Punjab

ਪਟਿਆਲਾ ਜੇਲ੍ਹ ‘ਚੋਂ ਬਰਾਮਦ ਹੋਏ 19 ਮੋਬਾਈਲ ਫੋਨ

ਦ ਖ਼ਾਲਸ ਬਿਊਰੋ : ਪਟਿਆਲਾ ਕੇਂਦਰੀ ਜੇਲ੍ਹ ‘ਚ ਤਲਾਸ਼ੀ ਅਭਿਆਨ ਦੌਰਾਨ 19 ਮੋਬਾਈਲ ਫ਼ੋਨ ਬਰਾਮਦ ਹੋਏ ਹਨ। ਪੰਜਾਬ ਵਿੱਚ ਵੱਧ ਰਹੀਆਂ ਗੈਂ ਗਸਟਰਾਂ ਦੀਆਂ ਗਤੀਵੀਧਿਆਂ ਨੂੰ ਦੇਖਦੇ ਹੋਏ ਜੇਲ੍ਹ ਵਿੱਚ ਮੁਸਤੈਦੀ ਵਧਾਈ ਗਈ ਸੀ।ਜਿਸ ਦੌਰਾਨ ਲਈ ਗਈ ਤਲਾਸ਼ੀ ਵੇਲੇ ਇਹ ਸਿਮ ਬਰਾਮਦ ਹੋਏ ਹਨ।ਪੁਲਿਸ ਨੇ ਇਸ ਸੰਬੰਧ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਸਿਮ ਕਾਰਡ,ਜਿਹਨਾਂ ਦੇ ਨਾਂ ਤੇ ਜਾਰੀ ਹੋਏ ਹਨ,ਉਹਨਾਂ ਨੂੰ ਤੁਰੰਤ ਨਾਮਜ਼ਦ ਕਰਨ ਦੇ ਆਦੇਸ਼ ਦਿੱਤੇ ਨੇ। ਖਾਸ ਗੱਲ ਇਹ ਹੈ ਕਿ ਸਾਰੇ ਮੋਬਾਈਲ ਕੀਪੈਡ ਵਾਲੇ ਹਨ। ਹੁਣ ਇਨ੍ਹਾਂ ਮੋਬਾਈਲਾਂ ਦੀ ਵਰਤੋਂ ਕੌਣ ਕਰ ਰਿਹਾ ਸੀ, ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

 ਇਸ ਸਾਰੀ ਖਬਰ ਦੀ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰ ਕੇ ਪੁਸ਼ਟੀ ਕੀਤੀ ਹੈ। ਆਪਣੇ ਟਵੀਟ ਵਿੱਚ ਉਹਨਾਂ ਲਿਖਿਆ ਹੈ ਕਿ ਪਟਿਆਲਾ ਜੇਲ ‘ਚ ਸਰਚ ਆਪਰੇਸ਼ਨ ਦੌਰਾਨ 19 ਮੋਬਾਈਲ ਫ਼ੋਨ ਬਰਾਮਦ ਹੋਏ, ਜੋ ਕਿ ਕੰਧ ਅਤੇ ਫ਼ਰਸ਼ ਪੁੱਟ ਕੇ ਲੁਕਾਏ ਗਏ ਸਨ। ਉਨ੍ਹਾਂ ਕਿਹਾ ਕਿ ਕੇਂਦਰੀ ਜੇਲ੍ਹ ਪਟਿਆਲਾ ਦੇ ਅਧਿਕਾਰੀਆਂ ਅਤੇ ਸਟਾਫ਼ ਵੱਲੋਂ ਬਹੁਤ ਵਧੀਆ ਕੰਮ ਕੀਤਾ ਗਿਆ ਹੈ।

ਜੇਲ੍ਹ ਮੰਤਰੀ ਨੇ ਇਹ ਵੀ ਕਿਹਾ ਕਿ

ਅਸੀਂ ਆਪਣੀਆਂ ਜੇਲ੍ਹਾਂ ਨੂੰ ਨਸ਼ਾ ਮੁਕਤ ਅਤੇ ਮੋਬਾਈਲ ਮੁਕਤ ਬਣਾਉਣ ਲਈ ਵਚਨਬੱਧ ਹਾਂ।

ਦੱਸ ਦਈਏ ਕਿ ਪੰਜਾਬ ਦੀਆਂ ਜੇਲ੍ਹਾਂ ਵਿਚ ਕੈਦੀਆਂ ਤੇ ਹਵਾਲਾਤੀਆਂ ਕੋਲੋਂ ਮੋਬਾਇਲ ਮਿਲਣ ਦਾ ਸਿਲਸਲਾ ਲਗਾਤਾਰ ਜਾਰੀ ਹੈ। ਪੁਲਿਸ ਵੱਲੋਂ ਸਖਤੀ ਦੇ ਲੱਖ ਦਾਅਵੇ ਕੀਤੇ ਜਾਂਦੇ ਹਨ ਪਰ ਤਾਜ਼ਾ ਬਰਾਮਦਗੀ ਵੱਡੇ ਸਵਾਲ ਖੜ੍ਹੇ ਕਰਦੀ ਹੈ।

ਜੇਲ੍ਹਾਂ ਵਿਚ ਮੁਬਾਇਲ ਤੇ ਨਸ਼ਾ ਪਹੁੰਚਣ ਵਿਚ ਜੇਲ੍ਹ ਅਧਿਕਾਰੀਆਂ ਦੀ ਮਿਲੀਭੁਗਤ ਦੇ ਮਾਮਲੇ ਵੀ ਸਾਹਮਣੇ ਆਉਂਦੇ ਰਹਿੰਦੇ ਹਨ। ਅਜੇ ਬੀਤੇ ਦਿਨ ਹੀ ਫ਼ਰੀਦਕੋਟ ਪੁਲਿਸ ਨੇ ਸਥਾਨਕ ਕੇਂਦਰੀ ਮਾਡਰਨ ਜੇਲ੍ਹ ਦੇ ਸਹਾਇਕ ਸੁਪਰਡੈਂਟ ਨੂੰ 78 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਸਹਾਇਕ ਸੁਪਰਡੈਂਟ ਬੈਰਕਾਂ ਦੀ ਚੈਕਿੰਗ ਲਈ ਜਦੋਂ ਡਿਉਢੀ ਤੋਂ ਅੱਗੇ ਜਾਣ ਲੱਗਾ ਤਾਂ ਦਰਵਾਜ਼ੇ ’ਤੇ ਤਾਇਨਾਤ ਸੰਤਰੀ ਨੇ ਉਸ ਨੂੰ ਤਲਾਸ਼ੀ ਲਈ ਰੋਕ ਲਿਆ।

ਤਲਾਸ਼ੀ ਦੌਰਾਨ ਸਹਾਇਕ ਸੁਪਰਡੈਂਟ ਦੀ ਫਾਈਲ ਵਿੱਚੋਂ 78 ਗ੍ਰਾਮ ਹੈਰੋਇਨ ਬਰਾਮਦ ਹੋਈ। ਡਿਉਢੀ ’ਤੇ ਤਾਇਨਾਤ ਮੁਲਾਜ਼ਮਾਂ ਨੇ ਜੇਲ੍ਹ ਦੇ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕੀਤਾ। ਇਸ ਮਗਰੋਂ ਸਿਟੀ ਪੁਲਿਸ ਫ਼ਰੀਦਕੋਟ ਨੇ ਸਹਾਇਕ ਜੇਲ੍ਹ ਸੁਪਰਡੈਂਟ ਰਣਜੀਤ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਬਿੰਨੀ ਟਾਂਕ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।