‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ 26 ਮਾਰਚ ਦੇ ਭਾਰਤ ਬੰਦ ਨੂੰ ਸਫ਼ਲ ਕਰਨ ਲਈ ਪਿੰਡ ਵੱਲਾ ਵਿਖੇ ਕਿਸਾਨਾਂ,ਮਜਦੂਰਾਂ, ਬੀਬੀਆਂ ਦਾ ਵਿਸ਼ਾਲ ਇਕੱਠ ਕਰਕੇ ਪਰਿਵਾਰਾਂ ਸਮੇਤ ਸ਼ਾਮਲ ਹੋਣ ਲਈ ਲਾਮਬੰਦ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਦੇਸ਼ ਪੱਧਰੀ ਭਾਰਤ ਬੰਦ ਦੀ ਕਾਲ ਨੂੰ ਕਾਮਯਾਬ ਕਰਨ ਲਈ ਪਿੰਡ ਪੱਧਰ ਉਤੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਇਸ ਵਿੱਚ ਹਜਾਰਾਂ ਕਿਸਾਨ,ਮਜ਼ਦੂਰ,ਬੀਬੀਆਂ, ਨੌਜਵਾਨ ਗੋਲਡਨ ਗੇਟ,ਵੱਲਾ ਸਬਜੀ ਮੰਡੀ ਰੇਲਵੇ ਫਾਟਕ,ਚੱਬਾ ਚੌਂਕ,ਸੰਗਾਰਾਨਾ ਸਾਹਿਬ ਰੇਲ ਮਾਰਗ,ਰਈਆ ਰੇਲ ਫਾਟਕ ਸਮੇਤ ਅੰਮ੍ਰਿਤਸਰ ਵਿੱਚ 88 ਥਾਵਾਂ ਉੱਤੇ ਪਹੁੰਚ ਕੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਾਉਣ, ਪਰਾਲੀ ਐਕਟ 2020 ਰੱਦ ਕਰਨ, ਕਿਸਾਨਾਂ ਉੱਤੇ ਪਾਏ ਝੂਠੇ ਕੇਸ ਰੱਦ ਕਰਕੇ ਜੇਲ੍ਹਾਂ ਵਿੱਚ ਬੰਦ ਕਿਸਾਨ, ਨੌਜਵਾਨ ਰਿਹਾਅ ਕਰਨ, ਕਣਕ ਝੋਨੇ ਸਮੇਤ ਸਾਰੀਆਂ ਫ਼ਸਲਾਂ ਦੀ ਸਰਕਾਰੀ ਖਰੀਦ ਦੀ ਗਰੰਟੀ ਵਾਲਾ ਐਮ ਐੱਸ ਪੀ ਕਨੂੰਨ ਲਾਗੂ ਕਰਨ, ਕਰਜ਼ੇ ਖਤਮ ਕਰਨ, ਕਰੋਨਾ ਦੇ ਨਾਮ ਉੱਤੇ ਪੁਲਿਸ ਵੱਲੋਂ ਡੰਡਾ ਤੰਤਰ ਨਾਲ ਜਬਰੀ ਚਲਾਨ ਕਰਨੇ ਬੰਦ ਕਰਨ ਦੀ ਮੰਗ ਕਰਨਗੇ।
ਕਿਸਾਨ ਲੀਡਰਾਂ ਨੇ ਦੇਸ਼ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ 26 ਦੇ ਭਾਰਤ ਬੰਦ ਨੂੰ ਸਫ਼ਲ ਕਰਨ ਲਈ ਮੋਦੀ ਸਰਕਾਰ ਦੇ ਖਿਲਾਫ ਆਪਣੇ ਅਦਾਰੇ, ਦੁਕਾਨਾਂ ਤੇ ਕਾਰੋਬਾਰ ਬੰਦ ਕਰਕੇ ਪਰਿਵਾਰਾਂ ਸਮੇਤ ਇਸ ਅੰਦੋਲਨ ਵਿੱਚ ਸ਼ਾਮਲ ਹੋ ਕੇ ਇਕਜੁੱਟਤਾ ਦਾ ਸਬੂਤ ਦੇਣ।