ਗੈਂਗਸਟਰਾਂ ਅਤੇ ਬਦਮਾਸ਼ਾਂ ਨੂੰ ਲੈ ਕੇ ਪੰਜਾਬ ਪੁਲਿਸ ਐਕਸ਼ਨ ਮੂਡ ਵਿੱਚ ਨਜ਼ਰ ਆ ਰਹੀ ਹੈ। ਕੱਲ੍ਹ ਦੇਰ ਰਾਤ ਮੋਹਾਲੀ ਦੇ ਜ਼ੀਰਕਪੁਰ ਵਿੱਚ ਪੁਲਿਸ ਅਤੇ ਅਪਰਾਧੀਆਂ ਵਿਚਕਾਰ ਮੁਕਾਬਲਾ ਹੋਇਆ। ਪੁਲਿਸ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਦੋ ਅਪਰਾਧੀ ਜ਼ਖਮੀ ਹੋ ਗਏ। ਜਲੰਧਰ ਸੀਆਈਏ ਟੀਮ ਅਤੇ ਮੋਹਾਲੀ ਪੁਲਿਸ ਦੀ ਸਾਂਝੀ ਟੀਮ ਨੇ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ 10 ਮਈ ਨੂੰ ਜਲੰਧਰ ਵਿੱਚ ਹੋਏ ਕਤਲ ਦੇ ਸਬੰਧ ਵਿੱਚ ਉਸਦੀ ਭਾਲ ਕਰ ਰਹੀ ਸੀ। ਹਾਲਾਂਕਿ, ਭੱਜਣ ਦੀ ਕੋਸ਼ਿਸ਼ ਵਿੱਚ, ਦੋਵਾਂ ਨੇ ਪਹਿਲਾਂ ਆਪਣੀ ਕਾਰ ਨਾਲ ਪੁਲਿਸ ਕਰਮਚਾਰੀਆਂ ਨੂੰ ਦਰੜਨ ਦੀ ਕੋਸ਼ਿਸ਼ ਕੀਤੀ। ਫਿਰ ਗੋਲੀਆਂ ਚਲਾਈਆਂ ਗਈਆਂ।
ਦੇਰ ਰਾਤ ਦੋਵਾਂ ਨੂੰ ਜ਼ਖ਼ਮੀ ਹਾਲਤ ‘ਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮਾਮਲੇ ਬਾਬਤ ਐਸ.ਪੀ. (ਡੀ) ਮੁਹਾਲੀ ਸੌਰਵ ਜਿੰਦਲ ਨੇ ਦੱਸਿਆ ਕਿ ਦੋਵੇਂ ਨੌਜਵਾਨ ਜਲੰਧਰ ਕਤਲ ਕੇਸ ‘ਚ ਲੋੜੀਂਦੇ ਸੀ। ਸੀ.ਆਈ.ਏ. ਜਲੰਧਰ ਦੇ ਇੰਚਾਰਜ ਸੁਰਿੰਦਰ ਅਤੇ ਥਾਣਾ ਮੁਖੀ ਢਕੌਲੀ ਇੰਸਪੈਕਟਰ ਸਿਮਰਪ੍ਰੀਤ ਸਿੰਘ ਆਧਾਰਿਤ ਟੀਮ ਨੇ ਦੇਰ ਰਾਤ ਪੀਰਮੁਛੱਲਾ ਦੀ ਮੈਟਰੋ ਟਾਊਨ ਸੁਸਾਇਟੀ ਨੇੜੇ ਮੁਲਜ਼ਮਾਂ ਦੀ ਪੈੜ ਨੱਪਦਿਆਂ ਸਾਂਝੀ ਕਾਰਵਾਈ ਕੀਤੀ।
ਇਸ ਦੌਰਾਨ ਮੁਲਜ਼ਮਾਂ ਨੇ ਪੁਲਿਸ ਮੁਲਾਜ਼ਮਾਂ ‘ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਅਤੇ ਗੋਲੀਬਾਰੀ ਵੀ ਹੋਈ। ਉਨ੍ਹਾਂ ਦੱਸਿਆ ਕਿ ਜਵਾਬੀ ਕਾਰਵਾਈ ‘ਚ ਮਾਮਲੇ ‘ਚ ਨਾਮਜ਼ਦ ਦੋਵੇਂ ਦੋਸ਼ੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰ ਚੈਕਅੱਪ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਗੌਰਵ ਤੇ ਆਕਾਸ਼ ਵਾਸੀ ਜਲੰਧਰ ਵਜੋਂ ਹੋਈ ਹੈ ਅਤੇ ਇਨ੍ਹਾਂ ‘ਤੇ ਪਹਿਲਾਂ ਵੀ ਕਈ ਕੇਸ ਦਰਜ ਹਨ। ਪੁਲਿਸ ਅਧਿਕਾਰੀਆਂ ਮੁਤਾਬਿਕ ਮੌਕੇ ਤੋਂ ਹਥਿਆਰ ਵੀ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਨੌਜਵਾਨ ਕਿਹੜੇ ਗੈਂਗ ਨਾਲ ਸੰਬੰਧਿਤ ਹਨ। ਫ਼ਿਲਹਾਲ ਪੁਲਿਸ ਵੱਖ-ਵੱਖ ਪਹਿਲੂਆਂ ‘ਤੇ ਜਾਂਚ ਕਰ ਰਹੀ ਹੈ।