ਧਰਮਕੋਟ : ਇੱਕ ਰਿਕਸ਼ਾ ਚਲਾਉਣ ਵਾਲੇ ਬਜ਼ੁਰਗ ਦੇਵ ਸਿੰਘ ਦੀ ਕਿਸਮਤ ਉਦੋਂ ਖੁਲ ਗਈ, ਜਦੋਂ ਉਸਨੂੰ ਪਤਾ ਲੱਗਾ ਕਿ ਉਸਨੂੰ ਢਾਈ ਕਰੋੜ ਰੁਪਏ ਦਾ ਦਿਸਾਖੀ ਬੰਪਰ ਨਿਕਲਿਆ। ਜਦੋਂ ਉਸਨੂੰ ਫੋਨ ਆਇਆ ਕਿ ਉਸਦੀ ਢਾਈ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ ਤਾਂ ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਤੇ ਉਸ ਦੇ ਪਰਿਵਰਾ ਨੂੰ ਯਕੀਨ ਨਹੀਂ ਆ ਰਿਹਾ ਸੀ।
ਦੇਵ ਸਿੰਘ ਨੇ ਦੱਸਿਆ ਕਿ ਉਸ ਨੇ 500 ਰੁਪਏ ਦਾ ਵਿਸਾਖੀ ਬੰਪਰ ਖਰੀਦਿਆ ਸੀ। ਉਹ ਪਹਿਲਾਂ ਵੀ ਲਾਟਰੀ ਦੀ ਟਿਕਟ ਖਰੀਦਦਾ ਸੀ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਸ ਵੱਲੋਂ ਇਸ ਵਾਰ ਖਰੀਦੀ ਗਈ ਲਾਟਰੀ ਟਿਕਟ ਉਸ ਨੂੰ ਕਰੋੜਪਤੀ ਬਣਾ ਦੇਵੇਗੀ।
ਮੋਗਾ ਜ਼ਿਲਾ ਦੇ ਧਰਮਕੋਟ ਸ਼ਹਿਰ ਦੇ ਲਾਗਲੇ ਪਿੰਡ ਲੋਹਗੜ੍ਹ ਦਾ ਨਿਵਾਸੀ ਦੇਵ ਸਿੰਘ ਪੁੱਤਰ ਵਿਸਾਖਾ ਸਿੰਘ ਨਿਵਾਸੀ ਲੋਹਗੜ੍ਹ, ਜੋ ਰਿਕਸ਼ਾ ਚਲਾਉਂਦਾ ਹੈ। 85 ਸਾਲਾ ਇਹ ਬਜ਼ੁਰਗ ਪਿਛਲੇ 30 ਸਾਲਾਂ ਤੋਂ ਸੜਕਾਂ ‘ਤੇ ਪਏ ਟੋਇਆਂ ਨੂੰ ਮਿੱਟੀ ਨਾਲ ਭਰ ਕੇ ਅਤੇ ਸੜਕਾਂ ਉੱਪਰ ਲੱਗੇ ਦਰੱਖ਼ਤਾਂ ਨੂੰ ਲਗਾਤਾਰ ਪਾਣੀ ਪਾ ਕੇ ਵਾਤਾਵਰਣ ਦੀ ਸ਼ੁੱਧਤਾ ਲਈ ਨਿਰਸਵਾਰਥ ਸੇਵਾ ਕਰ ਰਿਹਾ ਹੈ। ਪਰਉਪਕਾਰ ਦੇ ਇਸ ਕੰਮ ਬਦਲੇ ਉਸ ਨੂੰ ਕਈ ਵਾਰ ਸਿਆਸੀ ਵਿਅਕਤੀਆਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਹੈ।
ਦੇਵ ਸਿੰਘ ਨੇ ਦੱਸਿਆ ਕਿ ਉਸ ਦੇ 4 ਪੁੱਤ ਅਤੇ ਇਕ ਧੀ ਹੈ। ਸਾਰੇ ਬੱਚੇ ਵਿਆਹੇ ਹੋਏ ਹਨ ਅਤੇ ਉਹ ਆਪਣੇ ਘਰ ਦਾ ਗੁਜ਼ਾਰਾ ਰਿਕਸ਼ਾ ਚਲਾ ਕੇ ਕਰਦਾ ਹੈ ਪਰ ਉਸ ਅਕਾਲ ਪੁਰਖ ਨੇ ਉਸ ਉੱਪਰ ਮਿਹਰ ਕੀਤੀ ਹੈ ਅਤੇ ਉਸ ਨੂੰ ਇੰਨੀ ਵੱਡੀ ਖੁਸ਼ੀ ਦਿੱਤੀ ਕਿ ਉਸ ਦੀ ਕਰੋੜਾਂ ਰੁਪਏ ਦੀ ਲਾਟਰੀ ਨਿਕਲੀ।
ਉਸ ਨੇ ਦੱਸਿਆ ਕਿ ਉਹ ਇਨ੍ਹਾਂ ਪੈਸਿਆਂ ਨਾਲ ਆਪਣੇ ਬੱਚਿਆਂ ਨੂੰ ਵਧੀਆ ਘਰ ਬਣਾ ਕੇ ਦੇਵੇਗਾ ਅਤੇ ਆਪਣੀ ਜ਼ਿੰਦਗੀ ਆਨੰਦ ਨਾਲ ਬਿਤਾਏਗਾ। ਉਹ ਧਰਮ-ਕਰਮ ਦੇ ਕੰਮਾਂ ਨੂੰ ਤਰਜੀਹ ਦੇਵੇਗਾ ਤੇ ਆਪਣੇ ਪਰਉਪਕਾਰੀ ਕਾਰਜ ਲਗਾਤਾਰ ਜਾਰੀ ਰੱਖੇਗਾ।