਜ਼ਰ ਰੱਖ ਰਹੀ ਹੈ, ਜੋ ਸੈਣੀ ਦੇ ਸੰਪਰਕ ਵਿੱਚ ਰਿਹਾ ਹੈ ਤਾਂ ਜੋ ਮੁਲਜ਼ਮ ਦੀ ਪੈੜ ਨੱਪੀ ਜਾ ਸਕੇ।

ਸੈਣੀ ਦੀ ਗ੍ਰਿਫ਼ਤਾਰੀ ਲਈ ਲਿਬਰੇਸ਼ਨ ਵੱਲੋਂ ਧਰਨੇ ਭਲਕੇ

CPI (ML) ਲਿਬਰੇਸ਼ਨ ਨੇ ਦੋਸ਼ ਲਾਇਆ ਕਿ ਕੇਂਦਰ ਤੇ ਸੂਬਾ ਸਰਕਾਰ ਜਾਣ-ਬੁੱਝ ਕੇ ਸੁਮੇਧ ਸੇਣੀ ਨੂੰ ਗ੍ਰਿਫ਼ਤਾਰ ਕਰਨ ਲਈ ਢੁੱਕਵੀਂ ਕਾਰਵਾਈ ਨਹੀਂ ਕਰ ਰਹੀਆਂ। ਜਥਬੰਦੀ ਦੀ ਪੰਜਾਬ ਸੂਬਾ ਕਮੇਟੀ ਦੇ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਤੇ ਸੂਬਾਈ ਬੁਲਾਰੇ ਸੁਖਦਰਸ਼ਨ ਸਿੰਘ ਨੱਤ ਨੇ ਐਲਾਨ ਕੀਤਾ ਕਿ ਸਰਕਾਰ ਤੇ ਪੁਲੀਸ ਦੀ ਇਸ ਸੰਵਿਧਾਨ ਵਿਰੋਧੀ ਭੂਮਿਕਾ ਦਾ ਪਰਦਾਫਾਸ਼ ਕਰਨ ਲਈ ਅਤੇ ਸੈਣੀ ਦੀ ਫੌਰੀ ਗ੍ਰਿਫ਼ਤਾਰੀ ਲਈ ਸਰਕਾਰ ਉੱਤੇ ਦਬਾਅ ਬਣਾਉਣ ਵਾਸਤੇ ਲਿਬਰੇਸ਼ਨ ਵੱਲੋਂ 15 ਸਤੰਬਰ ਨੂੰ ਵੱਖ – ਵੱਖ ਜ਼ਿਲ੍ਹਿਆਂ ਵਿੱਚ ਧਰਨੇ ਕੀਤੇ ਜਾਣਗੇ।