’ਦ ਖ਼ਾਲਸ ਬਿਊਰੋ: ਅੱਜ ਦੁਨੀਆ ਭਰ ਵਿੱਚ ਆਲਮੀ ਮਾਂ ਬੋਲੀ ਦਿਵਸ ਮਨਾਇਆ ਗਿਆ। ਵਿਸ਼ਵ ਭਰ ਵਿੱਚ ਇਸ ਦਿਨ ਦੀ ਬੜੀ ਮਹਾਨਤਾ ਹੈ। ਅੰਤਰ ਰਾਸ਼ਟਰੀ ਮਾਂ ਬੋਲੀ ਦਿਹਾੜਾ ਹਰ ਸਾਲ 21 ਫ਼ਰਵਰੀ ਨੂੰ ਭਾਸ਼ਾਈ ਅਤੇ ਸੱਭਿਆਚਾਰਿਕ ਵੰਨ-ਸੁਵੰਨਤਾ ਨੂੰ ਬਰਕਰਾਰ ਰੱਖਣ ਲਈ ਮਨਾਇਆ ਜਾਂਦਾ ਹੈ। ਯੂਨੈਸਕੋ ਦੁਆਰਾ 17 ਨਵੰਬਰ 1999 ਨੂੰ ਇਹ ਦਿਹਾੜਾ ਮਨਾਉਣ ਬਾਰੇ ਫ਼ੈਸਲਾ ਕੀਤਾ ਗਿਆ। ਯੂਐੱਨ ਦੀ ਜਨਰਲ ਅਸੈਂਬਲੀ ਨੇ ਸਾਲ 2008 ਨੂੰ ਭਾਸ਼ਾਵਾਂ ਦਾ ਅੰਤਰ ਰਾਸ਼ਟਰੀ ਸਾਲ ਕਰਾਰ ਦਿੱਤਾ ਸੀ। 20 ਸਾਲਾਂ ਤੋਂ ਵੱਧ ਸਮੇਂ ਤੋਂ ਯੂਨੈਸਕੋ ਦੁਆਰਾ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਮਨਾਇਆ ਜਾ ਰਿਹਾ ਹੈ।
ਦੁਨੀਆ ਵਿੱਚ ਲਗਭਗ 7 ਹਜ਼ਾਰ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਭਾਰਤ ਵਿੱਚ ਵੀ ਮੁੱਖ ਤੌਰ ’ਤੇ 22 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅੰਤਰ ਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ਲੋਕ ਆਪਣੀ ਮਾਂ-ਬੋਲੀ ਨੂੰ ਵਿਸਥਾਰ ਨਾਲ ਜਾਣਦੇ ਹਨ। ਇਸ ਦਿਨ ਪੂਰੀ ਦੁਨੀਆ ਵਿੱਚ ਬਹੁਤ ਸਾਰੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਸਿੱਖਿਆ ’ਤੇ ਸਾਹਿਤ ਨਾਲ ਜੁੜੇ ਲੋਕ ਵੱਖ-ਵੱਖ ਭਾਸ਼ਾਵਾਂ ਬਾਰੇ ਵਿਚਾਰ ਵਟਾਂਦਰੇ ਕਰਦੇ ਹਨ।
ਫ਼ਰਵਰੀ 2000 ਤੋਂ ਬਾਅਦ ਹਰ ਸਾਲ ਅੰਤਰ ਰਾਸ਼ਟਰੀ ਮਾਂ ਬੋਲੀ ਦਿਹਾੜਾ ਮਨਾਇਆ ਜਾਂਦਾ ਹੈ। ਇਹ ਦਿਨ ਸਾਡੇ ਗੁਆਂਢੀ ਮੁਲਕ ਬੰਗਲਾਦੇਸ਼ ਦੀ ਦੇਣ ਹੈ। ਇਹ ਦਿਨ 1952 ਦੀ 21 ਫ਼ਰਵਰੀ ਦੀ ਪ੍ਰਤਿਨਿਧਤਾ ਕਰਦਾ ਹੈ ਜਦੋਂ ਢਾਕਾ ਯੂਨੀਵਰਸਿਟੀ, ਜਗਨਨਾਥ ਯੂਨੀਵਰਸਿਟੀ, ਢਾਕਾ ਮੈਡੀਕਲ ਕਾਲਜ ਆਦਿ ਦੇ ਵਿਦਿਆਰਥੀ ਉਸ ਸਮੇਂ ਦੇ ਪਾਕਿਸਤਾਨ ਵਿੱਚ ਉਰਦੂ ਤੋਂ ਬਿਨਾਂ ਬੰਗਾਲੀ ਨੂੰ ਵੀ ਇੱਕ ਰਾਸ਼ਟਰੀ ਭਾਸ਼ਾ ਵਜੋਂ ਮਾਨਤਾ ਦਿਵਾਉਣ ਲਈ ਮੁਜਾਹਰਾ ਕਰ ਰਹੇ ਸਨ ਅਤੇ ਇਨ੍ਹਾਂ ਨੂੰ ਪੁਲਿਸ ਦੁਆਰਾ ਗੋਲੀਆਂ ਚਲਾ ਕੇ ਢਾਕਾ (ਹੁਣ ਬੰਗਲਾਦੇਸ਼) ਵਿਖੇ ਮਾਰ ਦਿੱਤਾ ਗਿਆ ਸੀ।
ਅੰਤਰਰਾਸ਼ਟਰੀ ਮਾਂ-ਬੋਲੀ ਦਿਹਾੜੇ ਦਾ ਇਤਿਹਾਸ
ਇਤਿਹਾਸ ਅਨੁਸਾਰ ਅਗਸਤ 1947 ਵਿੱਚ ਫ਼ਿਰਕੂ ਆਧਾਰ ‘ਤੇ ਹਿੰਦੋਸਤਾਨ ਦੋ ਹਿੱਸਿਆਂ- ਹਿੰਦੁਸਤਾਨ ਅਤੇ ਪਾਕਿਸਤਾਨ ਵਿੱਚ ਵੰਡਿਆ ਗਿਆ। ਇਸ ਦੇ ਵੱਖ-ਵੱਖ ਇਲਾਕਿਆਂ ਵਜੋਂ ਪੂਰਬੀ ਬੰਗਾਲ ਦੀ ਮੁਸਲਿਮ ਬਹੁ-ਵਸੋਂ ਵਾਲੇ ਹਿੱਸੇ ਨੂੰ ਪੂਰਬੀ ਪਾਕਿਸਤਾਨ ਅਤੇ ਪੰਜਾਬ, ਸਿੰਧ, ਬਲੋਚਿਸਤਾਨ ਅਤੇ ਸਰਹੱਦੀ ਸੂਬੇ ਵਾਲੇ ਇਲਾਕੇ ਨੂੰ ਪੱਛਮੀ ਪਾਕਿਸਤਾਨ ਦੇ ਨਾਂ ਨਾਲ ਜਾਣਿਆ ਜਾਣ ਲੱਗਿਆ। ਰਾਜਸੀ ਤਾਕਤ ਪੱਛਮੀ ਪਾਕਿਸਤਾਨ ਵਾਲਿਆਂ ਹੱਥ ਆਉਣ ਕਾਰਨ ਉਨ੍ਹਾਂ ਉਰਦੂ ਨੂੰ ਪਾਕਿਸਤਾਨ ਦੀ ਸਰਕਾਰੀ ਭਾਸ਼ਾ ਅਤੇ ਸਿੱਖਿਆ ਦਾ ਮਾਧਿਅਮ ਬਣਾ ਦਿੱਤਾ ਗਿਆ। ਉਨ੍ਹਾਂ ਪੂਰਬੀ ਪਾਕਿਸਤਾਨ (ਮੌਜੂਦਾ ਬੰਗਲਾਦੇਸ਼) ਵਾਲੇ ਇਲਾਕੇ ਵਿੱਚ ਵੀ ਉਰਦੂ ਅਤੇ ਫਾਰਸੀ ਲਾਗੂ ਕਰਨੀ ਚਾਹੀ ਜਿਸ ਦਾ ਬੰਗਾਲੀ ਭਾਸ਼ਾ ਬੋਲਣ ਵਾਲਿਆਂ ਨੇ ਡੱਟ ਕੇ ਵਿਰੋਧ ਕੀਤਾ ਅਤੇ ਇਸ ਧੱਕੇਸ਼ਾਹੀ ਵਿਰੁੱਧ ਜ਼ੋਰਦਾਰ ਸੰਘਰਸ਼ ਸ਼ੁਰੂ ਕਰ ਦਿੱਤਾ।
ਮਾਂ-ਬੋਲੀ ਦੇ ਸਨਮਾਨ ਅਤੇ ਹੋਂਦ ਲਈ ਆਰੰਭ ਕੀਤੇ ਇਸ ਸੰਘਰਸ਼ ਨੂੰ ਦਬਾਉਣ ਲਈ ਸਰਕਾਰ ਨੇ ਬੜੀ ਸਖ਼ਤੀ ਵਰਤੀ। ਜ਼ੁਲਮ-ਤਸ਼ੱਦਦ ਕੀਤੇ ਪਰ ਬੰਗਾਲੀ ਝੁਕਣ ਵਾਲੇ ਨਹੀਂ ਸਨ। ਇਨ੍ਹਾਂ ਸ਼ਾਂਤਮਈ ਢੰਗ ਨਾਲ ਮੁਜ਼ਾਹਰਾ ਕਰ ਰਹੇ ਮਾਤ-ਭਾਸ਼ਾ ਪ੍ਰੇਮੀਆਂ ਉੱਤੇ ਪਾਕਿਸਤਾਨ ਦੀਆਂ ਸੁਰੱਖਿਆ ਫ਼ੌਜਾਂ ਵੱਲੋਂ ਢਾਕਾ ਵਿੱਚ 21 ਫਰਵਰੀ 1952 ਨੂੰ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ ਸੈਂਕੜੇ ਲੋਕ ਸ਼ਹੀਦ ਹੋ ਗਏ।
ਸ਼ਹਾਦਤ ਦਾ ਇਹ ਦਿਨ ਬੰਗਲਾਦੇਸ਼ (ਉਸ ਸਮੇਂ ਦੇ ਪੂਰਬੀ ਪਾਕਿਸਤਾਨ) ਦੇ ਇਤਿਹਾਸ ਵਿੱਚ ਵਿਲੱਖਣ ਦਿਨ ਸਿੱਧ ਹੋਇਆ ਅਤੇ ਇਸ ਨੇ ਬੰਗਲਾਦੇਸ਼ ਰਾਸ਼ਟਰ ਦੀ ਨੀਂਹ ਰੱਖ ਦਿੱਤੀ। ਸਮੇਂ-ਸਮੇਂ ਇਹ ਅੰਦੋਲਨ ਦਬਾ ਦਿੱਤਾ ਜਾਂਦਾ ਰਿਹਾ ਪਰ 1950ਵਿਆਂ ਅਤੇ 1960ਵਿਆਂ ਵਿੱਚ ਕਿਸੇ ਨਾ ਕਿਸੇ ਰੋਸ ਮੁਜ਼ਾਹਰੇ ਦੇ ਰੂਪ ਵਿੱਚ ਉਭਰਦਾ ਇਹ ਸਮੇਂ ਦੀ ਤੋਰ ਨਾਲ ਇੱਕ ਲਹਿਰ ਬਣ ਗਿਆ।
ਆਪਣੀ ਭਾਸ਼ਾ ਅਤੇ ਸੱਭਿਆਚਾਰ ਦੇ ਸਨਮਾਨ ਲਈ ਸੁਲਘਦੀ ਇਹ ਚਿੰਗਾਰੀ 1971 ਵਿੱਚ ਆਜ਼ਾਦੀ ਦੀ ਲੜਾਈ ਦੇ ਰੂਪ ਵਿੱਚ ਭਾਂਬੜ ਬਣ ਕੇ ਉੱਠੀ ਅਤੇ ‘ਸੋਨਾਰ ਬੰਗਲਾ’ ਵਜੋਂ ਜਾਣੀ ਜਾਂਦੀ ਇਸ ਧਰਤੀ ਨੂੰ ਪਾਕਿਸਤਾਨ ਤੋਂ ਆਜ਼ਾਦੀ ਹਾਸਲ ਹੋ ਗਈ। ਇਸ ਕਰਕੇ ਹਰ ਸਾਲ ਦੁਨੀਆਂ ਭਰ ਵਿੱਚ 21 ਫਰਵਰੀ ਨੂੰ ਮਾਂ-ਬੋਲੀ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਅੰਤਰਰਾਸ਼ਟਰੀ ਮਾਂ-ਬੋਲੀ ਦਿਹਾੜੇ ਦਾ ਸਫ਼ਰ
- 2000, ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ ਮਨਾਉਣ ਦਾ ਉਦਘਾਟਨ ਕੀਤਾ ਗਿਆ
- 2001, ਦੂਜਾ ਸਲਾਨਾ ਪ੍ਰੋਗਰਾਮ ਹੋਇਆ
- 2002, ਭਾਸ਼ਾਈ ਵਿਭਿੰਨਤਾ; ਲਗਭਗ 3,000 ਭਾਸ਼ਾਵਾਂ ਦੀ ਹੋਂਦ ਨੂੰ ਖ਼ਤਰਾ (ਨਾਅਰਾ: ਭਾਸ਼ਾ ਦੀ ਅਕਾਸ਼-ਗੰਗਾ ਵਿੱਚ ਹਰ ਸ਼ਬਦ ਇੱਕ ਤਾਰਾ ਹੈ)
- 2003, ਚੌਥਾ ਸਲਾਨਾ ਪ੍ਰੋਗਰਾਮ ਹੋਇਆ
- 2004, ਬੱਚਿਆਂ ਲਈ ਸਿਖਲਾਈ
- 2005, ਬਰੇਲ ਲਿਪੀ ਅਤੇ ਚਿੰਨ੍ਹ ਲਿਪੀ ਦੀਆਂ ਭਾਸ਼ਾ
- 2006, ਭਾਸ਼ਾ ਅਤੇ ਸਾਈਬਰ ਸਪੇਸ
- 2007, ਬਹੁਤ ਭਾਸ਼ਾ ਸਿੱਖਿਆ
- 2008, ਅੰਤਰਰਾਸ਼ਟਰੀ ਭਾਸ਼ਾ ਵਰ੍ਹਾ
- 2009, ਦਸਵਾਂ ਸਲਾਨਾ ਪ੍ਰੋਗਰਾਮ ਹੋਇਆ
- 2010, ਸੱਭਿਆਚਾਰਕ ਪਹੁੰਚ ਦਾ ਅੰਤਰਰਾਸ਼ਟਰੀ ਵਰ੍ਹਾ
- 2011, ਜਾਣਕਾਰੀ ਅਤੇ ਸੰਚਾਰਕ ਤਕਨੀਕਾਂ
- 2012, ਮਾਂ ਬੋਲੀ ‘ਚ ਸਿੱਖਿਆ ‘ਚ ਹਦਾਇਤਾਂ ਅਤੇ ਜਾਣਕਾਰੀ
- 2013, ਪੰਜਾਬੀ
- 2014, ਤੁਰਕੀ ਮਾਂ ਬੋਲੀ ਦਿਹਾੜਾ
- 2017, ਮਾਂ ਬੋਲੀ ਦਿਵਸ ਬਾਰੇ
ਸਾਡੀ ਮਾਂ-ਬੋਲੀ ਪੰਜਾਬੀ
ਪੰਜਾਬੀ (ਸ਼ਾਹਮੁਖੀ/ਗੁਰਮੁਖੀ) ਪੰਜਾਬ ਦੀ ਭਾਸ਼ਾ ਹੈ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ। ਸਿੱਖਾਂ ਦੇ ਧਾਰਮਿਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਗੁਰਮੁਖੀ ਲਿਪੀ ਵਿੱਚ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਪੰਜਾਬੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ।
‘ਐਥਨੋਲੋਗ’ 2005 (ਬੋਲੀਆਂ ਨਾਲ਼ ਸਬੰਧਿਤ ਇੱਕ ਵਿਸ਼ਵ-ਗਿਆਨਕੋਸ਼) ਮੁਤਾਬਕ 8.8 ਕਰੋੜ ਲੋਕ ਪੰਜਾਬੀ ਭਾਸ਼ਾ ਬੋਲਦੇ ਹਨ, ਜਿਸ ਨਾਲ ਪੰਜਾਬੀ ਸਮੁੱਚੀ ਦੁਨੀਆ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ‘ਦਸਵੀਂ ਬੋਲੀ’ ਹੈ। 2008 ਵਿੱਚ ਪਾਕਿਸਤਾਨ ਦੀ ਮਰਦਮਸ਼ੁਮਾਰੀ ਮੁਤਾਬਕ ਪਾਕਿਸਤਾਨ ਵਿੱਚ 76,334,300 ਲੋਕ ਪੰਜਾਬੀ ਬੋਲਦੇ ਹਨ ਅਤੇ 2011 ਵਿੱਚ ਭਾਰਤੀ ਮਰਦਮਸ਼ੁਮਾਰੀ ਮੁਤਾਬਕ ਭਾਰਤ ਵਿੱਚ 3,11,44,095 ਲੋਕ ਪੰਜਾਬੀ ਬੋਲੀ ਬੋਲਦੇ ਹਨ।
ਪੰਜਾਬੀ ਦੀਆਂ ਦੋ ਮੁੱਖ ਉਪ-ਬੋਲੀਆਂ ਹਨ- ਪੂਰਬੀ ਪੰਜਾਬੀ ਅਤੇ ਲਹਿੰਦੀ ਪੰਜਾਬੀ। ਲਹਿੰਦੀ ਪੰਜਾਬੀ, ਪੂਰਬੀ ਪੰਜਾਬੀ ਅਤੇ ਪੱਛਮੀ ਪਹਾੜੀ ਬੋਲੀਆਂ ਨੂੰ ਮਿਲਾ ਕੇ ਪੰਜਾਬੀ ਆਪਣੇ ਸੁਰ-ਵਿਗਿਆਨ ਕਰ ਕੇ ਅਜੋਕੀ ਹਿੰਦ-ਯੂਰਪੀ ਬੋਲੀਆਂ ਦੇ ਪਰਿਵਾਰ ਵਿੱਚੋਂ ਸਭ ਤੋਂ ਵੱਖਰੀ ਬੋਲੀ ਜਾਪਦੀ ਹੈ।
ਪੰਜਾਬੀ ਦੀਆਂ ਕਈ ਉਪ-ਬੋਲੀਆਂ ਹਨ, ਪਰ ਮਾਝੀ ਨੂੰ ਸਭ ਤੋਂ ਅਮੀਰ ਉਪ-ਬੋਲੀ ਮੰਨਿਆ ਜਾਂਦਾ ਹੈ। ਇਹ ਉਪ-ਬੋਲੀ ਪੁਰਾਣੇ ਪੰਜਾਬ ਦੇ ਮਾਝਾ ਖ਼ਿੱਤੇ ਵਿੱਚ ਬੋਲੀ ਜਾਂਦੀ ਹੈ ਜਿਸ ਦਾ ਕੇਂਦਰ ਅਜੋਕੇ ਅੰਮ੍ਰਿਤਸਰ ਅਤੇ ਲਾਹੌਰ ਵਿੱਚ ਹੈ। ਇਸ ਉਪ-ਬੋਲੀ ਦੀ ਵਰਤੋਂ ਪੰਜਾਬੀ ਦੀਆਂ ਕਿਤਾਬਾਂ ਲਿਖਣ ਵਿੱਚ ਹੁੰਦੀ ਹੈ। ਪੰਜਾਬੀ ਭਾਸ਼ਾ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਆਦਿ ਵਿੱਚ ਵੀ ਬੋਲੀ ਜਾਂਦੀ ਹੈ। ਪੰਜਾਬੀ ਨੂੰ ਹਰਿਆਣਾ ਅਤੇ ਦਿੱਲੀ ਵਿੱਚ ਦੂਜੀ ਅਤੇ ਤੀਜੀ ਭਾਸ਼ਾ ਦਾ ਦਰਜਾ ਹਾਸਿਲ ਹੈ।
ਪੰਜਾਬੀ ਦਾ ਮੂਲ ਰੂਪ
ਬੀਬੀਸੀ ਪੰਜਾਬੀ ਦੀ ਪੰਜਾਬੀ ਭਾਸ਼ਾ ਦੇ ਦੋ ਮਾਹਿਰਾਂ, ਪੰਜਾਬੀ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਵਿਭਾਗ ਦੇ ਸਾਬਕਾ ਮੁਖੀ ਡਾ.ਜੋਗਾ ਸਿੰਘ ਅਤੇ ਮਾਨਵਵਾਦੀ ਭਾਸ਼ਾਵਾਂ ਦੇ ਮਾਹਿਰ ਤੇ ਲਿੰਗੁਇਸਟਿਕ ਸੁਸਾਇਟੀ ਆਫ਼ ਇੰਡੀਆ ਦੇ ਮੈਂਬਰ ਡਾ. ਬੂਟਾ ਸਿੰਘ ਬਰਾੜ ਨਾਲ ਗੱਲਬਾਤ ਤੋਂ ਪੰਜਾਬੀ ਭਾਸ਼ਾ ਦੇ ਮੂਲ ਬਾਰੇ ਪਤਾ ਲੱਗਦਾ ਹੈ।
ਡਾ. ਬੂਟਾ ਸਿੰਘ ਬਰਾੜ ਮੁਤਾਬਕ ਪੰਜਾਬੀ ਬੋਲੀ ਦਾ ਮੂਲ ਸ੍ਰੰਸਕ੍ਰਿਤ ਨਹੀਂ, ਬਲਕਿ ਪਾਕ ਪ੍ਰਾਕਰਿਤ ਹੈ, ਜੋ ਕਿ ਮੁੱਢ ਤੋਂ ਇੱਥੇ ਵਸਦੇ ਲੋਕਾਂ ਦੇ ਬੋਲ ਚਾਲ ਦੀ ਭਾਸ਼ਾ ਸੀ। ਡਾ. ਜੋਗਾ ਸਿੰਘ ਨੇ ਵੀ ਦੱਸਿਆ ਕਿ ਜਦੋਂ ਤੋਂ ਪੰਜਾਬ ਦੀ ਇਹ ਧਰਤੀ ਹੈ ਉਦੋਂ ਤੋਂ ਹੀ ਪੰਜਾਬੀ ਦਾ ਮੂਲ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਨਸਲਾਂ, ਵੱਖ-ਵੱਖ ਕਬੀਲੇ ਤੇ ਵੱਖ-ਵੱਖ ਕੌਮਾਂ ਜਿਵੇਂ-ਜਿਵੇਂ ਪੰਜਾਬ ਵਿੱਚ ਆਏ, ਉਨ੍ਹਾਂ ਨੇ ਪੰਜਾਬੀ ਦਾ ਹੋਰਨਾਂ ਭਾਸ਼ਾਵਾਂ ਵਿੱਚ ਮਿਸ਼ਰਨ ਕਰ ਦਿੱਤਾ। ਪਰ ਜਿਹੜੀ ਮੂਲ ਰੂਪ ਵਿੱਚ ਇੱਥੋਂ ਦੀ ਭਾਸ਼ਾ ਹੈ ਉਹ ਸਥਾਨਕ ਭਾਸ਼ਾ ਪੰਜਾਬੀ ਹੀ ਹੈ।
ਡਾ. ਬੂਟਾ ਸਿੰਘ ਬਰਾੜ ਅਤੇ ਡਾ. ਜੋਗਾ ਸਿੰਘ ਨੇ ਦੱਸਿਆ ਕਿ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਹੀ ਬ੍ਰਹਮੀ ਲਿਪੀ ਤੋਂ ਜਨਮੀਆਂ ਹਨ। ਡਾ. ਜੋਗਾ ਸਿੰਘ ਮੁਤਾਬਕ ਲੰਡਾ, ਸਿੱਧਮਾਤਰਿਕਾ, ਨਾਗਰੀ, ਸ਼ਾਰਦਾ, ਟਾਕਰੀ, ਮਹਾਜਨੀ ਲਿਪੀ ਹੈ। ਅਸੀਂ ਕਹਿ ਸਕਦੇ ਹਾਂ ਕਿ ਲੰਡੇ ਤੋਂ ਹੀ ਅੱਜ ਦੀ ਗੁਰਮੁਖੀ ਦਾ ਮੁੱਢ ਬੱਝਿਆ ਹੈ। ਮੌਜੂਦਾ ਸਮੇਂ ਵਿੱਚ ਪੰਜਾਬੀ ਦੀਆਂ ਦੋ ਲਿੱਪੀਆਂ ਹਨ ਸ਼ਾਹਮੁਖੀ ਅਤੇ ਗੁਰਮੁਖੀ ਅਤੇ ਇਨ੍ਹਾਂ ਵਿੱਚ ਅੱਖਰਾਂ ਦੀ ਬਣਤਰ ਦਾ ਫ਼ਰਕ ਹੈ।
ਡਾ. ਜੋਗਾ ਸਿੰਘ ਨੇ ਦੱਸਿਆ ਕਿ ਸ਼ਾਹਮੁਖੀ ਇੱਕ ਵੱਖਰੀ ਲਿੱਪੀ ਸੀ, ਪਰ ਉਸ ਦਾ ਇਹ ਨਹੀਂ ਹੈ ਕਿ ਗੁਰਮੁਖੀ ਨਾਲ ਉਸ ਦਾ ਕੋਈ ਰਿਸ਼ਤਾ ਨਹੀਂ। ਫੀਨੀਸ਼ੀਅਨ ਲਿਪੀ ਤੋਂ ਹੀ ਸਾਰੀਆਂ ਲਿਪੀਆਂ ਬ੍ਰਹਮੀ ਨਾਲ ਮਿਲ ਕੇ ਜਨਮੀਆਂ ਹਨ। ਪਰ ਇਨ੍ਹਾਂ ਦੀ ਵਿੱਥ ਹੋ ਗਈ।
“ਭਾਰਤ ਵਿੱਚ ਲਿੱਪੀਆਂ ਤੇ ਭਾਸ਼ਾਵਾਂ ਨੂੰ ਧਾਰਮਿਕ ਰੰਗਤ ਦੇ ਦਿੱਤੀ ਗਈ ਤਾਂ ਜਿਹੜੇ ਇਸਲਾਮੀ ਵਿਚਾਰ ਵਾਲੇ ਸਨ ਉਨ੍ਹਾਂ ਨੇ ਸ਼ਾਹਮੁਖੀ ਦੀ ਵਧੇਰੇ ਵਰਤੋਂ ਕੀਤੀ। ਜਿਹੜੇ ਸਥਾਨਕ ਹਿੰਦੂ ਜਾਂ ਸਿੱਖ ਵਿਸ਼ਵਾਸ ਵਾਲੇ ਸਨ ਉਨ੍ਹਾਂ ਨੇ ਸਿੱਧ ਮਾਤਰਿਕਾ, ਸ਼ਾਰਦਾ ਟਾਕਰੀ, ਲੰਡੇ ਤੇ ਬਾਅਦ ਵਿੱਚ ਗੁਰਮੁਖੀ ਦੀ ਵਰਤੋਂ ਕੀਤੀ।”
ਡਾ. ਜੋਗਾ ਸਿੰਘ ਨੇ ਦੱਸਿਆ ਕਿ ਪੰਜਾਬੀ ਵਿੱਚ ਪਹਿਲੀ ਰਚਨਾ ਅਦਹਮਾਣ ਦੀ ਸਨੇਹ ਰਾਸਯ ਹੈ ਜੋ ਕਿ ਕਈ ਲਿੱਪੀਆਂ ਦਾ ਮਿਸ਼ਰਣ ਹੈ ਜੋ ਕਿ 9ਵੀਂ ਸਦੀ ਦੇ ਕਰੀਬ ਸੀ। ਉਸ ਤੋਂ ਬਾਅਦ ਸ਼ਾਹਮੁਖੀ ਵਿੱਚ ਬਾਬਾ ਸ਼ੇਖ ਫਰੀਦ ਦੀਆਂ ਰਚਨਾਵਾਂ ਅਤੇ ਗੁਰਮੁਖੀ ਵਿੱਚ ਗੁਰੂ ਨਾਨਕ ਦੇਵ ਜੀ ਦੀ ਪੱਟੀ।
ਪੈਂਤੀ ਅੱਖਰੀ ਦੀ ਹੋਂਦ
ਪੰਜਾਬੀ ਭਾਸ਼ਾ ਵਿੱਚ ਆਉਣ ਵਾਲੇ ਬਦਲਾਅ ਅਤੇ ਪੈਂਤੀ ਅੱਖਰੀ ਦੀ ਹੋਂਦ ਬਾਰੇ ਡਾ. ਬੂਟਾ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬੀ ਲਿਖਣ ਵਿੱਚ ਨਫਾਸਤ ਅਤੇ ਬੋਲਣ ਵਿੱਚ ਰਲਾਵਟ ਆਈ ਹੈ। ਡਾ. ਜੋਗਾ ਸਿੰਘ ਮੁਤਾਬਕ ਪੈਂਤੀ ਅੱਖਰੀ ਦਾ ਸਭ ਤੋਂ ਪਹਿਲਾ ਸਬੂਤ ਨਾਨਕ ਦੀ ਪੱਟੀ ਵਿੱਚ ਮਿਲਦਾ ਹੈ। ਉਸ ਵਿੱਚ ਪੈਂਤੀ ਹੀ ਅੱਖਰ ਹਨ। ਉਸ ਵਿੱਚ ਫ਼ਰਕ ਸਿਰਫ਼ ਇੰਨਾ ਹੈ ਕਿ ਉ, ਅ, ਈ ਵਾਲੀ ਤਰਤੀਬ ਵੱਖਰੀ ਸੀ। ਉਸ ਵਿੱਚ ਅ, ਈ, ਉ ਲਿਖਿਆ ਜਾਂਦਾ ਸੀ। ਬਾਅਦ ਵਿੱਚ ਗੁਰੂ ਅੰਗਦ ਦੇਵ ਜੀ ਨੇ ਇਹ ਤਰਤੀਬ ਬਦਲ ਕੇ ਉ , ਅ, ਈ ਕੀਤੀ।
ਸ਼ਖ਼ਗ਼ਜ਼ਲ਼ਫ਼ ਦੀ ਸ਼ੁਰੂਆਤ
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬੀ ਬੋਲੀ ਵਿੱਚ ਕੋਈ ਅੱਖਰ ਅਲੋਪ ਤਾਂ ਨਹੀਂ ਹੋਏ ਪਰ ਉਸ ਵਿੱਚ ਕੁਝ ਹੋਰ ਅੱਖਰ ਸ਼ਾਮਿਲ ਹੋ ਗਏ। ਕਿਉਂਕਿ ਫਾਰਸੀ ਦਰਬਾਰੀ ਭਾਸ਼ਾ ਬਣ ਗਈ ਤੇ ਉਸ ਵਿੱਚ ਕਈ ਰਚਨਾਵਾਂ ਹੋਈਆਂ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰਨਾਮਾ ਫਾਰਸੀ ਵਿੱਚ ਲਿਖਿਆ। ਜਦੋਂ ਇਨ੍ਹਾਂ ਫਾਰਸੀ ਦੀਆਂ ਰਚਨਾਵਾਂ ਨੂੰ ਗੁਰਮੁਖੀ ਵਿੱਚ ਲਿਖਿਆ ਗਿਆ ਤਾਂ ਜਿਹੜੇ ‘ਖ਼, ਜ਼, ਫ਼. ਗ਼’ ਧੁਨੀਆਂ ਹਨ ਤਾਂ ਲੋਕਾਂ ਨੇ ਸੋਚਿਆ ਕਿ ਇਸ ਨੂੰ ਉਸੇ ਵਾਂਗ ਹੀ ਲਿਖਿਆ ਜਾਣਾ ਚਾਹੀਦਾ ਹੈ।
ਇਸ ਤੋਂ ਬਾਅਦ ਉਨ੍ਹਾਂ ਅੱਖਰਾਂ ਦੇ ਪੈਰ ਵਿੱਚ ਬਿੰਦੀ ਲਾ ਦਿੱਤੀ ਗਈ। ‘ਸ’ ਪੈਰ ਬਿੰਦੀ ਲਾ ਕੇ ਸ਼ ਵੀ ਪੰਜਾਬੀ ਵਿੱਚ ਸ਼ਾਮਿਲ ਹੋ ਗਿਆ। ਫਿਰ ਜੋ ਸ਼ਬਦ ਜੋੜ ਕੋਸ਼ ਪੰਜਾਬੀ ਯੂਨਿਵਰਸਿਟੀ ਵਲੋਂ ਬਣਾਇਆ ਗਿਆ ਤਾਂ ‘ਲ’ ਪੈਰ ਬਿੰਦੀ ਲਾ ਕੇ ਸ਼ਾਮਿਲ ਕੀਤਾ ਗਿਆ।
ਅਜੋਕੇ ਸਮੇਂ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ
ਅੱਜ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਹੀ ਜਿਵੇਂ ਪੰਜਾਬ ਮਾਂ-ਬੋਲੀ ਦਾ ਵਜੂਦ ਮਿਟਦਾ ਜਾ ਰਿਹਾ ਹੈ। ਪੰਜਾਬ ਦੇ ਸ਼ਹਿਰਾਂ ਵਿੱਚ ਤਾਂ ਨੌਜਵਾਨ ਪੰਜਾਬੀ ਬੋਲਣ ਤੋਂ ਕੰਨੀਂ ਕਤਰਾਉਂਦੇ ਹਨ। ਪੰਜਾਬੀ ਬੋਲਣ ਵਾਲੇ ਨੂੰ ਤਾਂ ਜਿਵੇਂ ਗਵਾਰ ਸਮਝਿਆ ਜਾਂਦਾ ਹੈ, ਇਸ ਲਈ ਨੌਜਵਾਨ ਹਿੰਦੀ-ਅੰਗਰੇਜ਼ੀ ਭਾਸ਼ਾ ਬੋਲਣਾ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ।
ਦਫ਼ਤਰਾਂ ਦੀ ਗੱਲ ਕਰੀਏ ਤਾਂ ਅੰਗਰੇਜ਼ੀ ਨੂੰ ਜਿਵੇਂ ਲਾਜ਼ਮੀ ਕਰ ਦਿੱਤਾ ਗਿਆ ਹੋਵੇ। ਦਫ਼ਤਰਾਂ ਵਿੱਚ ਤਾਂ ਲਿਖਤ-ਪੜ੍ਹਤ ਦੇ ਕੰਮ-ਕਾਜ ਵੀ ਅੰਗਰੇਜ਼ੀ ਵਿੱਚ ਹੋ ਰਹੇ ਹਨ। ਸਕੂਲਾਂ ਵਿੱਚ ਵੀ ਹਿੰਦੀ-ਅੰਗਰੇਜ਼ੀ ਭਾਸ਼ਾ ਨੂੰ ਹੀ ਤਰਜੀਹ ਦਿੱਤੀ ਜਾਣ ਲੱਗੀ ਹੈ। ਬੱਚੇ ਘਰਾਂ ਵਿੱਚ ਵੀ ਆ ਕੇ ਹਿੰਦੀ-ਅੰਗਰੇਜ਼ੀ ਹੀ ਬੋਲਦੇ ਹਨ।
ਅੱਜਕੱਲ੍ਹ ਘਰਾਂ ਵਿੱਚ ਵੀ ਤਾਂ ਪੰਜਾਬੀ ਭਾਸ਼ਾ ਨਹੀਂ ਬੋਲੀ ਜਾਂਦੀ। ਮਾਂਵਾਂ ਖ਼ੁਦ ਆਪਣੇ ਬੱਚਿਆਂ ਨਾਲ ਹਿੰਦੀ ਵਿੱਚ ਗੱਲ ਕਰਦੀਆਂ ਹਨ। ਦੂਜੀਆਂ ਭਾਸ਼ਾਵਾਂ ਸਿੱਖਣਾ ਤੇ ਉਨ੍ਹਾਂ ਦੀ ਢੁਕਵੇਂ ਥਾਂ ’ਤੇ ਵਰਤੋਂ ਕਰਨਾ ਵੀ ਚੰਗੀ ਗੱਲ ਹੈ, ਪਰ ਇੱਕ ਗੱਲ ਯਾਦ ਰੱਖਣੀ ਜ਼ਰੂਰੀ ਹੈ, ਜੋ ਬੋਲੀ ਮਾਵਾਂ ਨੇ ਦੱਸੀ ਹੈ, ਉਸ ਵਰਗੀ ਰੀਸ ਕਿਧਰੇ ਵੀ ਨਹੀਂ। ਇਸ ਲਈ ਆਪਣੀ ਮਾਂ-ਬੋਲੀ ਦਾ ਹਮੇਸ਼ਾ ਸਤਿਕਾਰ ਕਰੋ ਤੇ ਉਸ ਨੂੰ ਸੰਭਾਲ ਕੇ ਰੱਖੋ।