ਬਿਉਰੋ ਰਿਪੋਰਟ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੰਮ੍ਰਿਤਪਾਲ ਸਿੰਘ ਨੂੰ ਲੈਕੇ ਵੱਡਾ ਬਿਆਨ ਆਇਆ ਹੈ । ਉਨ੍ਹਾਂ ਨੇ ਕਿਹਾ ਡਿਬੜੂਗੜ੍ਹ ਜੇਲ੍ਹ ਵਿੱਚ ਅੰਮ੍ਰਿਤਪਾਲ ਸਿੰਘ ਦੇ ਨਾਲ ਗੈਰ-ਕਾਨੂੰਨੀ ਵਿਹਾਰ ਤੇ ਉਨ੍ਹਾਂ ਦੀ ਬੈਰਕ ਵਿਚ ਖੁਫੀਆ ਕੈਮਰੇ ਲਗਾ ਕੇ ਨਿੱਜਤਾ ਦੇ ਅਧਿਕਾਰ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਗਈ ਹੈ । ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਡਿਬੜੂਗੜ੍ਹ ਜੇਲ੍ਹ ਵਿਚ ਪ੍ਰਸ਼ਾਸਨ ਦੇ ਗੈਰ-ਕਾਨੂੰਨੀ ਰਵੱਈਏ ਵਿਰੁੱਧ ਸ਼ੁਰੂ ਕੀਤੀ ਭੁੱਖ ਹੜਤਾਲ ਨੂੰ ਸਰਕਾਰ ਗੰਭੀਰਤਾ ਨਾਲ ਲਵੇ।
ਜਥੇਦਾਰ ਸਾਹਿਬ ਨੇ ਕਿਹਾ ਜੇਲ੍ਹ ਵਿਚ ਕਿਸੇ ਵੀ ਹਵਾਲਾਤੀ ਦੀ ਬੈਰਕ ਵਿਚ ਖੁਫੀਆ ਕੈਮਰੇ ਲਾਉਣੇ ਅਤੇ ਉਨ੍ਹਾਂ ਦੀ ਨਿੱਜਤਾ ਦੀ ਆਜ਼ਾਦੀ ਖੋਹਣੀ ਕਿਸੇ ਵੀ ਕਾਨੂੰਨ ਅਨੁਸਾਰ ਨਹੀਂ ਜਾਇਜ਼ ਹੈ। ਇਸ ਬੇਇਨਸਾਫੀ ਦੇ ਖਿਲਾਫ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਵਲੋਂ ਸ਼ੁਰੂ ਕੀਤੀ ਭੁੱਖ ਹੜਤਾਲ ਕਾਰਨ ਜੇਕਰ ਕਿਸੇ ਵੀ ਸਿੰਘ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਅੰਮ੍ਰਿਤਪਾਲ ਸਿੰਘ ਨੂੰ ਖਾਣੇ ਵਿਚ ਜ਼ਹਿਰੀਲੇ ਅਤੇ ਤੰਬਾਕੂ ਪਦਾਰਥ ਦੇਣ ਦੇ ਖ਼ਦਸ਼ੇ ਸਾਹਮਣੇ ਆਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਡਿਬੜੂਗੜ੍ਹ ਜੇਲ੍ਹ ਵਿਚ ਬੰਦ ਸਿੱਖ ਨੌਜਵਾਨਾਂ ਨਾਲ ਹੋ ਰਹੇ ਮਾੜੇ ਵਿਹਾਰ ਨੂੰ ਗੰਭੀਰਤਾ ਨਾਲ ਲੈਂਦਿਆਂ ਸਰਕਾਰ ਇਸ ਦੀ ਨਿਰਪੱਖ ਜਾਂਚ ਕਰਾਉਂਦੀ ਪਰ ਇਸ ਦੇ ਉਲਟ ਸਿੱਖ ਨੌਜਵਾਨਾਂ ਵਲੋਂ ਪ੍ਰਸ਼ਾਸਨ ਦੇ ਮਾੜੇ ਵਤੀਰੇ ਵਿਰੁੱਧ ਪਿਛਲੇ ਦਿਨਾਂ ਤੋਂ ਭੁੱਖ ਹੜਤਾਲ ਰੱਖੇ ਜਾਣ ‘ਤੇ ਵੀ ਸਰਕਾਰ ਦੇ ਕੰਨ੍ਹ ‘ਤੇ ਜੂੰਅ ਨਹੀਂ ਸਰਕ ਰਹੀ। ਉਨ੍ਹਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਨੇ ਕੋਈ ਵੀ ਅਜਿਹਾ ਜ਼ੁਰਮ ਨਹੀਂ ਕੀਤਾ, ਜਿਸ ਦੇ ਬਦਲੇ ਉਨ੍ਹਾਂ ਨੂੰ ਪੰਜਾਬ ਅਤੇ ਪਰਿਵਾਰਾਂ ਤੋਂ ਸੈਂਕੜੇ ਕਿਲੋਮੀਟਰ ਦੂਰ ਡਿਬੜੂਗੜ੍ਹ ਜੇਲ੍ਹ ਵਿਚ ਕਾਲੇਪਾਣੀ ਵਰਗੀ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਨੂੰ ਪੰਜਾਬ ਦੀ ਜੇਲ੍ਹ ਤਬਦੀਲ ਕਰੇ ਅਤੇ ਉਨ੍ਹਾਂ ਦੇ ਕਾਨੂੰਨੀ ਅਤੇ ਨਿੱਜਤਾ ਦੇ ਅਧਿਕਾਰਾਂ ਦੀ ਸੁਰੱਖਿਆ ਯਕੀਨੀ ਬਣਾਵੇ ਤਾਂ ਜੋ ਸਿੱਖਾਂ ਅੰਦਰ ਜੇਲ੍ਹਾਂ ਵਿਚ ਨਜ਼ਰਬੰਦ ਸਿੱਖ ਨੌਜਵਾਨਾਂ ਨਾਲ ਦੁਰਵਿਹਾਰ ਕਾਰਨ ਪੈਦਾ ਹੋ ਰਹੇ ਰੋਸ ਤੇ ਵਿਤਕਰੇ ਦੀ ਭਾਵਨਾ ਦੂਰ ਹੋ ਸਕੇ। ਉਧਰ
‘ਜ਼ੁਰਮ ਇੰਨਾ ਨਹੀਂ ਜਿੰਨੀ ਵੱਡੀ ਸਜ਼ਾ’
ਆਸਾਮ ਦੀ ਡਿਬਰੂਗੜ੍ਹ ਜੇਲ ‘ਚ ਬੰਦ ਅੰਮ੍ਰਿਤਪਾਲ ਸਿੰਘ ਦੀ ਆਡੀਓ ‘ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਿਸੇ ਦੀ ਨਿੱਜਤਾ ‘ਤੇ ਹਮਲਾ ਕਰਨਾ ਜੇਲ੍ਹ ਪ੍ਰਸ਼ਾਸਨ ਦੀ ਅਣਮਨੁੱਖੀ ਅਤੇ ਘਿਨਾਉਣੀ ਹਰਕਤ ਹੈ। ਅੰਮ੍ਰਿਤਪਾਲ ਸਿੰਘ ਦੇ ਵਾਸ਼ਰੂਮ ਵਿੱਚ ਕੈਮਰੇ ਲਗਾਏ ਗਏ ਸਨ ਅਤੇ ਜਦੋਂ ਉਸਨੇ ਕੈਮਰੇ ਫੜੇ ਤਾਂ ਉਸਦੇ ਖਿਲਾਫ ਝੂਠਾ ਕੇਸ ਦਰਜ ਕਰ ਦਿੱਤਾ ਗਿਆ।ਜਥੇਦਾਰ ਨੇ ਕਿਹਾ ਕਿ ਜੇਕਰ ਅੰਮ੍ਰਿਤਪਾਲ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਂਦੀ ਹੈ ਤਾਂ ਇਸ ਲਈ ਜੇਲ੍ਹ ਪ੍ਰਸ਼ਾਸਨ ਦੇ ਨਾਲ-ਨਾਲ ਕੇਂਦਰ ਅਤੇ ਪੰਜਾਬ ਸਰਕਾਰ ਵੀ ਜ਼ਿੰਮੇਵਾਰ ਹੋਵੇਗੀ। ਅਮ੍ਰਿਤਪਾਲ ਨੂੰ ਪੰਜਾਬ ਦੀ ਜੇਲ ‘ਚ ਤਬਦੀਲ ਕਰਨ ਦੀ ਮੰਗ ‘ਤੇ ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਹੁਣ ਰਿਹਾਅ ਕੀਤਾ ਜਾਵੇ ਕਿਉਂਕਿ ਅੰਮ੍ਰਿਤਪਾਲ ਦਾ ਜ਼ੁਰਮ ਇੰਨਾ ਨਹੀਂ ਹੈ ਜਿੰਨੀ ਵੱਡੀ ਸਜ਼ਾ ਉਸਨੂੰ ਦੇ ਦਿੱਤੀ ਗਈ ਹੈ।