Punjab

ਪਾਵਰਕਾਮ ਦੇ 2 ਮੁਲਾਜ਼ਮਾਂ ‘ਤੇ ਅਦਾਲਤ ਨੇ ਸੁਣਾਇਆ ਇਹ ਫੈਸਲਾ ,ਲੋਕਾਂ ਤੋਂ ਬਿਜਲੀ ਬਿੱਲ ਦੇ ਪੈਸੇ ਲੈ ਕੇ ਦਿੰਦੇ ਸਨ ਫਰਜ਼ੀ ਰਸੀਦਾਂ

2 employees of Powercom were sentenced to 3 years they used to take electricity bill money from people and give fake receipts.

ਜਗਰਾਓਂ  : ਪੰਜਾਬ ਦੇ ਜਿਲ੍ਹਾ ਲੁਧਿਆਣਾ ਵਿੱਚ ਜਗਰਾਓਂ ਸਥਿਤ ਥਾਣਾ ਸਦਰ ਵਿਚ ਪਾਵਰਕਾਮ ਦੇ ਕੈਸ਼ੀਅਰ ਤੇ ਮਹਿਲਾ ਕਲਰਕ ਨੂੰ ਕੋਰਟ ਨੇ 3 ਸਾਲ ਦੀ ਸਜ਼ਾ ਤੇ 6000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਦੋਵਾਂ ‘ਤੇ 10 ਸਾਲ ਪਹਿਲਾਂ 14 ਦਸੰਬਰ 2013 ਵਿਚ ਧੋਖਾਦੇਹੀ ਸਣੇ ਵੱਖ-ਵੱਖ ਧਾਰਾਵਾਂ ਵਿਚ ਕੇਸ ਦਰਜ ਕੀਤਾ ਗਿਆ ਸੀ।

ਪਾਵਰਕਾਮ ਆਫਿਸ ਵਿਚ ਲੋਕ ਬਿੱਲ ਜਮ੍ਹਾ ਕਰਾਉਣ ਲਈ ਆਉਂਦੇ ਸਨ। ਜੂਨ 2012 ਤੋਂ ਅਗਸਤ 2013 ਤੱਕ ਦੋਸ਼ੀ ਲੋਕਾਂ ਤੋਂ ਪੈਸੇ ਲੈ ਕੇ ਫਰਜ਼ੀ ਰਸੀਦਾਂ ਦੇ ਦਿੰਦੇ ਸਨ। ਜਦੋਂ ਵਿਭਾਗ ਦਾ ਆਡਿਟ ਆਇਆ ਤਾਂ 6 ਲੱਖ ਇਕ ਹਜ਼ਾਰ 181 ਰੁਪਏ ਦਾ ਗਬਨ ਮਿਲਿਆ ਜਿਸ ਵਿਚ ਕੈਸ਼ੀਅਰ ਆਤਮਜੀਤ ਤੇ ਮਹਿਲਾ ਕਲਰਕ ਕਰਮਜੀਤ ਦਾ ਨਾਂ ਸਾਹਮਣੇ ਆਇਆ। ਵਿਭਾਗ ਨੇ ਥਾਣਾ ਸਦਰ ਵਿਚ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਵਾਇਆ ਸੀ।

ਮਾਮਲੇ ਵਿਚ ਸੁਣਵਾਈ ਦੌਰਾਨ ਪਾਵਰਕਾਮ ਦੇ ਐੱਸ. ਈ. ਜਗਜੀਤ ਸਿੰਘ, ਐਕਸੀਅਨ ਚੇਤਨ ਕੁਮਾਰ, ਐੱਸਡੀਓ ਅਵਤਾਰ ਸਿੰਘ, ਪਿੰਡ ਬੋਤਲਵਾਲਾ ਦੇ ਦੋ ਪ੍ਰਾਈਵੇਟ ਲੋਕਾਂ ਤੇ ਪੁਲਿਸ ਮੁਲਾਜ਼ਮਾਂ ਸਣੇ ਕੁੱਲ 9 ਲੋਕਾਂ ਨੇ ਕੋਰਟ ਵਿਚ ਗਵਾਹੀ ਦਿੱਤੀ। ਕੋਰਟ ਨੇ ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਦੇ ਬਾਅਦ ਜੱਜ ਸੁਮਨ ਪਾਠਕ ਵੱਲੋਂ ਫੈਸਲਾ ਸੁਣਾਇਆ ਗਿਆ।

ਗਬਨ ਮਾਮਲੇ ਵਿਚ ਮਹਿਲਾ ਮੁਲਾਜ਼ਮ ਕਰਮਜੀਤ ਤਾਂ ਰਿਟਾਇਰ ਹੋ ਚੁੱਕੀ ਹੈ ਜਦੋਂ ਕਿ ਆਤਮਜੀਤ ਸਹਾਇਕ ਲਾਈਨਮੈਨ ਦੀ ਪੋਸਟ ‘ਤੇ ਜਲੰਧਰ ਪਾਵਰਕਾਮ ਦਫਤਰ ਵਿਚ ਤਾਇਨਾਤ ਹੈ। ਦੋਸ਼ੀਆਂ ਕੋਲ ਇਕ ਮਹੀਨੇ ਦਾ ਸਮਾਂ ਹੈ ਕਿ ਉਹ ਉੱਚ ਅਦਾਲਤ ਵਿਚ ਫੈਸਲੇ ਨੂੰ ਚੁਣੌਤੀ ਦੇ ਸਕਦੇ ਹਨ।