ਕੋਟਕਪੂਰਾ ਦੇ ਇੱਕ ਸ਼ੈਲਰ ਵਿੱਚ ਝੋਨੇ ਦੀਆਂ ਕਰੀਬ 20 ਹਜ਼ਾਰ ਬੋਰੀਆਂ ਗ਼ੈਰ ਕਾਨੂੰਨੀ ਢੰਗ ਨਾਲ ਸਟੋਰ ਕਰਨ ਦੇ ਦੋਸ਼ ਵਿੱਚ ਮਾਰਕਫੈੱਡ ਦੇ ਸ਼ਾਖਾ ਇੰਚਾਰਜ ਦੀ ਸ਼ਿਕਾਇਤ ’ਤੇ ਸ਼ੈਲਰ ਮਾਲਕਾਂ ਖ਼ਿਲਾਫ਼ ਥਾਣਾ ਸਿਟੀ ਕੋਟਕਪੂਰਾ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਗੱਟਿਆਂ ਦੀ ਕੁੱਲ ਕੀਮਤ ਕਰੀਬ 2 ਕਰੋੜ ਰੁਪਏ ਬਣਦੀ ਹੈ। ਮਾਰਕਫੈੱਡ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਦੋ ਸ਼ੈੱਲਰ ਮਾਲਕਾਂ ਖ਼ਿਲਾਫ਼ ਕੇਸ ਦਰਜ ਕਰਵਾ ਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਪ੍ਰਾਪਤ ਸੂਚਨਾ ਅਨੁਸਾਰ ਮਾਰਕਫੈੱਡ ਨੇ ਨਵੰਬਰ ਵਿੱਚ ਹੀ ਇਹ ਝੋਨਾ ਦੋ ਸ਼ੈੱਲਰਾਂ ਵਿੱਚ ਰੱਖਿਆ ਸੀ। ਪੜਤਾਲ ਦੌਰਾਨ ਪਤਾ ਲੱਗਿਆ ਹੈ ਕਿ ਇੱਕ ਸ਼ੈੱਲਰ ਵਿੱਚੋਂ 6505 ਗੱਟੇ ਅਤੇ ਦੂਸਰੇ ਸ਼ੈੱਲਰ ’ਚੋਂ 13,065 ਗੱਟੇ ਗ਼ਾਇਬ ਸਨ। ਮਾਰਕਫ਼ੈੱਡ ਨੇ ਇਸ ਦੀ ਲਿਖਤੀ ਸੂਚਨਾ ਪੰਜਾਬ ਸਰਕਾਰ ਨੂੰ ਵੀ ਭੇਜ ਦਿੱਤੀ ਹੈ।
ਦੱਸਣਯੋਗ ਹੈ ਕਿ ਝੋਨੇ ਦੇ ਸੀਜ਼ਨ ਦੌਰਾਨ ਅਨਾਜ ਦੀ ਸਾਂਭ ਸੰਭਾਲ ਅਤੇ ਖ਼ਰੀਦੋ-ਫ਼ਰੋਖ਼ਤ ਵਿੱਚ ਵੱਡੀ ਪੱਧਰ ’ਤੇ ਬੇਨਿਯਮੀਆਂ ਹੋਈਆਂ ਹਨ। ਵਿਭਾਗ ਦੇ ਸੂਤਰਾਂ ਅਨੁਸਾਰ ਬਾਹਰਲੇ ਸੂਬਿਆਂ ਤੋਂ ਝੋਨਾ ਲਿਆ ਕੇ ਵੇਚਣ ਦੇ ਮਾਮਲੇ ਵਿੱਚ ਵੀ ਦੋ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਅਤੇ ਕੋਟਕਪੂਰਾ ਦੇ ਇੱਕ ਗੁਦਾਮ ਵਿੱਚ 20 ਹਜ਼ਾਰ ਗੱਟੇ ਝੋਨੇ ਦੇ ਪਏ ਹਨ ਅਤੇ ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਇਹ ਝੋਨਾ ਵੀ ਬਾਹਰਲੇ ਸੂਬਿਆਂ ਤੋਂ ਲਿਆ ਕੇ ਜਮ੍ਹਾਂ ਕੀਤਾ ਗਿਆ ਸੀ, ਜਿਸ ਨੂੰ ਫ਼ਰੀਦਕੋਟ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਵੇਚਿਆ ਜਾਣਾ ਸੀ।
ਜ਼ਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ ਨੇ ਕਿਹਾ ਕਿ ਮਾਰਕਫੈੱਡ ਦੇ 20 ਹਜ਼ਾਰ ਗੱਟੇ ਝੋਨਾ ਚੋਰੀ ਹੋਣ ਦੇ ਮਾਮਲੇ ਦੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਬਾਹਰਲੇ ਸੂਬਿਆਂ ਵਿੱਚੋਂ ਝੋਨਾ ਲਿਆ ਕੇ ਵੇਚਣ ਵਾਲੇ ਆੜ੍ਹਤੀਆਂ ਖ਼ਿਲਾਫ਼ ਪਰਚਾ ਦਰਜ ਹੋ ਚੁੱਕਿਆ ਹੈ ਜਦੋਂ ਕਿ ਕੋਟਕਪੂਰਾ ਦੇ ਇੱਕ ਗੁਦਾਮ ਵਿੱਚ ਲਾਵਾਰਿਸ ਪਏ ਝੋਨੇ ਦੇ 20 ਹਜ਼ਾਰ ਗੱਟਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਨੇ ਵਿਜੀਲੈਂਸ ਵਿਭਾਗ ਨੂੰ ਵੀ ਇਸ ਮਾਮਲੇ ਦੀ ਪੜਤਾਲ ਕਰਨ ਲਈ ਕਿਹਾ ਹੈ ਪਰੰਤੂ ਵਿਭਾਗ ਨੇ ਇਸ ਮਾਮਲੇ ’ਚ ਅਜੇ ਤੱਕ ਪੜਤਾਲ ਸ਼ੁਰੂ ਨਹੀਂ ਕੀਤੀ।