Punjab

’20 ਮੌਤਾਂ ਦਾ ਜ਼ਿੰਮੇਵਾਰ CM ਮਾਨ,ਅਸਤੀਫਾ ਦੇਵੇ’ ! ‘ਦਿੱਲੀ ‘ਚ ਭ੍ਰਿਸ਼ਟ ਕੇਜਰੀਵਾਲ ਨੂੰ ਬਚਾਉਣ ਲੱਗਿਆ ਹੈ’!

 

ਬਿਉਰੋ ਰਿਪੋਰਟ : ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਦਾ ਅੰਕੜਾ ਲਗਾਤਾਰ ਵੱਧ ਰਿਹਾ ਹੈ,12 ਘੰਟੇ ਦੇ ਅੰਦਰ 6 ਹੋਰ ਮੌਤਾਂ ਤੋਂ ਬਾਅਦ ਅੰਕੜਾ 20 ਹੋ ਚੁੱਕੀ ਹੈ ਜਦਕਿ 18 ਲੋਕ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਹਨ । ਵਿਰੋਧੀਆਂ ਦਾ ਇਲਜ਼ਾਮ ਹੈ ਕਿ 3 ਦਿਨ ਹੋ ਚੁੱਕੇ ਹਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕੇ ਸੁਨਾਮ ਅਤੇ ਦਿੜਬਾ ਤੋਂ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਹੋਇਆਂ ਹਨ ਪਰ ਦੋਵੇ ਚੁੱਪ ਹਨ । ਹਾਲਾਂਕਿ ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਜ਼ਹਿਰੀਲੀ ਸ਼ਰਾਬ ਬਣਾਉਣ ਵਾਲੇ ਮਾਸਟਰ ਮਾਇੰਡ ਸਮੇਤ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 4 ਮੈਂਬਰੀ ਹਾਈਲੈਵਰ SIT ਦਾ ਗਠਨ ਕੀਤਾ ਗਿਆ ਹੈ ਜੋ ਇਸ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ।

ਪੰਜਾਬ ਪੁਲਿਸ ਦੇ ਜ਼ਹਿਰੀਲੀ ਸ਼ਰਾਬ ਨਾਲ ਹੋਇਆਂ ਮੌਤਾਂ ਦੀ ਜਾਂਚ ਲਈ ਬਣਾਈ ਗਈ ਕਮੇਟੀ ਦੀ ਅਗਵਾਈ ADGP ਗੁਰਵਿੰਦਰ ਸਿੰਘ ਢਿੱਲੋਂ ਨੂੰ ਸੌਂਪੀ ਗਈ ਹੈ । ਇਸ ਤੋਂ ਇਲਾਵਾ ਪਟਿਆਲਾ ਰੇਂਜ ਦੇ DIG ਹਰਚਰਨ ਸਿੰਘ ਭੁੱਲਰ ,SSP ਸੰਗਰੂਰ ਸਰਤਾਜ ਸਿੰਘ ਚਹਿਲ ਅਤੇ ਐਡੀਸ਼ਨਲ ਕਮਿਸ਼ਨਰ ਐਕਸਾਇਜ਼ ਨਰੇਸ਼ ਦੂਬੇ ਨੂੰ ਸ਼ਾਮਲ ਕੀਤਾ ਗਿਆ ਹੈ ।

ਸੰਗਰੂਰ ਦੇ SSP ਸਰਤਾਜ ਚਹਿਰ ਨੇ ਦੱਸਿਆ ਕਿ ਜ਼ਹਿਰੀਲੀ ਸ਼ਰਾਬ ਦਾ ਮਾਸਟਰ ਮਾਇੰਡ ਹਰਮਨਪ੍ਰੀਤ ਸਿੰਘ ਹੈ ਜੋ ਪਾਤਰਾ ਦਾ ਰਹਿਣ ਵਾਲਾ ਹੈ, ਉਸ ਨੇ ਹੀ ਮਨਪ੍ਰੀਤ ਮੰਨੀ ਅਤੇ ਸੁਖਵਿੰਦਰ ਸੁੱਖੀ ਦੇ ਜ਼ਰੀਏ ਸ਼ਰਾਬ ਪਹੁੰਚਾਈ ਸੀ । ਇੰਨਾ ਨੇ ਗੁਰਲਾਲ ਤੋਂ ਸ਼ਰਾਬ ਖਰੀਦੀ ਸੀ ਅਤੇ ਗੁਰਲਾਲ ਨੇ ਹਰਮਨਪ੍ਰੀਤ ਕੋਲੋ । ਹਰਮਨਪ੍ਰੀਤ ਦੇ ਘਰੋਂ ਸ਼ਰਾਬ ਵਿੱਚ ਵਰਤੀ ਗਈ ਐਥਨਾਲ,4 ਹਜ਼ਾਰ ਬੋਟਲਾਂ,ਡੱਕਨ,ਐਲਕੋ ਮੀਟਰ,ਲੇਬਲ ਲਗਾਉਣ ਦੇ ਲਈ ਪ੍ਰਿੰਟਰ ਮਿਲੇ ਸਨ।

ਸੰਗਰੂਰ ਦੇ ਸਿਵਿਲ ਸਰਜਨ ਡਾ.ਕ੍ਰਿਪਾਲ ਸਿੰਘ ਦੇ ਮੁਤਾਬਿਕ 5 ਲੋਕ ਸੁਨਾਮ ਦੇ ਹਨ ਜੋ ਹਸਪਤਾਲ ਵਿੱਚ ਮ੍ਰਿਤਕ ਹਾਲਤ ਵਿੱਚ ਲਿਆਏ ਗਏ ਸਨ । ਜਦਕਿ 1 ਸਖਸ ਦੀ ਸੁਨਾਮ ਦੇ ਹਸਪਤਾਲ ਪਹੁੰਚਣ ਤੋਂ ਬਾਅਦ ਮੌਤ ਹੋਈ । ਇਸ ਤੋਂ ਇਲਾਵਾ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ 2 ਲੋਕਾਂ ਦੀ ਮੌਤ ਹੋਈ । ਉਧਰ ਸਿਆਸੀ ਪਾਰਟੀਆਂ ਨੇ ਮੁੱਖ ਮੰਤਰੀ ਮਾਨ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ।

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੱਸਿਆ ਹੁਣ ਤੱਕ ਸੰਗਰੂਰ ਜ਼ਿਲ੍ਹੇ ਵਿੱਚ 20 ਲੋਕਾਂ ਦੀ ਮੌਤ ਹੋ ਚੁੱਕੀ ਹੈ । ਇੱਕ ਪਰਿਵਾਰ ਨੇ ਮੈਨੂੰ ਦੱਸਿਆ ਹੈ ਕਿ ਐਂਬੂਲੈਂਸ ਨਾ ਹੋਣ ਦੀ ਵਜ੍ਹਾ ਕਰਕੇ 1 ਦੀ ਜਾਨ ਗਈ ਹੈ । ਜ਼ਹਿਰੀਲੀ ਸ਼ਰਾਬ ਐਕਸਾਇਜ਼ ਵਿਭਾਗ ਦੇ ਮੰਤਰੀ ਹਰਪਾਲ ਚੀਮਾ ਦੇ ਹਲਕੇ ਵਿੱਚ ਵਿੱਕ ਰਹੀ ਹੈ,ਮੈਨੂੰ ਖਦਸ਼ਾ ਹੈ ਮੌਤਾਂ ਦੀ ਗਿਣਤੀ ਹੋਣ ਵਧੇਗੀ । ਪਰ ਸੰਗਰੂਰ ਪੁਲਿਸ ਇਸ ਖਿਲਾਫ ਕਾਰਵਾਈ ਨੂੰ ਲੈਕੇ ਸੰਜੀਦਾ ਨਜ਼ਰ ਨਹੀਂ ਆ ਰਹੀ ਹੈ।

ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਕੋਲੋ ਸਵਾਲ ਪੁੱਛਿਆ ਸੰਗਰੂਰ ਵਿੱਚ 20 ਤੋਂ ਵੱਧ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਨਾਲ ਮੌਤ ਹੋ ਗਈ ਹੈ । ਪਰ ਮੁੱਖ ਮੰਤਰੀ ਭਗਵੰਤ ਮਾਨ ਹੁਣ ਤੱਕ ਪਰਿਵਾਰਾਂ ਨੂੰ ਨਹੀਂ ਮਿਲੇ ਬਲਕਿ ਉਹ ਇਸ ਮੁਸ਼ਕਿਲ ਘੜੀ ਵਿੱਚ ਦਿੱਲੀ ਵਿੱਚ ਆਪਣੇ ਆਕਾ ਅਰਵਿੰਦਰ ਕੇਜਰੀਵਾਲ ਦੀ ਹਮਾਇਤ ਵਿੱਚ ਪਹੁੰਚੇ ਹੋਏ ਸਨ ਜਿਸ ਨੂੰ ਈਡੀ ਵੱਲੋਂ ਸ਼ਰਾਬ ਘੁਟਾਲੇ ਵਿੱਚ ਗ੍ਰਿਫਤਾਰੀ ਕੀਤਾ ਗਿਆ ਹੈ । ਹੁਣ ਤੱਕ ਜੁਡੀਸ਼ਲ ਜਾਂਚ ਦੇ ਹੁਕਮ ਨਹੀਂ ਦਿੱਤੇ ਗਏ ਹਨ । ਮੁੱਖ ਮੰਤਰੀ ਮਾਨ ਨੂੰ ਸੰਗਰੂਰ ਵਿੱਚ ਸ਼ਰਾਬ ਨਾਲ ਹੋਈਆਂ ਮੌਤਾਂ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਫੌਰਨ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ।

ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੀ ਰਾਜਧਾਨੀ ਕਹੇ ਜਾਣ ਵਾਲੇ ਸੰਗਰੂਰ ਵਿੱਚ 20 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ,ਪਰ ਹੁਣ ਤੱਕ ਕੋਈ ਸਖਤ ਕਦਮ ਨਹੀਂ ਚੁੱਕਿਆ ਗਿਆ ਹੈ । ਭਗਵੰਤ ਮਾਨ ਭ੍ਰਿਸ਼ਟ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨੂੰ ਬਚਾਉਣ ਲਈ ਲੱਗੇ ਹਨ । ਕੀ ਇਹ ਮਾਲਵੇ ਵਿੱਚ ਉਨ੍ਹਾਂ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਹੈ ਜੋ ਸ਼ਰਾਬ ਵਿੱਚ ਇਥਨਾਲ ਦੀ ਵਰਤੋਂ ਕਰਕੇ 200 ਕਰੋੜ ਦਾ ਵਪਾਰ ਕਰ ਰਹੇ ਹਨ ।