ਚੰਡੀਗੜ੍ਹ- ਦੇਸ਼ ਵਿੱਚ ਕੋਰੋਨਾਵਾਇਰਸ ਦਾ ਖ਼ਤਰਾ ਲਗਾਤਾਰ ਵੱਧ ਰਿਹਾ ਹੈ। ਚੰਡੀਗੜ੍ਹ ਦੇ ਸੈਕਟਰ-32 ਸਥਿਤ ਜੀਐੱਮਸੀਐਚ ਵਿੱਚ ਇੱਕ 23 ਸਾਲਾ ਲੜਕੀ ਨੂੰ ਕੋਰੋਨਾਵਾਇਰਸ ਤੋਂ ਪੀੜਤ ਪਾਇਆ ਗਿਆ ਹੈ। ਚੰਡੀਗੜ੍ਹ ਚ ਕੋਰੋਨਾ ਵਾਇਰਸ ਦਾ ਇਹ ਪਹਿਲਾ ਮਾਮਲਾ ਹੈ। ਇਸ ਨਾਲ ਦੇਸ਼ ਦੇ ਪੀੜਤਾਂ ਦੀ ਗਿਣਤੀ 166 ਹੋ ਗਈ ਹੈ।

ਸਿਹਤ ਵਿਭਾਗ ਦੇ ਅਨੁਸਾਰ ਪੀਜੀਆਈ ਦੇ ਵਾਇਰੋਲਾਜੀ ਵਿਭਾਗ ਵਿੱਚ ਕੀਤੀ ਗਈ ਜਾਂਚ ਚ ਮਰੀਜ਼ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਚੰਡੀਗੜ੍ਹ ਵਾਸੀ 23 ਸਾਲਾ ਲੜਕੀ ਬੀਤੇ ਐਤਵਾਰ 15 ਮਾਰਚ ਦੀ ਸਵੇਰ ਇੰਗਲੈਂਡ ਤੋਂ ਵਾਪਸ ਆਈ ਸੀ। ਉਸ ਨੂੰ ਸੋਮਵਾਰ ਨੂੰ ਸਰਦੀ-ਜੁਕਾਮ ਦੀ ਸ਼ਿਕਾਇਤ ਤੇ ਜੀਐਮਸੀਐਚ ਵਿੱਚ ਦਾਖਲ ਕਰਵਾਇਆ ਗਿਆ ਸੀ। ਮਰੀਜ਼ ਦੇ ਪਰਿਵਾਰ ਨੂੰ ਘਰ ਵਿੱਚ ਹੀ ਆਈਸੋਲੇਟ ਕੀਤਾ ਗਿਆ ਹੈ। ਮਰੀਜ਼ ਦੀ ਹਾਲਤ ਅਜੇ ਸਥਿਰ ਦੱਸੀ ਜਾ ਰਹੀ ਹੈ।

ਹਾਲਾਤ ਨੂੰ ਵੇਖਦਿਆਂ ਕੇਂਦਰ ਸਰਕਾਰ ਨੇ ਸੀਬੀਐੱਸਈ ਸਮੇਤ ਸਾਰੇ ਵਿਦਿਅਕ ਅਦਾਰਿਆਂ ਨੂੰ 31 ਮਾਰਚ ਤੱਕ ਪ੍ਰੀਖਿਆਵਾਂ ਮੁਲਤਵੀ ਕਰਨ ਲਈ ਕਿਹਾ ਹੈ। ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਸਕੱਤਰ ਅਮਿਤ ਖਰੇ ਨੇ ਕਿਹਾ ਕਿ ਸੀਬੀਐੱਸਈ, ਐੱਨਆਈਓਐੱਸ ਅਤੇ ਯੂਨੀਵਰਸਿਟੀ ਦੀਆਂ ਸਾਰੀਆਂ ਪ੍ਰੀਖਿਆਵਾਂ 31 ਮਾਰਚ ਤੱਕ ਮੁਲਤਵੀ ਕਰਨ ਦਾ ਫੈਸਲਾ ਲਿਆ ਗਿਆ ਹੈ। ਜੇਈਈ ਮੁੱਖ ਪ੍ਰੀਖਿਆ ਦੀ ਨਵੀਂ ਤਰੀਕ ਦਾ ਐਲਾਨ 31 ਮਾਰਚ ਨੂੰ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸੰਕਟ ਤੇ ਅੱਜ ਰਾਤ 8 ਵਜੇ ਦੇਸ਼ ਨੂੰ ਸੰਬੋਧਨ ਕਰਨਗੇ।