ਬਿਉਰੋ ਰਿਪੋਰਟ: ਜੇ ਤੁਸੀਂ ਵੀ ਦੇਸੀ ਘਿਓ ਖਾਣ ਦੇ ਸ਼ੌਕੀਨ ਹੋ, ਪਰ ਬਾਜ਼ਾਰ ਤੋਂ ਲਿਆ ਕੇ ਖਾਂਦੇ ਹੋ ਤਾਂ ਸਾਵਧਾਨ ਹੋ ਜਾਓ। ਪੰਜਾਬ ਅੰਦਰ ਦੇਸੀ ਘਿਓ ਦੇ 21.4 ਫ਼ੀਸਦੀ ਨਮੂਨੇ ਫੇਲ੍ਹ ਹੋ ਗਏ ਹਨ। ਇਨ੍ਹਾਂ ਨਮੂਨਿਆਂ ਵਿੱਚ ਦੇਸੀ ਘਿਓ ਵਿੱਚ ਹਾਈਡ੍ਰਜੋਨੇਟਿਡ ਫੈਟ ਅਤੇ ਰਿਫਾਇੰਡ ਤੇਲ ਦੀ ਮਿਲਾਵਟ ਵੀ ਪਾਈ ਗਈ ਹੈ। ਸਿਰਫ਼ 5 ਤੋਂ 10 ਫੀਸਦ ਹੀ ਸ਼ੁੱਧ ਦੇਸੀ ਘਿਓ ਹੁੰਦਾ ਹੈ। ਇਸ ਦੇ ਨਾਲ ਹੀ ਦੁੱਧ ਦੇ ਵੀ 13.6 ਫੀਸਦ ਨਮੂਨੇ ਮਿਆਰਾਂ ’ਤੇ ਖ਼ਰੇ ਨਹੀਂ ਉੱਤਰੇ ਹਨ। ਇੰਨਾ ਹੀ ਨਹੀਂ, ਖੋਏ ਦੇ ਵੀ 26 ਫੀਸਦ ਸੈਂਪਲ ਫੇਲ੍ਹ ਹੋਏ ਹਨ।
ਦਰਅਸਲ ਪੰਜਾਬ ਸਰਕਾਰ ਨੇ 2023-24 ਦੌਰਾਨ ਇਹ ਸਾਰੀਆਂ ਵਸਤੂਆਂ ਦੇ ਨਮੂਨੇ ਲਏ ਸਨ ਅਤੇ ਫੂਡ ਐਂਡ ਡਰੱਗਜ਼ ਐਡਮਨਿਸਟ੍ਰੇਸ਼ਨ ਪੰਜਾਬ ਦੇ ਹੁਣ ਅੰਕੜੇ ਜਾਰੀ ਕੀਤੇ ਹਨ। ਦੁੱਧ ਦੇ 646 ਨਮੂਨਿਆਂ ਵਿੱਚੋਂ 88 ਨਮੂਨੇ ਮਿਆਰਾਂ ’ਤੇ ਖ਼ਰੇ ਨਹੀਂ ਉੱਤਰੇ। 2021 ਤੋਂ 2024 ਤੱਕ ਦੁੱਧ ਦੇ 20,988 ਨਮੂਨੇ ਲਏ ਗਏ ਸਨ। ਦੁੱਧ ਦੇ 20,988 ਸੈਂਪਲਾਂ ਵਿੱਚੋਂ 3,712 ਨਮੂਨੇ ਫੇਲ੍ਹ ਸਾਬਿਤ ਹੋਏ ਹਨ ਜੋ ਮਾਪਦੰਡਾਂ ਦੇ ਅਨੁਕੂਲ ਨਹੀਂ ਰਹੇ।
2023-24 ਦੀ ਗੱਲ ਕਰੀਏ ਤਾਂ ਇਸ ਦੌਰਾਨ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਦੇ ਕੁੱਲ 6,041 ਨਮੂਨੇ ਲਏ ਗਏ ਸਨ ਜਿਨ੍ਹਾਂ ਵਿੱਚੋਂ 929 ਨਮੂਨੇ ਫੇਲ੍ਹ ਹੋਏ ਹਨ। ਸਾਲ 2023-24 ਦੌਰਾਨ ਪੰਜਾਬ ਸਰਕਾਰ ਨੇ 1,577 ਸਿਵਲ ਕੇਸ ਕੀਤੇ ਅਤੇ 76 ਕੇਸਾਂ ਵਿੱਚ ਅਪਰਾਧਿਕ ਕਾਰਵਾਈ ਕੀਤੀ। ਬੀਤੇ ਤਿੰਨ ਵਰ੍ਹਿਆਂ ਵਿੱਚ 194 ਫੇਲ੍ਹ ਨਮੂਨਿਆਂ ਦੇ ਮਾਲਕਾਂ ਖ਼ਿਲਾਫ਼ ਅਪਰਾਧਿਕ ਕਾਰਵਾਈ ਹੋਈ ਹੈ।
ਫੇਲ੍ਹ ਹੋਏ ਨਮੂਨਿਆਂ ’ਚੋਂ ਕੁੱਝ ਮਾਮਲਿਆਂ ਵਿੱਚ ਪਾਣੀ ਦੀ ਮਿਲਾਵਟ ਪਾਈ ਗਈ ਜਾਂ ਫਿਰ ਮਿਆਦ ਪੁਗਾ ਚੁੱਕੇ ਸਕਿਮਡ ਮਿਲਕ ਪਾਊਡਰ ਜਾਂ ਯੂਰੀਆ ਆਦਿ ਮਿਲਾਵਟ ਕਰਕੇ ਦੁਬਾਰਾ ਬਣਾਇਆ ਗਿਆ। ਇਹ ਚੀਜ਼ਾਂ ਮਨੁੱਖੀ ਸਰੀਰ ਲਈ ਬੇਹੱਦ ਹਾਨੀਕਾਰਕ ਹਨ।