Others

ਦਿੱਲੀ ‘ਚ 25 ਮਰੀਜ਼ ਤੋੜ ਗਏ ਆਕਸੀਜਨ ਦੀ ਘਾਟ ਕਾਰਨ ਦਮ!

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੋਰੋਨਾ ਦੀ ਦੂਜੀ ਲਹਿਰ ਦੀ ਲਾਗ ਪੂਰੇ ਦੇਸ਼ ਵਿੱਚ ਘਾਤਕ ਸਿੱਧ ਹੋ ਰਹੀ ਹੈ। ਇਸ ਦੌਰਾਨ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ’ਚੋਂ ਪਰੇਸ਼ਾਨ ਕਰਨ ਵਾਲੀ ਖਬਰ ਆਈ ਹੈ। ਇੱਥੇ ਗੰਭੀਰ ਰੂਪ ਵਿੱਚ ਬਿਮਾਰ 25 ਮਰੀਜ਼ਾਂ ਨੇ ਦਮ ਤੋੜ ਦਿੱਤਾ ਹੈ। ਮੌਤ ਦੀ ਵਜ੍ਹਾ ਆਕਸੀਜਨ ਦੀ ਘਾਟ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਦੇ ਮੈਡੀਕਲ ਨਿਦੇਸ਼ਕ ਨੇ ਦੱਸਿਆ ਕਿ ਆਕਸੀਜਨ ਦਾ ਭੰਡਾਰ ਅਗਲੇ ਦੋ ਘੰਟੇ ਹੋਰ ਚੱਲ ਸਕੇਗਾ। ਵੈਂਟੀਲੇਟਰ ਤੇ ਬੀਆਈਪੀਏਪੀ ਮਸ਼ੀਨਾਂ ਸਹੀ ਤਰੀਕੇ ਕੰਮ ਨਹੀਂ ਕਰ ਰਹੀਆਂ ਹਨ। ਇੱਥੋਂ ਤੱਕ ਕਿ ਗੰਭੀਰ ਰੂਪ ਵਿੱਚ ਬੀਮਾਰ ਹੋਰ 60 ਮਰੀਜ਼ ਨਾਜ਼ੁਕ ਹਾਲਾਤ ਵਿੱਚ ਹਨ। ਸਥਿਤੀ ਗੰਭੀਰ ਬਣੀ ਹੋਈ ਹੈ।

ਇਸ ਹਸਪਤਾਲ ਦੇ ਆਈਸੀਯੂ ਅਤੇ ਐਮਰਜੈਂਸੀ ਵਿਭਾਗ ਵਿੱਚ ਗ਼ੈਰ-ਮਸ਼ੀਨੀ ਤਰੀਕੇ ਨਾਲ ਵੈਂਟੀਲੇਸ਼ਨ ਬਹਾਲ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਦਿੱਲੀ ਦੇ ਮੁੱਖ ਮੰਤਰੀ ਕੇਂਦਰ ਸਰਕਾਰ ਤੋਂ ਆਕਸੀਜਨ ਦੀ ਲਗਾਤਾਰ ਮੰਗ ਕਰ ਰਹੇ ਹਨ। ਦਿੱਲੀ ਦੇ ਹਸਪਤਾਲਾਂ ’ਚ ਮੈਡੀਕਲ ਆਕਸੀਜਨ ਦੀ ਘਾਟ ਦੇ ਕਾਰਨ ਕੱਲ੍ਹ ਕੋਰੋਨਾ ਵਾਇਰਸ ਦੀ ਲਾਗ ਦੇ 26,169 ਨਵੇਂ ਮਾਮਲੇ ਦਰਜ ਕੀਤੇ ਗਏ ਸਨ ਤੇ 306 ਲੋਕਾਂ ਦੀ ਮੌਤ ਹੋਈ ਸੀ।