ਬਿਉਰੋ ਰਿਪੋਰਟ: ਹਰਿਆਣਾ ਦੇ ਫਤਿਹਾਬਾਦ ਤੋਂ ਚੰਡੀਗੜ੍ਹ ਜਾ ਰਹੀ ਰੋਡਵੇਜ਼ ਦੀ ਬੱਸ ਨਾਲ ਟੋਹਾਣਾ ਨੇੜੇ ਵੱਡਾ ਹਾਦਸਾ ਵਾਪਰ ਗਿਆ। ਬੱਸ ਸੜਕ ਦੇ ਕਿਨਾਰੇ ਪਲਟ ਗਈ। ਕਈ ਸਵਾਰੀਆਂ, ਚਾਲਕ ਅਤੇ ਕੰਡਕਟਰ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਜ਼ਖ਼ਮੀਆਂ ਦੀ ਗਿਣਤੀ 24 ਦੱਸੀ ਜਾ ਰਹੀ ਹੈ।
ਫਤਿਹਾਬਾਦ ਡਿਪੂ ਦੀ ਰੋਡਵੇਜ਼ ਦੀ ਬੱਸ ਅੱਜ ਸਵੇਰੇ ਫਤਿਹਾਬਾਦ ਤੋਂ ਚੰਡੀਗੜ੍ਹ ਲਈ ਰਵਾਨਾ ਹੋਈ ਸੀ। ਇਸੇ ਦੌਰਾਨ ਬੱਸ ਅਚਾਨਕ ਸੜਕ ਦੇ ਕਿਨਾਰੇ ਮਿੱਟੀ ਧਸਣ ਕਾਰਨ ਪਲਟ ਗਈ ਅਤੇ ਹਫੜਾ-ਦਫੜੀ ਮਚ ਗਈ। ਆਸ-ਪਾਸ ਕੰਮ ਕਰ ਰਹੇ ਲੋਕ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਜ਼ਖ਼ਮੀਆਂ ਸਵਾਰੀਆਂ ਨੂੰ ਬਾਹਰ ਕੱਢਣਾ ਸ਼ੁਰੂ ਕੀਤਾ। ਬੱਸ ਪਲ਼ਟਣ ਦੀ ਖ਼ਬਰ ਮਿਲਦਿਆਂ ਹੀ ਪਿੰਡ ਵਾਸੀ ਵੀ ਮਦਦ ਲਈ ਭੱਜੇ ਅਤੇ ਲੋਕਾਂ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਐਂਬੂਲੈਂਸ ਬੁਲਾਈ ਗਈ ਅਤੇ ਜ਼ਖਮੀਆਂ ਨੂੰ ਟੋਹਾਣਾ ਦੇ ਸਿਵਲ ਹਸਪਤਾਲ ’ਚ ਇਲਾਜ ਲਈ ਭੇਜਿਆ ਗਿਆ।
ਘਟਨਾ ਤੋਂ ਬਾਅਦ ਸੜਕ ਦੀ ਮਾੜੀ ਹਾਲਤ ਤੋਂ ਗੁੱਸੇ ਵਿੱਚ ਆਏ ਲੋਕਾਂ ਨੇ ਮੌਕੇ ’ਤੇ ਜਾਮ ਲਗਾ ਦਿੱਤਾ, ਜਿਸ ਕਾਰਨ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ ਤੋਂ ਮੁੱਖ ਸੜਕ ’ਤੇ ਪੁਲ ਬਣ ਰਿਹਾ ਹੈ, ਉਦੋਂ ਤੋਂ ਇਸ ਦਾ ਕੋਈ ਬਦਲਵਾਂ ਪ੍ਰਬੰਧ ਨਹੀਂ ਕੀਤਾ ਗਿਆ। ਲੋਕਾਂ ਨੇ ਕਿਹਾ ਕਿ ਜੇਕਰ ਕੋਈ ਜਾਨੀ-ਮਾਲੀ ਨੁਕਸਾਨ ਹੁੰਦਾ ਹੈ ਤਾਂ ਜ਼ਿੰਮੇਵਾਰੀ ਕੌਣ ਲਵੇਗਾ?