ਕੈਨੇਡਾ ਦੇ ਸਰੀ ਵਿੱਚ ਇੱਕ ਪੰਜਾਬਣ ਲੜਕੀ ਦੀ ਭੇਤਭਰੀ ਹਾਲਾਤ ’ਚ ਮੌਤ ਹੋ ਗਈ ਹੈ। ਮ੍ਰਿਤਿਕਾ ਦੀ ਪਛਾਣ ਸਿਮਰਨ ਕੌਰ ਖੱਟੜਾ ਵਜੋਂ ਹੋਈ ਹੈ, ਜੋ ਕਿ ਸਰੀ ਦੀ ਰਹਿਣ ਵਾਲੀ ਸੀ। ਮੌਤ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗਾ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਸਿਮਰਨ ਕੌਰ ਇੱਕ ਮਹੀਨਾ ਪਹਿਲਾਂ ਲਾਪਤਾ ਹੋ ਗਈ ਸੀ। ਪਰਿਵਾਰ ਮੁਤਾਬਕ ਸਿਮਰਨ ਦੀ ਲਾਸ਼ ਜ਼ਖਮੀ ਹਾਲਤ ਵਿੱਚ ਮਿਲੀ, ਜਿਸ ਦੀ ਸ਼ਨਾਖਤ ਕਰਨੀ ਬਹੁਤ ਮੁਸ਼ਕਲ ਸੀ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ 19 ਮਈ ਨੂੰ ਪੁਲਿਸ ਨੂੰ ਫ਼ਰੇਜ਼ਰ ਦਰਿਆ ਵਿੱਚੋਂ ਇੱਕ ਲਾਸ਼ ਮਿਲੀ ਸੀ, ਜਿਸ ਦੀ ਸ਼ਨਾਖਤ ਕਰਨ ਲਈ ਪੁਲਿਸ ਨੂੰ ਤਕਰੀਬਨ ਇੱਕ ਹਫ਼ਤੇ ਦਾ ਸਮਾਂ ਲੱਗ ਗਿਆ।
19 ਸਾਲਾ ਸਿਮਰਨ ਕੌਰ ਖੱਟੜਾ ਨੂੰ ਆਖ਼ਰੀ ਵਾਰ 27 ਅਪ੍ਰੈਲ ਨੂੰ ਸ਼ਾਮ 6:30 ਵਜੇ ਸਰੀ ਦੇ 88 ਐਵੇਨਿਊ ਅਤੇ 133 ਸਟਰੀਟ ਦੇ ਨਜ਼ਦੀਕ ਦੇਖਿਆ ਗਿਆ ਸੀ। ਇਸ ਤੋਂ ਬਾਅਦ ਉਸ ਦਾ ਕੋਈ ਪਤਾ ਨਹੀਂ ਲੱਗਾ। ਇਸ ਤੋਂ ਬਾਅਦ 19 ਮਈ ਨੂੰ ਪੁਲਿਸ ਨੂੰ ਫ਼ਰੇਜ਼ਰ ਦਰਿਆ ਵਿੱਚੋਂ ਸਿਮਰਨ ਦੀ ਲਾਸ਼ ਬਰਾਮਦ ਹੋਈ।
ਮ੍ਰਿਤਕਾ ਦੇ ਪਰਿਵਾਰ ਨੇ ਉਸ ਦੀ ਭਾਲ ਲਈ 10 ਹਜ਼ਾਰ ਡਾਲਰ ਦੇ ਇਨਾਮ ਦਾ ਵੀ ਐਲਾਨ ਕੀਤਾ ਸੀ। ਜਨਤਕ ਥਾਵਾਂ ’ਤੇ ਵੀ ਉਸ ਦੇ ਪੋਸਟਰ ਲਾਏ ਗਏ ਸਨ। ਪਰ ਹੁਣ ਉਸ ਦੀ ਲਾਸ਼ ਬਰਾਮਦ ਹੋ ਗਈ ਹੈ। ਫਿਲਹਾਲ ਪੁਲਿਸ CCTV ਖੰਗਾਲ ਰਹੀ ਹੈ। ਲੋਕਾਂ ਕੋਲੋਂ ਵੀ ਇਸ ਮਾਮਲੇ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਮਾਮਲਾ ਗੁੰਝਲਦਾਰ ਦੱਸਿਆ ਜਾ ਰਿਹਾ ਹੈ ਕਿਉਂਕਿ ਸਿਮਰਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਕਦੇ ਵੀ ਖੁਦਕਸ਼ੀ ਨਹੀਂ ਕਰ ਸਕਦੀ ਕਿਉਂਕਿ ਉਹ ਬਹੁਤ ਦਲੇਰ ਸੀ ਤੇ ਖੇਡਾਂ ਵਿੱਚ ਦਿਲਚਸਪੀ ਰੱਖਦੀ ਸੀ।