India

ਚੰਡੀਗੜ੍ਹ ’ਚ ਬਦਮਾਸ਼ਾਂ ਨੇ ਨੌਜਵਾਨ ’ਤੇ ਲੋਹੇ ਦੀਆਂ ਰਾਡਾਂ, ਡੰਡਿਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ, PGI ‘ਚ ਮੌਤ

ਪੀਜੀਆਈ ਵਿੱਚ 10 ਦਿਨਾਂ ਤੱਕ ਜ਼ਿੰਦਗੀ ਨਾਲ ਜੂਝਣ ਤੋਂ ਬਾਅਦ 21 ਸਾਲਾ ਨੌਜਵਾਨ ਰੋਹਿਤ ਕੁਮਾਰ ਨੇ ਸ਼ਨੀਵਾਰ ਨੂੰ ਦਮ ਤੋੜ ਦਿੱਤਾ ਹੈ। 8 ਮਈ ਨੂੰ ਸੱਤ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਗਏ ਹਮਲੇ ਵਿੱਚ ਪੀੜਤ ਰੋਹਿਤ ਕੁਮਾਰ ਵਾਸੀ ਰਾਮ ਦਰਬਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ।

ਸੈਕਟਰ 31 ਥਾਣਾ ਪੁਲਿਸ ਨੇ ਪਹਿਲਾਂ ਹੀ 7 ਵਿਅਕਤੀਆਂ ਅੰਕਿਤ ਬੱਸੀ, ਅਰਜੁਨ, ਰਿਆਨ, ਆਰੀਅਨ ਉਰਫ ਕਾਲੂ, ਚਿੰਟੂ, ਰਵੀ ਕੁਮਾਰ ਅਤੇ ਯਸ਼ ਉਰਫ ਗੋਲੂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪੁਲਿਸ ਮੁਤਾਬਕ ਸਾਰੇ ਮੁਲਜ਼ਮ ਰਾਮ ਦਰਬਾਰ ਦੇ ਰਹਿਣ ਵਾਲੇ ਹਨ ਅਤੇ 18 ਤੋਂ 24 ਸਾਲ ਦੀ ਉਮਰ ਦੇ ਹਨ।

ਰੋਹਿਤ ਦੇ ਪਿਤਾ ਨਿਤਿਨ ਕੁਮਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਇਲਜ਼ਾਮ ਲਾਇਆ ਹੈ ਕਿ ਵੀਰਵਾਰ ਰਾਤ ਰਾਮਦਰਬਾਰ ਦੇ ਫੇਜ਼-2 ਸਥਿਤ ਰਵਿਦਾਸ ਮੰਦਰ ਨੇੜੇ ਬਦਮਾਸ਼ਾਂ ਦੇ ਇਕ ਸਮੂਹ ਨੇ ਉਸ ਦੇ ਪੁੱਤਰ ‘ਤੇ ਡੰਡਿਆਂ, ਲੋਹੇ ਦੀਆਂ ਰਾਡਾਂ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ‘ਚ ਜ਼ਖਮੀ ਕਰ ਦਿੱਤਾ। ਨਿਤਿਨ ਨੇ ਦੱਸਿਆ ਕਿ ਉਹ ਅਤੇ ਉਸ ਦਾ ਪੁੱਤਰ ਤਰਖਾਣ ਦਾ ਕੰਮ ਕਰਦੇ ਹਨ ਅਤੇ ਆਪਣਾ ਕੰਮ ਖਤਮ ਕਰਕੇ ਘਰ ਪਰਤ ਆਏ ਸਨ।

ਬਾਅਦ ‘ਚ ਉਸ ਦਾ ਲੜਕਾ ਰਾਮਦਰਬਾਰ ਬਾਜ਼ਾਰ ‘ਚ ਗਿਆ, ਜਿੱਥੇ ਕੁਝ ਲੋਕਾਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਪੀੜਤ ਦੇ ਪਿਤਾ ਨੇ ਮੁਲਜ਼ਮਾਂ ਨਾਲ ਕੋਈ ਪੁਰਾਣੀ ਦੁਸ਼ਮਣੀ ਹੋਣ ਤੋਂ ਇਨਕਾਰ ਕੀਤਾ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਰੋਹਿਤ ਦਾ ਯਸ਼ ਉਰਫ ਗੋਲੂ ਤੇ ਰਿਹਾਨ ਨਾਲ ਪਿਛਲੇ ਕਾਫੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ।

ਵਾਰਦਾਤ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਨੇ ਰੋਹਿਤ ਨੂੰ ਜੀ.ਐਮ.ਸੀ.ਐਚ.-32 ਵਿੱਚ ਦਾਖਲ ਕਰਵਾਇਆ ਸੀ, ਅਤੇ ਬਾਅਦ ਵਿੱਚ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਸੀ।