ਬਿਉਰੋ ਰਿਪੋਰਟ: ਛੋਟਾ ਵਿਦੇਸ਼ੀ ਬੱਚਾ PGI ਚੰਡੀਗੜ੍ਹ ਵਿੱਚ 4 ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਗਿਆ। PGI ਦੇ ਲਈ ਇਹ ਇਤਿਹਾਸਿਕ ਦਿਨ ਸੀ। ਕੀਨੀਆ ਦੇ ਦੋ ਸਾਲ ਦੇ ਬੱਚੇ ਲੁੰਡਾ ਕਯੂੰਬਾ (Lunda Kayumba) ਦੇ ਅੰਗ ਟਰਾਂਸਪਲਾਂਟ ਵਿੱਚ ਇਸਤੇਮਾਲ ਕੀਤੇ ਗਏ ਹਨ। ਪਹਿਲੀ ਵਾਰ ਸਭ ਤੋਂ ਘੱਟ ਉਮਰ ਦੇ ਵਿਦੇਸ਼ੀ ਦਾਨੀ ਦੇ ਅੰਗਾਂ ਦਾ ਪੀਜੀਆਈ ਵਿੱਚ ਸਫਲਤਾਪੂਰਵਕ ਟ੍ਰਾਂਸਪਲਾਂਟ ਕੀਤਾ ਗਿਆ ਹੈ।
ਦਰਅਸਲ 2 ਸਾਲਾ ਲੁੰਡਾ ਦਾ ਬ੍ਰੇਕ ਡੈੱਡ ਹੋ ਗਿਆ ਸੀ ਜਿਸ ਤੋਂ ਬਾਅਦ ਪਰਿਵਾਰ ਨੇ ਉਸ ਦੇ ਅੰਗ ਟਰਾਂਸਪਲਾਂਟ ਕਰਨ ਦਾ ਫੈਸਲਾ ਲਿਆ। ਬੱਚੇ ਦੇ ਅੰਗਦਾਨ ਜ਼ਰੀਏ ਕੁੱਲ ਚਾਰ ਮਰੀਜ਼ਾਂ ਨੂੰ ਸਿਹਤ ਅਤੇ ਜੀਵਨ ਦਾ ਨਵਾਂ ਮੌਕਾ ਮਿਲਿਆ ਹੈ। ਇੰਨਾਂ ਵਿੱਚੋਂ ਦੋ ਮਰੀਜ਼ਾਂ ਨੂੰ ਇੱਕੋ ਸਮੇਂ ਪੈਨਕ੍ਰੀਅਸ ਅਤੇ ਕਿਡਨੀ ਅਤੇ ਦੂਜੇ ਨੂੰ ਗੁਰਦਾ ਟ੍ਰਾਂਸਪਲਾਂਟ ਪ੍ਰਾਪਤ ਹੋਇਆ ਹੈ। ਇਸ ਦੇ ਨਾਲ ਹੀ ਬੱਚੇ ਦੀਆਂ ਅੱਖਾਂ ਦਾ ਕੋਰਨੀਆ ਦਾਨ ਕਰਨ ਨਾਲ ਦੋ ਹੋਰ ਲੋਕਾਂ ਨੂੰ ਵੀ ਨਜ਼ਰ ਮਿਲੀ ਹੈ, ਜਿਸ ਨਾਲ ਚਾਰ ਲੋਕਾਂ ਦੀ ਜ਼ਿੰਦਗੀ ’ਚ ਖੁਸ਼ੀਆਂ ਆ ਗਈਆਂ ਹਨ।
ਲੁੰਡਾ ਕਯੂੰਬਾ ਦੀ ਭਾਵੁਕ ਮਾਂ ਜੈਕਲੀਨ ਨੇ ਕਿਹਾ ਕਿ ਸਾਡਾ ਦਿਲ ਟੁੱਟ ਗਿਆ ਹੈ। ਪਰ ਇਸ ਗੱਲ ਦਾ ਸੰਤੋਖ ਹੈ ਕਿ ਲੰਡਾ ਦੇ ਅੰਗ ਹੁਣ ਦੂਜਿਆਂ ਨੂੰ ਜੀਵਨ ਪ੍ਰਦਾਨ ਕਰਨਗੇ। ਇਹ ਸਾਡੇ ਦਰਦ ਵਿੱਚ ਉਮੀਦ ਦੀ ਇੱਕ ਕਿਰਨ ਹੈ, ਜੋ ਸਾਨੂੰ ਖੁਸ਼ਹਾਲ ਅਤੇ ਉਸਦੇ ਬਚਾਅ ਲਈ ਸਾਡੇ ਪਿਆਰ ਦਾ ਅਹਿਸਾਸ ਕਰਵਾਉਂਦੀ ਹੈ।
ਦੋ ਸਾਲਾ ਲੁੰਡਾ 17 ਅਕਤੂਬਰ ਨੂੰ ਘਰ ਵਿੱਚ ਖੇਡਦੇ ਹੋਏ ਡਿੱਗ ਗਿਆ ਸੀ। ਇਸ ਹਾਦਸੇ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਿਆ। ਅੱਠ-ਨੌਂ ਦਿਨ ਉਹ ਜ਼ਿੰਦਗੀ ਅਤੇ ਮੌਤ ਨਾਲ ਲੜਦਾ ਰਿਹਾ। ਡਾਕਟਰਾਂ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ 26 ਅਕਤੂਬਰ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ ਗਿਆ। ਇਸ ਮੁਸ਼ਕਲ ਸਮੇਂ ਵਿੱਚ, ਪਰਿਵਾਰ ਨੇ ਉਸ ਦੇ ਅੰਗ ਦਾਨ ਕਰਨ ਦਾ ਫੈਸਲਾ ਕੀਤਾ।