ਬਿਊਰੋ ਰਿਪੋਰਟ: ਪਾਕਿਸਤਾਨ ਤੋਂ ਆ ਰਹੇ ਡਰੋਨ (DRONE) ਪੰਜਾਬ ਲਈ ਵੱਡਾ ਖ਼ਤਰਾ ਬਣ ਦੇ ਜਾ ਰਿਹਾ ਹੈ । BSF ਵੱਲੋਂ ਜਾਰੀ ਅੰਕੜਿਆਂ ਨੇ ਇਸ ਦਾ ਵੱਡਾ ਖੁਲਾਸਾ ਕੀਤਾ ਹੈ । ਸੂਬੇ ਵਿੱਚ ਪਿਛਲੇ ਇੱਕ ਸਾਲ ਵਿੱਚ ਪਾਕਿਤਾਨ ਤੋਂ ਆ ਰਹੇ ਡਰੋਨਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ । 2020 ਵਿੱਚ ਪੰਜਬ ਵਿੱਚ ਡਰੋਨ ਆਉਣ ਦੇ 79 ਮਾਮਲੇ ਸਾਹਮਣੇ ਆਏ ਸਨ। 2021 ਵਿੱਚ ਇਹ ਵੱਧ ਕੇ 109 ਹੋ ਗਏ ਅਤੇ ਇਸ ਸਾਲ 10 ਮਹੀਨੀਆਂ ਵਿੱਚ ਇਹ ਅੰਕੜਾ ਡਬਲ ਤੋਂ ਵੀ ਵੱਧ ਹੋ ਚੁੱਕਿਆ ਹੈ। ਪੰਜਾਬ ਨਾਲ ਲੱਗ ਦੀ ਸਰਹੱਦ ‘ਤੇ ਇਸ ਸਾਲ ਹੁਣ ਤੱਕ 266 ਡਰੋਨ ਵੇਖੇ ਗਏ ਹਨ। ਇੰਨਾਂ ਡਰੋਨਾਂ ਦੇ ਜ਼ਰੀਏ ਪੰਜਾਬ ਵਿੱਚ ਨਸ਼ੇ ਅਤੇ ਹਥਿਆਰਾਂ ਦੀ ਸਮਗਲਿੰਗ ਕੀਤੀ ਜਾ ਰਹੀ ਹੈ ਜਿਸ ਦਾ ਅਸਰ ਜ਼ਮੀਨੀ ਪੱਧਰ ‘ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਨਸ਼ੇ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ ਅਤੇ ਸੂਬੇ ਵਿੱਚ ਇਸ ਸਾਲ ਵੱਡੀਆਂ ਅਪਰਾਧਿਕ ਵਾਰਦਾਤਾਂ ਹੋਣ ਦੇ ਪਿੱਛੇ ਵੀ ਹਥਿਆਰਾਂ ਦੀ ਸਮਗਲਿੰਗ ਨੂੰ ਵੱਡਾ ਕਾਰਨ ਦੱਸਿਆ ਜਾ ਰਿਹਾ ਹੈ। ਹਾਲਾਂਕਿ BSF ਵੱਲੋਂ ਪੇਸ਼ ਅੰਕੜਿਆਂ ਵਿੱਚ ਜੰਮੂ-ਕਸ਼ਮੀਰ ਤੋਂ ਚੰਗੀ ਖ਼ਬਰ ਹੈ । ਪੰਜਾਬ ਦੇ ਮੁਕਾਬਲੇ ਉੱਥੇ ਇਸ ਸਾਲ 22 ਡਰੋਨ ਦੇ ਮਾਮਲੇ ਹੀ ਸਾਹਮਣੇ ਆਏ ਹਨ । ਸਾਫ਼ ਹੈ ਪਾਕਿਸਤਾਨ ਹੁਣ ਜੰਮੂ-ਕਸ਼ਮੀਰ ਦੀ ਥਾਂ ਪੰਜਾਬ ਵਿੱਚ ਮਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ।
ਡਰੋਨ ਦਾ ਹੱਲ ਲੱਭਣ ਦੇ ਲਈ ਮੀਟਿੰਗ
ਡਰੋਨ ਦੀ ਚੁਣੌਤੀ ਨਾਲ ਕਿਸ ਤਰ੍ਹਾਂ ਪਾਰ ਪਾਇਆ ਜਾਵੇ ਇਸ ਨੂੰ ਲੈਕੇ ਕੇਂਦਰੀ ਗ੍ਰਹਿ ਸਕੱਤਰ ਅਜੇ ਕੁਮਾਰ ਭੱਲਾ ਦੀ ਅਗਵਾਈ ਵਿੱਚ BSF ਅਤੇ ਹੋਰ ਸੁਰੱਖਿਆ ਏਜੰਸੀਆਂ ਦੀ ਅਹਿਮ ਮੀਟਿੰਗ ਹੋਈ ਹੈ। ਮੀਟਿੰਗ ਵਿੱਚ ਡਰੋਨ ਦੀਆਂ ਘਟਨਾਵਾਂ ਨੂੰ ਕੰਟਰੋਲ ਕਰਨ ਦੇ ਲਈ ਫੋਰੈਂਸਿਕ ਤਕਨੀਕ ਦੀ ਵਰਤੋਂ ਕਰਨ ‘ਤੇ ਸਹਿਮਤੀ ਹੋਈ ਹੈ । ਡਰੋਨ ਵਿੱਚ ਲੱਗੀ ਚਿੱਪ ਦੇ ਜ਼ਰੀਏ ਅਹਿਮ ਜਾਣਕਾਰੀ ਹੁਣ ਹਾਸਲ ਕੀਤੀ ਜਾ ਸਕਦੀ ਹੈ ਜਿਵੇਂ ਕਿਹੜੇ ਰਸਤੇ ਤੋਂ ਹੁੰਦਾ ਹੋਇਆ ਡਰੋਨ ਭਾਰਤ ਵਿੱਚ ਦਾਖਲ ਹੋਇਆ,ਕਿੱਥੋਂ ਦੀ ਇਸ ਨੂੰ ਲਾਂਚ ਕੀਤਾ ਗਿਆ ਅਤੇ ਕਿਸ ਪੁਆਇੰਟ ‘ਤੇ ਡਰੋਨ ਨੂੰ ਲੈਂਡ ਹੋਣਾ ਸੀ। ਇਸ ਤੋਂ ਇਲਾਵਾ ਡਰੋਨ ਉਡਾਉਣ ਦਾ ਸਮਾਂ ਵੀ GPS ਕੋਆਰਡੀਨੇਟਸ ਦੇ ਜ਼ਰੀਏ ਪਤਾ ਲਗਾਇਆ ਜਾ ਸਕਦਾ ਹੈ । ਜਦਕਿ ਇਸ ਤੋਂ ਪਹਿਲਾਂ BSF ਕੋਲ ਅਜਿਹੀ ਕੋਈ ਵੀ ਚੀਜ਼ ਨਹੀਂ ਸੀ ਜਿਸ ਦੇ ਜ਼ਰੀਏ ਡਰੋਨ ਦੇ ਮਕਸਦ ਦਾ ਪਤਾ ਲਗਾਇਆ ਜਾ ਸਕੇ। ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ BSF ਵੱਲੋਂ ਸਰਹੱਦ ਦੇ ਨਜ਼ਦੀਕ ਐਂਟੀ ਡਰੋਨ ਗੰਨ ਲਗਾਇਆਂ ਗਈਆਂ ਹਨ ਜਿਸ ਦੇ ਜ਼ਰੀਏ ਡਰੋਨ ਦਾ ਪਤਾ ਲੱਗ ਦੇ ਹੀ ਉਸ ਨੂੰ ਹੇਠਾਂ ਡਿਗਾਇਆ ਜਾ ਸਕਦਾ ਹੈ। BSF ਨੇ ਕਿਹਾ ਹੈ ਕਿ ਭਾਵੇਂ ਡਰੋਨ ਨਾਲ ਨਜਿੱਠਣ ਦੇ ਲਈ ਕਈ ਕਦਮ ਚੁੱਕੇ ਗਏ ਹਨ ਪਰ ਹੁਣ ਵੀ ਇਹ ਸਰਹੱਦ ਦੀ ਸੁਰੱਖਿਆ ਲਈ ਇਹ ਵੱਡੀ ਚੁਣੌਤੀ ਹੈ ।
BSF ਵੱਲੋਂ ਭਾਰਤ ਦੀ ਪਾਕਿਸਤਾਨ ਨਾਲ ਲੱਗ ਦੀ 3 ਹਜ਼ਾਰ ਕਿਲੋਮੀਟਰ ਦੀ ਸਰਹੱਦ ਦੀ ਰਾਖੀ ਕੀਤੀ ਜਾਂਦੀ ਹੈ । ਇਸ ਵਿੱਚ ਪੰਜਾਬ,ਗੁਜਰਾਤ,ਰਾਜਸਥਾਨ ਅਤੇ ਜੰਮੂ-ਕਸ਼ਮੀਰ ਦਾ ਇਲਾਕਾ ਆਉਂਦਾ ਹੈ। ਪਿਛਲੇ ਸਾਲ ਡਰੋਨ ਰਿਪੇਅਰ ਦੀ ਫੋਰੈਂਸਿਕ ਲੈੱਬ ‘ਤੇ 50 ਲੱਖ ਖਰਚ ਕੀਤੇ ਗਏ ਸਨ। ਇਸ ਲੈੱਬ ਵਿੱਚ ਪਾਕਿਸਤਾਨ ਤੋਂ ਆਉਣ ਵਾਲੇ ਡਰੋਨ ਦੇ ਡੇਟਾ ਦਾ ਨਰੀਖਣ ਕੀਤਾ ਜਾਂਦਾ ਹੈ।