‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):- 26ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ‘ਤੇ ਹੋਈ ਘਟਨਾ ਦੇ ਸੰਬੰਧ ਵਿੱਚ ਕੁੱਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਤੇ ਕਿਸਾਨ ਲੀਡਰ ਰੁਲਦੂ ਸਿੰਘ ਸਣੇ ਵੱਡੇ ਚਿਹਰੇ ਨਜ਼ਰ ਆ ਰਹੇ ਹਨ। ਕੁੱਝ ਅਖਬਾਰਾਂ ਤੇ ਨਿਊਜ਼ ਪੋਰਟਲਾਂ ਨੇ ਖਬਰਾਂ ਜਾਰੀ ਕੀਤੀਆਂ ਹਨ ਕਿ ਦਿੱਲੀ ਪੁਲਿਸ ਨੇ ਇਨ੍ਹਾਂ ਤਸਵੀਰਾਂ ਦੀ ਜਾਂਚ ਸ਼ੁਰੂ ਕੀਤੀ ਹੈ ਤੇ ਪੰਜਾਬ ਦੇ ਇਨ੍ਹਾਂ ਚਰਚਿਤ ਚੇਹਰਿਆਂ ਤੋਂ ਪੁੱਛਗਿੱਛ ਵੀ ਕੀਤੀ ਜਾ ਸਕਦੀ ਹੈ। ਪਰ ਦਿੱਲੀ ਪੁਲਿਸ ਵੱਲੋਂ ਅਜਿਹੀ ਕੋਈ ਪੁਸ਼ਟੀ ਨਹੀਂ ਹੋਈ ਹੈ, ਜਿਸ ਦੇ ਅਧਾਰ ‘ਤੇ ਕੋਈ ਅਜਿਹੀ ਜਾਂਚ ਖੁਲ੍ਹਣ ਦੀ ਗੱਲ ਸਾਬਿਤ ਹੁੰਦੀ ਹੋਵੇ।

ਇਨ੍ਹਾਂ ਤਸਵੀਰਾਂ ਦੇ ਸਾਹਮਣੇ ਆਉਣ ਤੇ ਮੀਡਿਆ ਰਾਹੀਂ ਪ੍ਰਤਿਕਿਰਿਆ ਦਿੰਦੇ ਹੋਏ ਗਾਇਕ ਇੰਦਰਜੀਤ ਨਿੱਕੂ ਨੇ ਕਿਹਾ ਕਿ ਉਸ ਦਿਨ ਅਸੀਂ ਕਰਨਾਲ ਬਾਈਪਾਸ ‘ਤੇ ਜਦੋਂ ਇਹ ਲਾਲ ਕਿਲ੍ਹੇ ਦੀ ਘਟਨਾ ਵਾਪਰੀ ਹੈ। ਮੇਰੇ ਸਮੇਤ, ਮੇਰਾ ਕੋਈ ਵੀ ਸਾਥੀ ਲਾਲ ਕਿਲ੍ਹੇ ਨਹੀਂ ਗਿਆ। ਇਸ ਘਟਨਾ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਹੈ। ਖੁਸ਼ੀ ਦੀ ਗੱਲ ਹੈ ਕਿ ਅਸੀਂ ਪਹਿਲੇ ਦਿਨ ਤੋਂ ਕਿਸਾਨਾਂ ਨਾਲ ਖੜ੍ਹੇ ਹਾਂ, ਪਰ ਦੁੱਖ ਦੀ ਗੱਲ ਹੈ ਕਿ ਸਰਕਾਰ ਸਾਨੂੰ ਇਨ੍ਹਾਂ ਤਰੀਕਿਆਂ ਨਾਲ ਟਾਰਗੇਟ ਕਰ ਰਹੀ ਹੈ। ਅਸੀਂ ਜੋ ਨਹੀਂ ਕੀਤਾ, ਸਾਨੂੰ ਦੋਸ਼ੀ ਨਾ ਬਣਾਇਆ ਜਾਵੇ। ਫਿਰ ਵੀ ਜੇਕਰ ਅਜਿਹੀ ਕੋਈ ਗੱਲ ਜੋੜੀ ਜਾ ਰਹੀ ਹੈ ਤਾਂ ਮੈਂ ਦਿੱਲੀ ਪੁਲਿਸ ਜਿੱਥੇ ਬੁਲਾਵੇਗੀ, ਹਾਜਰ ਹੋਵਾਂਗਾ। ਉੱਧਰ, ਤਸਵੀਰ ਸਾਹਮਣੇ ਆਉਣ ‘ਤੇ ਕਿਸਾਨ ਲੀਡਰ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਅਸੀਂ ਸਰਕਾਰ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਾਂ। ਆਪਣੇ ਹੱਕਾਂ ਲਈ ਲੜਦੇ ਰਹਾਂਗੇ।



 
																		 
																		 
																		 
																		